ਅੰਮਿ੍ਰਤਪਾਲ ਸਿੰਘ ਸ਼ੈਦਾ ਦੀ ‘ਟੂਣੇਹਾਰੀ ਰੁੱਤ ਦਾ ਜਾਦੂ’ ਪੁਸਤਕ ਮਾਨਵਤਾ ਦੀ ਪ੍ਰਤੀਕ
ਉਜਗਰ ਸਿੰਘ
9 ਮਈ 2023 :
ਅੰਮਿ੍ਰਤਪਾਲ ਸਿੰਘ ਸ਼ੈਦਾ ਮਾਨਵਵਾਦੀ ਗ਼ਜ਼ਲਗੋ ਹੈ। ਉਹ ਪੰਜਾਬੀ ਅਤੇ ਉਰਦੂ ਵਿੱਚ ਗ਼ਜ਼ਲਾਂ ਲਿਖਦਾ ਹੈ। ਉਸ ਨੂੰ ਸ਼ਇਰੀ ਆਪਣੇ
ਪਿਤਾ ਮਰਹੂਮ ਗੁਰਬਖ਼ਸ਼ ਸਿੰਘ ਸ਼ੈਦਾ ਦੀ ਵਿਰਾਸਤ ਵਿੱਚੋਂ ਮਿਲੀ ਹੈ ਕਿਉਂਕਿ ਉਸ ਦਾ ਪਿਤਾ ਸੁਚੇਤ ਸ਼ਾਇਰ ਸੀ। ਉਸ ਦੀਆਂ ਗ਼ਜ਼ਲਾਂ
ਦੀਆਂ ਦੋ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸ ਨੇ ਚਾਰ ਪੁਸਤਕਾਂ ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ, ਇਕ ਗ਼ਜ਼ਲ ਸੰਗ੍ਰਹਿ ਅਤੇ ਇਕ
ਕਾਵਿ ਸੰਗ੍ਰਹਿ ਸੰਪਾਦਿਤ ਕੀਤੇ ਹਨ। ਉਹ ਦੋਹਾਂ ਭਾਸ਼ਾਵਾਂ ਦਾ ਸਮਰੱਥ ਸ਼ਾਇਰ ਹੈ। ਉਸ ਦਾ ਚਰਚਾ ਅਧੀਨ ਗ਼ਜ਼ਲ ਸੰਗ੍ਰਹਿ ‘ਟੂਣੇਹਾਰੀ
ਰੁੱਤ ਦਾ ਜਾਦੂ’ ਮਾਨਵਤਾ ਦੇ ਹਿੱਤਾਂ ‘ਤੇ ਪਹਿਰਾ ਦੇ ਰਿਹਾ ਹੈ। ਉਹ ਆਪਣੀਆਂ ਗ਼ਜ਼ਲਾਂ ਵਿੱਚ ਕਾਬਲੇ ਤਾਰੀਫ਼ ਢੁਕਵੇਂ ਬਿੰਬ, ਪ੍ਰਤੀਕ ਅਤੇ
ਅਲੰਕਾਰ ਵਰਤਦਾ ਹੈ। ਸ਼ਬਦਾਂ, ਬਿੰਬਾਂ ਅਤੇ ਅਲੰਕਾਰਾਂ ਦੀ ਚੋਣ ਸਮੇਂ, ਸਥਾਨ ਅਤੇ ਭਾਵਨਾਵਾਂ ਨਾਲ ਮੇਲ ਖਾਂਦੀ ਹੈ। ਸ਼ਾਇਰੀ ਸ਼ਾਇਰ
ਦੇ ਲੋਕਾਈ ਦੇ ਦਰਦ ਮਹਿਸੂਸ ਕਰਨ ਦਾ ਪ੍ਰਗਟਾਵਾ ਹੁੰਦੀ ਹੈ। ਉਸ ਦੀਆਂ ਗ਼ਜ਼ਲਾਂ ਸਹਿਜਤਾ ਅਤੇ ਸੰਵੇਦਨਾ ਦਾ ਸੁਮੇਲ ਹਨ। ਸ਼ਾਇਰ
ਦੀਆਂ ਗ਼ਜ਼ਲਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਸਮਾਜ ਪ੍ਰਤੀ ਸੰਵੇਦਸ਼ੀਲ ਅਤੇ ਚੇਤੰਨ ਹੈ। ਉਸ ਦੀ ਵਿਚਾਰਧਾਰਾ ਵੀ ਉਸਾਰੂ
ਅਤੇ ਆਸ਼ਾਵਾਦੀ ਹੈ। ਅੰਮਿ੍ਰਤਪਾਲ ਸਿੰਘ ਸ਼ੈਦਾ ਦੀਆਂ ਗ਼ਜ਼ਲਾਂ ਦੀ ਸੁਰ ਜਦੋਜਹਿਦ ਅਤੇ ਸ਼ੰਘਰਸ਼ ਵਾਲੀ ਹੈ। ਉਸ ਦੀਆਂ ਗ਼ਜ਼ਲਾਂ ਦੇ
ਬਹੁਤੇ ਸ਼ਿਅਰ ਸਿੰਬਾਲਿਕ ਹੁੰਦੇ ਹਨ।
ਇਸ ਲਈ ਉਸ ਦੀਆਂ ਗ਼ਜ਼ਲਾਂ ਨੂੰ ਸੁਚੇਤ ਦਿਮਾਗ ਹੀ ਸਮਝਣ ਦੇ ਸਮਰੱਥ ਹੁੰਦਾ ਹੈ। ਉਸ ਨੂੰ
ਮਾਨਵਵਾਦੀ ਸਰੋਕਾਰਾਂ ਦਾ ਸ਼ਾਇਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਦੀਆਂ ਗ਼ਜ਼ਲਾਂ ਮਾਨਵਤਾ ਦੀ ਬਿਹਤਰੀ ਦੀ ਕਾਮਨਾ
ਕਰਦੀਆਂ ਹਨ। ਸ਼ਇਰ ਲੋਕ ਪੱਖੀ ਅਤੇ ਹੱਕ ਸੱਚ ਦਾ ਮੁੱਦਈ ਹੈ। ਉਸ ਦੀ ਸ਼ਾਇਰੀ ਜ਼ਮੀਨੀ ਹਕੀਕਤਾਂ ਨਾਲ ਜੁੜੀ ਹੋਈ ਹੈ। ਉਸ ਦੀਆਂ
ਗ਼ਜ਼ਲਾਂ ਮਿਹਨਤਕਸ਼ਾਂ ਦੀ ਮਿਹਨਤ ਦਾ ਮੁੱਲ ਪਾਉਂਦੀਆਂ ਹਨ। ਉਹ ਸਾਡੇ ਸਮਾਜ ਵਿੱਚ ਆਰਥਿਕ ਕਾਣੀ ਵੰਡ ਦਾ ਪਰਦਾ ਫਾਸ਼ ਕਰਦਾ
ਹੋਇਆ ਹਓਮੈ, ਪਾਖੰਡ, ਧੋਖਾ ਅਤੇ ਫ਼ਰੇਬ ਦੇ ਵਿਰੁੱਧ ਆਵਾਜ਼ ਉਠਾਉਂਦਾ ਮਿਹਨਤਕਸ਼ਾਂ ਨੂੰ ਇਕਮੁੱਠ ਹੋਣ ਦੀ ਤਾਕੀਦ ਵੀ ਕਰਦਾ ਹੈ।
ਆਧੁਨਿਕਤਾ ਦੀ ਆੜ ਵਿੱਚ ਪੱਛਵੀਂ ਪ੍ਰਭਾਵ ਨਾਲ ਸਾਡੇ ਸਭਿਆਚਾਰ ਵਿੱਚ ਆ ਰਹੀ ਗਿਰਾਵਟ ਤੇ ਵੀ ਚਿੰਤਾ ਜ਼ਾਹਰ ਕਰਦਾ ਹੈ।
ਮੰਡੀਕਰਨ ਦੇ ਬੁਰੇ ਪ੍ਰਭਾਵ ਦਾ ਜ਼ਿਕਰ ਕਰਦਾ ਹੋਇਆ ਉਸ ਦਾ ਮੁਕਾਬਲਾ ਕਰਨ ਦੀ ਪ੍ਰੇਰਨਾ ਕਰਦਾ ਹੈ। ਸ਼ਾਇਰ ਸਰਬ ਸਾਂਝੀਵਾਲਤਾ,
ਇਨਸਾਨੀਅਤ ਅਤੇ ਸਰਬੱਤ ਦੇ ਭਲੇ ਦਾ ਮੁੱਦਈ ਹੈ। ਉਸ ਦੀਆਂ ਗ਼ਜ਼ਲਾਂ ਕਾਫ਼ੀਏ ਦੀ ਪਾਬੰਦੀ ਵਿੱਚ ਯਕੀਨ ਰੱਖਦੀਆਂ ਹਨ ਪ੍ਰੰਤੂ ਬਹੁਤੀ
ਕੱਟੜਤਾ ਦੀਆਂ ਮੁਦਈ ਵੀ ਨਹੀਂ ਹਨ। ਉਹ ਇਨਸਾਨ ਨੂੰ ਸਲਾਹ ਦਿੰਦਾ ਹੈ ਕਿ ਜੇਕਰ ਉਹ ਸਮਾਜ ਦੇ ਦੁੱਖ-ਸੁੱਖ ਵਿੱਚ ਸਾਥ ਦੇਵੇਗਾ ਤਾਂ
ਹੀ ਉਸ ਦਾ ਵਿਅਕਤਿਤਵ ਲੋਕਾਈ ਦੇ ਹਿਤਾਂ ਲਈ ਸੋਚ ਸਕੇਗਾ-
ਸ਼ੈਦਾ ਸਰਬੱਤ ਦੇ ਦੁੱਖ-ਸੁੱਖ ਨੂੰ ਜੇ ਪ੍ਰਣਾਈ ਰਹਿੰਦੀ ਹੈ,
ਜ਼ਮੀਨ ਤਾਹੀਉਂ ਰਹਿੰਦੀ ਪਾਕਿ-ਪਵਿੱਤਰ ਚਿੰਤ ਦੀ ਜ਼ਰਖ਼ੇਜ਼ ਜ਼ਮੀਨ।
ਅੰਮਿ੍ਰਤਪਾਲ ਸਿੰਘ ਸ਼ੈਦਾ ਲੋਕਾਈ ਦੇ ਦਰਦ ਨੂੰ ਬੜੀ ਬਾਰੀਕੀ ਨਾਲ ਮਹਿਸੂਸ ਕਰਦਾ ਹੈ, ਜਦੋਂ ਉਹ ਸਮਾਜਿਕ ਤਾਣੇ ਬਾਣੇ ਨੂੰ ਕਹਿੰਦਾ
ਹੈ ਕਿ ਹੱਕ ਤੇ ਸੱਚ ਸਿਰਫ਼ ਤਾਂ ਹੀ ਬਚ ਸਕਦਾ ਹੈ ਜੇਕਰ ਤੁਸੀਂ ਇਕਮਤ ਹੋ ਕੇ ਸਚਾਈ ਤੇ ਪਹਿਰਾ ਦਿਓਗੇ-
ਕਿਲ੍ਹਾ ਮਹਿਫ਼ੂਜ਼ ਰਹਿੰਦਾ ਹੈ ਹਮੇਸ਼ਾ ਹੱਕ ਤੇ ਸੱਚ ਦਾ,
ਦੁਆਲੇ ਕਰ ਦਿਓ ਜੇਕਰ ਸਿਰਾਂ ਦੀ ਚਾਰ ਦੀਵਾਰੀ।
ਹੁਕਮਰਾਨ ਸਿਆਸਤਦਾਨਾ ਦੀਆਂ ਟੋਲੀਆਂ ਵੱਲੋਂ ਦੇਸ਼ ਵਾਸੀਆਂ ਨੂੰ ਲੁੱਟੇ, ਕੁੱਟੇ ਅਤੇ ਮਸਲੇ ਜਾਣ ਦਾ ਦੁੱਖ ਸ਼ਾਇਰ ਦੀਆਂ ਗ਼ਜ਼ਲਾਂ ਦਾ
ਸ਼ਿੰਗਾਰ ਬਣਦਾ ਹੈ। ਉਹ ਸਮਾਜਿਕ ਬਾਗਾਂ ਦੇ ਮਾਲੀ ਬਣਕੇ ਬਾਗਾਂ ਨੂੰ ਉਜਾੜਨ ਵਾਲੇ ਸਮਝਦਾ ਹੋਇਆ ਉਹ ਲਿਖਦਾ ਹੈ-
ਬਾਗ ‘ਚ ਹਵਸ ਫਿਰੇ ਆਵਾਰਾ, ਮਾਲੀ ਲਾਪ੍ਰਵਾਹ ਦਿਸਦੈ,
ਕਲੀਆਂ, ਫੁੱਲਾਂ ਚਿੰਦ-ਪਰਿੰਦਾਂ, ਸਭ ਦਾ ਘੁਟਿਆ ਸਾਹ ਦਿਸਦੈ।
ਸਿਆਸਤਦਾਨਾਂ ਦੀਆਂ ਆਪਹੁਦਰੀਆਂ ਅਤੇ ਲੋਕ ਵਿਰੋਧੀ ਕਾਰਵਾਈਆਂ ਬਾਰੇ ਉਸ ਦੀਆਂ ਗ਼ਜ਼ਲਾਂ ਅਜਿਹੇ ਤੁਣਕੇ ਮਾਰਦੀਆਂ ਹੋਈਆਂ
ਕੁਰੇਦਦੀਆਂ ਹਨ, ਜਿਨ੍ਹਾਂ ਦੀ ਤੇਜ ਕਟਾਰ ਪਾਠਕਾਂ ਨੂੰ ਜਾਗ੍ਰਤ ਕਰਨ ਦਾ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਸ਼ਾਇਰ ਦੀ
ਪੁਸਤਕ ਦੇ ਸਿਰਲੇਖ ‘ਟੂਣੇਹਾਰੀ ਰੁੱਤ ਦਾ ਜਾਦੂ’ ਵਾਲਾ ਸ਼ਿਅਰ ਸ਼ਾਇਰ ਦੀ ਫ਼ਰੇਬੀ ਅਤੇ ਭਰਿਸ਼ਟ ਸਿਆਸਤਦਾਨਾ ਤੋਂ ਖਹਿੜਾ ਛੁਡਾਉਣ
ਦੀ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ। ਸਿਆਸਤਦਾਨਾਂ ਨੂੰ ਜਾਦੂਗਰ ਦਾ ਖਿਤਾਬ ਦਿੰਦਾ ਹੋਇਆ ਕਹਿੰਦਾ ਹੈ-
ਟੂਣੇਹਾਰੀ ਰੁੱਤ ਦਾ ਜਾਦੂ ਕਦ ਟੁੱਟੇਗਾ, ਸੋਚ ਰਿਹਾਂ
ਜਾਦੂਗਰ ਦੀ ਉਮਰ ਦਾ ਸੂਰਜ ਕਦ ਡੁੱਬੇਗਾ, ਸੋਚ ਰਿਹਾਂ।
ਗ਼ਰੀਬਾਂ ਦੀ ਤ੍ਰਾਸਦੀ ਸ਼ਾਇਰ ਦੀ ਮਾਨਸਿਕਤਾ ਨੂੰ ਚਿੰਤਾਵਾਂ ਵਿੱਚ ਪਾਉਂਦੀ ਰਹਿੰਦੀ ਹੈ। ਉਹ ਗ਼ਰੀਬਾਂ ਦੀ ਗ਼ਰੀਬੀ ਤੋਂ ਨਿਜਾਤ ਪਾਉਣ ਦੇ
ਉਪਰਾਲੇ ਕਰਨ ‘ਤੇ ਜ਼ੋਰ ਦਿੰਦਾ ਹੈ। ਰਿਸ਼ਤੇ ਨਾਤੇ ਸਭ ਗਰਜ਼ਾਂ ਦੇ ਹੋ ਗਏ ਹਨ। ਇਨਸਾਨ ਇਛਾਵਾਂ ਦੀ ਪੂਰਤੀ ਦੇ ਮਕੜਜਾਲ ਵਿੱਚ
ਫਸਿਆ ਰਹਿੰਦਾ ਹੈ। ਪਰਿਵਾਰਾਂ ਵਿੱਚ ਮੋਹ ਖ਼ਤਮ ਹੁੰਦਾ ਜਾ ਰਿਹਾ ਹੈ। ਆਪਣੀ ਪਛਾਣ ਬਣਾਉਣ ਲਈ ਵੀ ਉਦਮ ਕਰਨੇ ਪੈਂਦੇ ਹਨ।
ਅੰਮਿ੍ਰਤਪਾਲ ਸਿੰਘ ਸ਼ੈਦਾ ਬਹੁਤ ਚੇਤੰਨ, ਸੰਜੀਦਾ ਅਤੇ ਸੂਖਮ ਭਾਵਨਾਵਾਂ ਵਾਲਾ ਸ਼ਇਰ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਅਨੇਕਾਂ ਅਜਿਹੇ
ਭਖਦੇ ਮਸਲਿਆਂ ਨੂੰ ਛੋਹਿਆ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਰ ਨੂੰ ਸਮਾਜ ਵਿੱਚ ਆਇਆ ਨਿਘਾਰ ਘਿਨੌਣਾ ਕਾਰਜ
ਲੱਗਦਾ ਹੈ। ਇਸ ਲਈ ਉਸ ਨੇ ਆਪਣੀਆਂ ਗ਼ਜ਼ਲਾਂ ਵਿੱਚ ਸਮਾਜ ਵਿੱਚ ਵਾਪਰ ਰਹੀਆਂ ਅਣਹੋਣੀਆਂ ਘਟਨਾਵਾਂ ਨੂੰ ਵਿਸ਼ੇ ਬਣਾਕੇ ਸ਼ਿਅਰ
ਲਿਖੇ ਹਨ, ਜਿਹੜੇ ਮਾਨਵਤਾ ਦੀ ਮਾਨਸਿਕਤਾ ਨੂੰ ਝੰਜੋੜਦੇ ਹਨ। ਸ਼ਾਇਰ ਸਾਡੇ ਸਭਿਆਚਾਰ ਵਿੱਚ ਆਈ ਗਿਰਾਵਟ, ਸਾਂਝੇ ਪਰਿਵਾਰਾਂ
ਦਾ ਟੁੱਟਣਾ, ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੇ ਬੋਲਬਾਲੇ, ਪਦਾਰਥਵਾਦੀ ਸੋਚ, ਸਮਾਜਿਕ ਵਿਤਕਰੇ, ਵਿਚਾਰਾਂ ਵਿੱਚ ਗੰਧਲਾਪਣ,
ਪਸ਼ੂ ਬਿਰਤੀ, ਮੋਬਾਈਲਾਂ ਦੀ ਭਰਮਾਰ ਅਤੇ ਮੰਦਭਾਗੀ ਸੋਚ ਸ਼ਕਤੀ ਸੰਬੰਧੀ ਸ਼ਿਅਰ ਲਿਖਕੇ ਲੋਕਾਈ ਨੂੰ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ
ਹੈ।
ਇਨਸਾਨ ਇਹ ਨਹੀਂ ਸੋਚਦਾ ਇਨ੍ਹਾਂ ਸਾਰੀਆਂ ਬੁਰਾਈਆਂ ਨੂੰ ਦੂਰ ਕਰਨ ਦੀ ਸ਼ਕਤੀ ਉਸਦੇ ਅੰਦਰ ਹੀ ਬਿਰਾਜਮਾਨ ਹੈ। ਉਸ ਸ਼ਕਤੀ
ਦੀ ਵਰਤੋਂ ਕਰਕੇ ਸਮਾਜ ਵਿੱਚ ਅਮਨ ਅਮਾਨ ਅਤੇ ਸ਼ਾਂਤਮਈ ਵਾਤਵਰਨ ਪੈਦਾ ਕਰਕੇ ਆਪਣਾ ਜੀਵਨ ਖ਼ੁਸ਼ਹਾਲ ਬਣਾਇਆ ਜਾਵੇ।
ਸ਼ਾਇਰ ਨੇ ਆਪਣੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਆਪਣੀ ਵਿਚਾਰਧਾਰਾ ਦੀ ਤਸਵੀਰ ਖਿੱਚ ਕੇ ਰੱਖ ਦਿੱਤੀ ਹੈ। ਉਸ ਨੇ ਲਿਖਿਆ ਹੈ ਕਿ
ਆਧੁਨਿਕ ਜ਼ਮਾਨੇ ਨੂੰ ਸਹੀ ਅਰਥਾਂ ਵਿੱਚ ਆਧੁਨਿਕ ਕਿਵੇਂ ਬਣਾਇਆ ਜਾ ਸਕਦਾ ਹੈ। ਅੱਜ ਹਰ ਔਰਤ ਵਿੱਚ ਡਰ ਦੀ ਭਾਵਨਾ ਪੈਦਾ ਹੋਈ
ਪਈ ਹੈ। ਇਨਸਾਨ ਡਿਗਰੀਆਂ ਨਾਲ ਸਿਆਣਾ ਨਹੀਂ ਬਣਦਾ, ਵਿਚਾਰਧਾਰਾ ਨਾਲ ਸਿਆਣਾ ਹੁੰਦਾ ਹੈ। ਸਮਾਜ ਵਿੱਚ ਬੁਰਿਆਈ ਮੋਹਰੀ
ਹੈ, ਚੰਗਿਆਈ ਕੋਈ ਕਰਨ ਨੂੰ ਤਿਆਰ ਨਹੀਂ। ਵਾਤਹਵਰਨ ਦੂਸ਼ਤ ਹੋ ਰਿਹਾ ਹੈ, ਮਜ਼ਲੂਮਾ ਦੀ ਕੋਈ ਮਦਦ ਨਹੀਂ ਕਰਦਾ, ਫ਼ਰਜ਼ਾਂ ਤੇ
ਪਹਿਰਾ ਨਹੀਂ, ਹੱਕਾਂ ਦੀ ਮੰਗ ਜ਼ੋਰਾਂ ‘ਤੇ ਹੈ। ਹਓਮੈ ਹਮੇਸ਼ਾ ਨੁਕਸਾਨ ਕਰਦੀ ਹੈ, ਪਰਮਾਤਮਾ ਸਭ ਨੂੰ ਬਰਾਬਰ ਰੱਖਦਾ ਹੈ ਪ੍ਰੰਤੂ ਅਕਲਾਂ
ਵਾਲੇ ਸਫਲ ਹੁੰਦੇ ਹਨ। ਪਰਿਵਾਰਾਂ ਵਿੱਚੋਂ ਪਿਆਰ, ਰਿਸ਼ਤੇ ਨਾਤੇ ਅਤੇ ਕਦਰਾਂ ਕੀਮਤਾਂ ਪਰ ਲਾ ਕੇ ਉਡ ਗਈਆਂ ਹਨ ਪ੍ਰੰਤੂ ਡਿਸਕੋ ਬਾਰਾਂ
ਵਿੱਚ ਪਿਆਰ ਦੇ ਗੀਤ ਗਾਏ ਜਾ ਰਹੇ ਹਨ। ਸਾਡਾ ਸਮਾਜ ਕਿਧਰ ਨੂੰ ਤੁਰ ਪਿਆ ਹੈ। ਗਰਜਾਂ ਖਾਤਰ ਫ਼ਰਜ਼ਾਂ ਨੂੰ ਤਿਲਾਂਜ਼ਲੀ ਦੇ ਦਿੰਦੇ ਹਾਂ।
ਬੇਚੈਨੀ ਭਾਰੂ ਹੈ, ਭੁੱਖਾਂ, ਤ੍ਰੇਹਾਂ, ਲੁੱਟਾਂ ਖੋਹਾਂ ਦਾ ਬੋਲਬਾਲਾ ਹੈ। ਹਰ ਰੋਜ਼ ਅਖ਼ਬਾਰਾਂ ਦੀਆਂ ਖ਼ਬਰਾਂ ਫਿਰਕੂਆਂ ਦੀਆਂ ਕਾਰਵਾਈਆਂ ਕਰਕੇ
ਖ਼ੂਨ ਨਾਲ ਲਿਬੜੀਆਂ ਖ਼ਬਰਾਂ ਦਿੰਦੀਆਂ ਹਨ। ਗ਼ਰੀਬੀ ਤੇ ਅਮੀਰੀ ਦਾ ਪਾੜਾ ਵੱਧ ਰਿਹਾ ਹੈ। ਅੰਮਿ੍ਰਤਪਾਲ ਸਿੰਘ ਸ਼ੈਦਾ ਅਜਿਹੇ
ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਾ ਹੈ।
ਕੁਦਰਤ ਦੇ ਕਾਦਰ ਦੀ ਕਦਰ ਨਹੀਂ ਹੋ ਰਹੀ। ਮਾਨਵਤਾ ਦੇ ਭਲੇ ਲਈ ਸਾਦਗੀ, ਨੈਤਿਕਤਾ ਅਤੇ
ਬੌਧਿਕਤਾ ਦਾ ਨਵ ਨਿਰਮਾਣ ਜ਼ਰੂਰੀ ਹੈ। ਸ਼ਾਇਰ ਅਨੁਸਾਰ ਹਾਕਮ ਆਪ ਹੁਦਰੇ ਹੋ ਗਏ ਹਨ, ਉਨ੍ਹਾਂ ਨੂੰ ਸਮਝਾਉਣਾ ਜ਼ਰੂਰੀ ਹੈ, ਜੇ ਨਾ
ਸਮਝਣ ਤਾਂ ਉਨ੍ਹਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਨਸਾਨ ਨੂੰ ਆਪਣੀ ਅਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ
ਸਾਡੇ ਅੰਦਰ ਹੀ ਸਭ ਕੁਝ ਹੈ। ਜੀਵਨ ਬਚਾਉਣ ਦੀ ਭੀਖ ਨਹੀਂ ਮੰਗਣੀ ਸਗੋਂ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਦੀ ਲੋੜ ਹੈ।
ਸ਼ਾਇਰ ਲੋਕਾਈ ਨੂੰ ਸਲਾਹ ਦਿੰਦਾ ਹੈ ਨਫਰਤ ਦੇ ਬੀਜ ਨਾ ਬੀਜੋ, ਏਥੇ ਹੀ ਸਵਰਗ ਬਣਾਓ, ਸਵਰਗ ਵਿੱਚ ਜਾਣ ਦੀ ਇੱਛਾ ਨਾ ਰੱਖੋ।
ਬਹੁਤੀਆਂ ਸੱਧਰਾਂ ਨਾ ਰੱਖੋ ਸਗੋਂ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਆਪਣੇ ਕਿਰਦਾਰ ਬਣਾਓ। ਪੱਛਵੀਂ ਖਾਣੇ ਸਿਹਤ ਲਈ
ਹਾਨੀਕਾਰਕ ਹਨ। ਸ਼ਾਇਰ ਉਰਦੂ ਅਤੇ ਪੰਜਾਬੀ ਦਾ ਮਾਹਿਰ ਹੋਣ ਕਰਕੇ ਉਸ ਦੀਆਂ ਗ਼ਜ਼ਲਾਂ ਵਿੱਚ ਫਾਰਸੀ ਸ਼ਬਦਾਂ ਦੀ ਵੀ ਵਰਤੋਂ ਕੀਤੀ
ਗਈ ਹੈ। ਭਵਿਖ ਵਿੱਚ ਅੰਮਿ੍ਰਤਪਾਲ ਸਿੰਘ ਸ਼ੈਦਾ ਤੋਂ ਹੋਰ ਵਧੀਆਂ ਗ਼ਜ਼ਲ ਸੰਗ੍ਰਹਿ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
104 ਪੰਨਿਆਂ, 250 ਰੁਪਏ ਕੀਮਤ, ਸੰਦਰ ਦਿਖ ਵਾਲਾ ਇਹ ਗ਼ਜ਼ਲ ਸੰਗ੍ਰਹਿ ਜੌਹਰਾ ਪਬਲੀਕੇਸ਼ਨ ਪਟਿਆਲਾ, (ਪੰਜਾਬ) ਨੇ ਪ੍ਰਕਾਸ਼ਤ
ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com