ਬਦੇਸ਼ਾਂ ਵਿੱਚ ਵੱਸਦੇ ਪੰਜਾਬੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਤਨ ਮਨ ਧਨ ਕੁਰਬਾਨ ਕਰਨ ਲਈ ਤਿਆਰ- ਡਾ. ਇਕਵਿੰਦਰ ਸਿੰਘ ਗਿੱਲ
ਲੁਧਿਆਣਾਃ 10ਅਕਤੂਬਰ 2024 - ਕੈਲੇਫੋਰਨੀਆ(ਅਮਰੀਕਾ) ਵੱਸਦੇ ਸਰਗਰਮ ਸਮਾਜਿਕ ਆਗੂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਐੱਨ ਆਰ ਆਈ ਕਮਿਸ਼ਨ ਦੇ ਆਨਰੇਰੀ ਮੈਂਬਰ ਡਾ. ਇਕਵਿੰਦਰ ਸਿੰਘ ਗਿੱਲ ਨੇ ਅੱਜ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਬਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀ ਆਪਣੇ ਸੂਬੇ ਪੰਜਾਬ ਲਈ ਤਨ ਮਨ ਧਨ ਕੁਰਬਾਨ ਕਰਨ ਲਈ ਤਿਆਰ ਹਨ ਪਰ ਇਸ ਲਈ ਇਥੋਂ ਦੀਆਂ ਸਮਾਜਿਕ, ਸਿੱਖਿਆ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਸਮਾਂਬੱਧ ਯੋਜਨਾ ਤਿਆਰ ਕਰਕੇ ਆਪਣੇ ਸੰਰਕ ਸੂਤਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਕਾਰਜ ਦੇ ਆਰੰਭ ਵਜੋਂ ਉਹ ਅਤੇ ਉਨ੍ਹਾਂ ਦੇ ਸੀਨੀਅਰ ਤੇ ਜੂਨੀਅਰ ਪਰਵਾਸੀ ਵੀਰ ਆਪਣੇ ਜੱਦੀ ਪਿੰਡ ਚੂਹੜਚੱਕ ( ਮੋਗਾ) ਤੋਂ ਵਿਕਾਸ ਕਾਰਜ ਆਰੰਭ ਕਰ ਚੁਕੇ ਹਨ।
ਪਿੰਡ ਦੇ ਸਰਬਪੱਖੀ ਵਿਕਾਸ ਲਈ ਪਿੰਡ ਚੂਹੜਚੱਕ ਦੇ ਨਾਸਾ ਸਥਿਤ ਵਿਗਿਆਨੀ ਡਾ. ਸੁਰਿੰਦਰਪਾਲ ਸ਼ਰਮਾ ਪਿਛਲੇ ਇੱਕ ਸਾਲ ਤੋਂ ਪਿੰਡ ਵਿੱਚ ਰਹਿ ਕੇ ਵਿਕਾਸ ਕਾਰਜ ਕਰਵਾ ਰਹੇ ਹਨ। ਡਾ. ਇਕਵਿੰਦਰ ਸਿੰਘ ਗਿੱਲ ਵੀ ਕੁਝ ਨਵੇਂ ਪ੍ਰਾਜੈਕਟ ਉਲੀਕ ਰਹੇ ਹਨ ਜਿਸ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਮੁਕਤੀ ਹਾਸਲ ਕਰਨਾ ਹੈ। ਡਾ਼ ਗਿੱਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਥਿਤ ਵੈਟਰਨਰੀ ਕਾਲਿਜ ਵਿੱਚੋਂ ਸਾਲ 1983 ਦੇ ਗਰੈਜੂਏਟ ਹਨ। ਪਿਛਲੇ ਲੰਮੇ ਸਮੇਂ ਤੋ ਉਹ ਹੇਵਡ(ਕੈਲੀਫੋਰਨੀਆ) ਵਿੱਚ ਵੈਟਰਨਰੀ ਸੇਵਾਵਾਂ ਦੇ ਰਹੇ ਹਨ।
ਡਾ. ਗਿੱਲ ਦਾ ਸੁਆਗਤ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ੀ ਧਰਤੀਆਂ ਤੇ ਵੱਸਦੇ ਪੰਜਾਬੀਆਂ ਨੂੰ ਉਪਜੀਵਕਾ ਕਮਾਉਣ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਬਾਰੇ ਵੀ ਕੰਮ ਕਰਨ ਦੀ ਲੋੜ ਹੈ ਤਾਂ ਜੋ ਸਰਬੱਤ ਦਾ ਭਲਾ ਮੰਗਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੀਕ ਪਹੁੰਚਾਇਆ ਜਾ ਸਕੇ। ਇਸ ਕਾਰਜ ਨੂੰ ਆਪੋ ਆਪਣੇ ਘਰਾਂ ਤੋਂ ਸ਼ੁਰੂ ਕਰਕੇ ਸਾਂਝੇ ਸੰਸਥਾਗਤ ਢਾਂਚੇ ਤੀਰ ਪੁੱਜਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਕੁਝ ਨਿਜੀ ਸੰਸਥਾਵਾਂ ਵੀ ਔਨਲਾਈਨ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਪਸਾਰ ਲਈ ਪੜ੍ਹਾਉਂਦੀਆਂ ਹਨ। ਉਨ੍ਹਾਂ ਨਾਲ ਵੀ ਜੁੜਨ ਦੀ ਲੋੜ ਹੈ। ਡਾ. ਇਕਵਿੰਦਰ ਸਿੰਘ ਗਿੱਲ ਨੂੰ ਇਸ ਮੌਕੇ ਪੁਸਤਕਾ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਇਕਵਿੰਦਰ ਸਿੰਘ ਗਿੱਲ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਚੋਣਵੇਂ ਵਿਦਿਆਰਥੀਆਂ ਨਾਲ 14 ਅਕਤੂਬਰ ਨੂੰ ਵਿਚਾਰ ਵਟਾਦਰਾ ਕਰਨਗੇ।