“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਪੁਸਤਕ ਦਾ ਵਿਸ਼ਵ ਵਿਆਪੀ ਪਸਾਰ ਕਰਾਂਗੇ - ਬਿੱਲਾ ਸੰਧੂ
ਲੁਧਿਆਣਾਃ 30 ਅਗਸਤ 2024 - ਸਾਂਝਾ ਟੀ ਵੀ ਚੈਨਲ ਸਰੀ (ਕੈਨੇਡਾ) ਦੇ ਸੰਸਥਾਪਕ ਤੇ ਮੁੱਖ ਅਧਿਕਾਰੀ ਸ. ਸੁਖਵਿੰਦਰ ਸਿੰਘ “ਬਿੱਲਾ ਸੰਧੂ” ਨੇ ਰਕਬਾ(ਲੁਧਿਆਣਾ) ਸਥਿਤ ਬਾਬਾ ਬੰਦਾ ਸਿੰਘ ਭਵਨ ਅੰਦਰ ਬਣੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿੱਚਸੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੇ ਚਿਤਰਾਂ ਸਮੇਤ ਉੱਘੇ ਸਿੱਖ ਚਿੰਤਕ ਡਾ. ਅਨੁਰਾਗ ਸਿੰਘ ਵੇਲੋਂ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਵਿੱਚ ਛਪੀ ਸਚਿੱਤਰ ਪੁਸਤਕ “ਇਲਾਹੀ ਗਿਆਨ ਦਾ ਸਾਗਰ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਛਾਪੀ ਤੇ ਡਾ. ਅਨੁਰਾਗ ਸਿੰਘ ਵੱਲੋਂ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿੱਚ ਲਿਖੀ ਪੁਸਤਕ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ ਦੀ ਸਚਿੱਤਰ ਕਾਪੀ ਹਾਸਲ ਕਰਕੇ ਕਿਹਾ ਹੈ ਕਿ ਆਪਣੇ ਚੈਨਲ ਵੱਲੋਂ ਉਹ ਅਮਰੀਕਾ ਤੇ ਕੈਨੇਡਾ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸਾਰੇ ਬਾਣੀਕਾਰਾਂ ਬਾਰੇ ਦਸਤਾਵੇਜ਼ੀ ਫ਼ਿਲਮਾਂ ਬਣਾ ਕੇ ਇਸ ਦਾ ਗਿਆਨ ਪੂਰੇ ਵਿਸ਼ਵ ਵਿੱਚ ਪਸਾਰਨਗੇ। ਇਸ ਗਿਆਨ ਸਾਗਰ ਦੀ ਮਹੱਤਤਾ ਜਗਤ ਜਲੰਦੇ ਲਈ ਅੱਜ ਬੇਹੱਦ ਜ਼ਰੂਰੀ ਹੈ।
ਬਿੱਲਾ ਸੰਧੂ ਨੇ ਕਿਹਾ ਕਿ ਸਰੀ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਸਥਾਪਿਤ “ਖਾਲਸਾ ਲਾਇਬਰੇਰੀ “ ਵਿੱਚ ਇਹ ਦੋਵੇਂ ਪੁਸਤਕਾਂ ਪਾਠਕਾਂ ਲਈ ਰੱਖੀਆਂ ਜਾਣਗੀਆਂ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਮੁੱਖ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਬਿੱਲਾ ਸੰਧੂ ਨੂੰ ਇਹ ਪੁਸਤਕ ਤੇ “ਅੱਖਰ ਅੱਖਰ”(ਗੁਰਭਜਨ ਗਿੱਲ ਦੀ ਸਮੁੱਚੀ ਗ਼ਜ਼ਲ ਰਚਨਾ) ਸ਼ਹੀਦ ਭਗਤ ਸਿੰਘ ਨਗਰ ਵਿਖੇ ਬਿੱਲਾ ਸੰਧੂ ਦੀ ਲੁਧਿਆਣਾ ਫੇਰੀ ਦੌਰਾਨ ਭੇਂਟ ਕੀਤੀਆਂ।
ਪੁਸਤਕ ਬਾਰੇ ਜਾਣਕਾਰੀ ਦੇਂਦਿਆਂ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿੱਚ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਸਾਰੇ ਬਾਣੀਕਾਰਾਂ ਦੇ ਆਰ ਐੱਮ ਸਿੰਘ ਵੱਲੋਂ ਬਣਾਏ ਮੌਲਿਕ ਚਿਤਰ ਸ਼ਾਮਿਲ ਹਨ। ਇਸ ਪੱਸਤਕ ਦਾ ਦੇਸ਼ ਬਦੇਸ਼ ਵਿੱਚ ਪਰਸਾਰ ਸੰਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੀ ਬਾਣੀ ਦਾ ਅਸਲ ਸੰਦੇਸ਼ ਸਮੂਹ ਮਾਨਵਤਾ ਲਈ ਸਾਰਥਿਕ ਹੈ ਪਰ ਅਸੀਂ ਅਜੇ ਇਸ ਦੇ ਸੰਦੇਸ਼ ਰੂਰੇ ਸਿੱਖ ਜਗਤ ਵਿੱਚ ਵੀ ਨਹੀਂ ਪਸਾਰ ਸਕੇ। ਇਸ ਸ਼ੁਭ ਕਾਰਜ ਵਿੱਚ ਸਭ ਨੂੰ ਅੱਗੇ ਆਉਣ ਦੀ ਲੋੜ ਹੈ।
ਇਸ ਮੌਕੇ ਬੋਲਦਿਆਂ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਮੇਰੇ ਜੱਦੀ ਪਿੰਡ ਰਕਬਾ(ਨੇੜੇ ਮੁੱਲਾਂਪੁਰ ਦਾਖਾ) ਜ਼ਿਲ੍ਹਾ ਲੁਧਿਆਣਾ ਵਿੱਚ ਸਥਾਪਤ ਬੰਦਾ ਸਿੰਘ ਬਹਾਦਰ ਭਵਨ ਸਥਿਤ ਸ਼ਬਦ ਪ੍ਰਕਾਸ਼ ਅਜਾਇਬ ਘਰ ਤੇ ਆਧਾਰਿਤ ਇਸ ਪੁਸਤਕ ਰਾਹੀਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਕੀਰਤੀ ਪੂਰੇ ਵਿਸ਼ਵ ਵਿੱਚ ਪਹੁੰਚਾਉਣਾ ਹੈ। ਇਸ ਸ਼ਬਦ ਪ੍ਰਕਾਸ਼ ਅਜਾਇਬਘਰ ਦੀ ਇਮਾਰਤ ਦੀ ਉਸਾਰੀ ਸਰਦਾਰ ਸ ਪ ਸ ਓਬਰਾਏ ਜੀ ਵੱਲੋਂ ਸਥਾਪਿਤ ਸਰਬੱਤ ਦਾ ਭਲਾ ਟਰਸਟ ਵੱਲੋਂ ਜਸਵੰਤ ਸਿੰਘ ਛਾਪਾ ਦੀ ਪ੍ਰੇਰਨਾ ਨਾਲ ਕਰਵਾਈ ਗਈ ਸੀ।
ਇਸ ਵਿੱਚ ਸਾਡੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਬਣਾਈ ਕਮੇਟੀ ਨੇ ਵਿਸ਼ਵ ਪ੍ਰਸਿੱਧ ਚਿਤਰਕਾਰ ਸ. ਆਰ ਐੱਮ ਸਿੰਘ ਪਾਸੋਂ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਸਾਹਿਬਾਨ ਤੇ ਹੋਰ ਬਾਣੀ ਕਾਰਾਂ ਦੇ ਮੌਲਿਕ ਚਿਤਰ ਤਿਆਰ ਕਰਵਾ ਕੇ ਇਸ ਅਜਾਇਬ ਘਰ ਵਿੱਚ ਸੁਭਾਇਮਾਨ ਕੀਤੇ ਗਏ ਹਨ। ਹੁਣ ਇਨ੍ਹਾਂ ਬਾਣੀਕਾਰਾਂ ਦੇ ਜੀਵਨ ਤੇ ਰਚਨਾ ਬਾਰੇ ਇਹ ਕੌਫੀ ਟੇਬਲ ਕਿਤਾਬ ਤਿਆਰ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਉੱਘੇ ਵਿਦਵਾਨਾਂ ਦਾ ਪੈਨਲ ਬਣਾ ਕੇ ਸ. ਤੇਜਪ੍ਰਤਾਪ ਸਿੰਘ ਸੰਧੂ ਤੇ ਰਣਜੋਧ ਸਿੰਘ ਵੱਲੋਂ ਸ. ਗੁਰਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਪਰਿੰਟਵੈੱਲ ਅੰਮ੍ਰਿਤਸਰ ਤੋਂ ਛਪਵਾਇਆ ਹੈ।