ਲੁਧਿਆਣਾ, 30 ਅਗਸਤ 2020 - ਕੋਰੋਨਾ ਦੌਰ ਦੇ ਚੱਲਦਿਆਂ ਲੇਖਕ ਲੋਕਾਂ ਨੇ ਵੀ ਆਪਣੇ ਸਮਾਗਮਾਂ ਲਈ ਨਵਾਂ ਰਾਹ ਅਪਣਾ ਲਿਆ ਹੈ। ਨਾਮਵਰ ਲੇਖਕ ਡਾ.ਬਲਵਿੰਦਰ ਸਿੰਘ ਕਾਲੀਆ ਦੀ ਨਵੀਂ ਕਾਵਿ ਪੁਸਤਕ 'ਹੇ ਬਾਬਲਾ' ਦਾ ਲੋਕ ਅਰਪਣ ਸਮਾਗਮ ਅੱਜ ਗੂਗਲ ਮੀਟ ਰਾਹੀਂ ਆਨ ਲਾਈਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ(ਸਸ) ਲੁਧਿਆਣਾ ਸ੍ਰੀਮਤੀ ਸਵਰਨਜੀਤ ਕੌਰ ਤੇ ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਫੋਨ ਸੰਦੇਸ਼ ਰਾਹੀਂ ਪੁਸਤਕ ਲੋਕ ਅਰਪਨ ਲਈ ਵਧਾਈ ਦਿੱਤੀ ਤੇ ਜ਼ਿਲ੍ਹਾ ਗਾਈਡੈਂਸ ਅਧਿਕਾਰੀ ਗੁਰਕਿਰਪਾਲ ਸਿੰਘ ਬਰਾੜ ਨੇ ਹਾਜ਼ਰ ਹੋ ਕੇ ਕਿਹਾ ਕਿ ਅਸੀਂ ਵਿਭਾਗ ਵਲੋਂ ਡਾ.ਕਾਲੀਆ ਦੀ ਪੁਸਤਕ 'ਹੇ ਬਾਬਲਾ' ਨੂੰ ਜੀ ਆਇਆਂ ਕਹਿੰਦੇ ਹਾਂ, ਤੇ ਵਧਾਈ ਦਿੰਦੇ ਹਾਂ।
ਇਸ ਮੌਕੇ ਇਸ ਗੂਗਲ ਮੰਚ 'ਤੇ ਇਕੱਠੇ ਹੋਏ ਬਹੁਤ ਸਾਰੇ ਸਾਹਿਤਕਾਰਾਂ ਤੇ ਕਾਵਿ ਪ੍ਰੇਮੀਆਂ ਨੇ ਨਵੀਂ ਪੁਸਤਕ ਵਿਚਲੀਆਂ ਕਈ ਕਵਿਤਾਵਾਂ ਤੇ ਗੀਤ ਸਰੋਤਿਆਂ ਨਾਲ਼ ਸਾਂਝੇ ਕੀਤੇ। ਇਸ ਮੌਕੇ ਉੱਘੇ ਆਲੋਚਕ ਤੇ ਸਾਹਿਤਕਾਰ ਗੁਲਜ਼ਾਰ ਪੰਧੇਰ ਨੇ 'ਹੇ ਬਾਬਲਾ' ਬਾਰੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਬਲਵਿੰਦਰ ਕਾਲੀਆ ਪਹਿਲਾਂ ਵੀ ਸਾਹਿਤ ਦੀ ਝੋਲੀ ਵਿਚ ਕਈ ਕਿਤਾਬਾਂ ਪਾ ਚੁੱਕਾ ਹੈ। ਇਸ ਕਾਵਿ ਪੁਸਤਕ ਰਾਹੀਂ ਵੀ ਲੇਖਕ ਨੇ ਸਮਾਜ ਨੂੰ ਦਰਪੇਸ਼ ਸਮੱਸਿਆਵਾਂ, ਦੁਸ਼ਵਾਰੀਆਂ, ਬੇਰੁਜਗਾਰੀ ਦੇ ਮਸਲੇ, ਬਚਪਨ ਦੀਆਂ ਯਾਦਾਂ, ਪਰਵਾਸ ਦੇ ਸਰੋਕਾਰ ਆਦਿ ਨੂੰੰ ਚੰਗੀ ਤਰ੍ਹਾਂ ਕਾਵਿਕ ਅੰਦਾਜ ਵਿਚ ਪੇਸ਼ ਕੀਤਾ ਹੈ। ਇਸ ਮੌਕੇ ਨਾਮਵਰ ਲੇਖਕ ਤੇ ਰੰਗਕਰਮੀ, ਨਿਰਦੇਸ਼ਕ ਡਾ.ਨਿਰਮਲ ਜੌੜਾ ਨੇ ਕਿਹਾ ਕਿ ਕੋਰੋਨਾ ਦੌਰ ਦੇ ਚੱਲਦਿਆਂ ਲੇਖਕ ਨੇ ਆਪਣੇ ਅਣਥੱਕ ਯਤਨ ਕਰਕੇ ਪੰਜਾਬੀ ਪਾਠਕਾਂ ਦੀ ਝੋਲੀ ਬੜੀ ਵਧੀਆ, ਭਾਵਪੂਰਤ ਤੇ ਮੌਜੂਦਾ ਮਸਲਿਆਂ ਦੀ ਕਾਵਿਮਈ ਤਰੀਕੇ ਨਾਲ ਗੱਲ ਕਰਦੀ ਪੁਸਤਕ ਪਾਈ ਹੈ।
ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਨਹੀਂ ਹੋਵੇਗਾ ਜਿਸ ਦੀ ਗੱਲ ਇਸ ਪੁਸਤਕ ਵਿਚ ਨਾ ਕੀਤੀ ਗਈ ਹੋਵੇ। ਡਾ. ਜੌੜਾ ਨੇ ਪੁਸਤਕ ਵਿਚਲੀ ਕਵਿਤਾ ਨੂੰ ਯਥਾਰਥ ਦੀ ਤਰਜਮਾਨੀ ਕਰਦੀ ਕਵਿਤਾ ਕਿਹਾ। ਇਸ ਮੌਕੇ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਜਿਥੇ ਕਿਤਾਬ ਵਿਚਲੀਆਂ ਸਾਰੀਆਂ ਕਵਿਤਾਵਾਂ ਨੂੰ ਸਲਾਹਿਆ ਉਥੇ ਨਾਲ ਹੀ ਇੱਕ ਗੀਤ ਨੂੰ ਆਪਣੀ ਪਿਆਰੀ ਆਵਾਜ਼ ਵਿਚ ਸਰੋਤਿਆ ਨਾਲ ਸਾਂਝਾ ਵੀ ਕੀਤਾ। ਇਸ ਲੋਕ ਗਾਇਕ ਜਸਵੰਤ ਸੰਦੀਲਾ ਤੇ ਕਰਮਜੀਤ ਗਰੇਵਾਲ ਨੇ ਵੀ ਆਪਣੀ ਆਵਾਜ 'ਚ ਗੀਤ ਗਾ ਕੇ ਭੇਜੇ। ਸਰੀ , ਕੈਨੇਡਾ ਤੋਂ ਲੇਖਕ ਸੁੱਖ ਸਿੱਧੂ ਤੇ ਉਭਰਦੇ ਗਾਇਕ ਅਮਨਪ੍ਰੀਤ ਤੇ ਹੋਰ ਸਾਥੀਆਂ ਨੇ ਕਿਤਾਬ ਵਿਚਲੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸੁਰੀਲੀ ਆਵਾਜ਼ ਦੀ ਮਲਕਾ ਅਮਨਪ੍ਰੀਤ ਕੌਰ ਕੰਗ ਨੇ 'ਮਾਂਵਾਂ' ਤੇ 'ਸਿਹਰਾ' ਗੀਤ ਨੂੰ ਗਾ ਕੇ ਵਾਹ ਵਾਹ ਖੱਟੀ।
ਆਦਮਪੁਰ ਤੋਂ ਮਾਸਟਰ ਜਸਵਿੰਦਰ ਸਿੰਘ ਨੇ ਕਿਤਾਬ ਦਾ ਇੱਕ ਗੀਤ ਤਰੰਨਮ ਵਿਚ ਸਰੋਤਿਆਂ ਦੇ ਰੂਬਰੂ ਕੀਤਾ। ਜੀਐਨਈ ਦੇ ਵਿਦਿਆਰਥੀ ਹਰਮਿੰਦਰ ਸਿੰਘ ਨੇ ਆਪਣੀ ਆਵਾਜ ਵਿਚ ਕਵਿਤਾ ਪੇਸ਼ ਕੀਤੀ। ਪ੍ਰਿੰਸੀਪਲ ਬਲਵੰਤ ਸਿੰਘ ਉਕਸੀ ਨੇ ਆਪਣੇ ਸੰਦੇਸ਼ ਰਾਹੀਂ ਕਿਤਾਬ ਨੂੰ ਜੀ ਆਇਆਂ ਕਿਹਾ ਤੇ ਵਧਾਈ ਦਿੱਤੀ। ਇਸ ਮੌਕੇ ਹੋਰਾਂ ਤੋਂ ਇਲਾਵਾ ਰਾਜਿੰਦਰ ਸਿੰਘ ਬਾਜਵਾ, ਜ਼ਿਲ੍ਹਾ ਫਾਰਮੇਸੀ ਅਫਸਰ ਬਲਵੀਰ ਸਿੰਘ ਕਾਲੀਆ, ਤਜਿੰਦਰ ਸਿੰਘ ਬਿਲਖੂ, ਜਗਰਾਓਂ ਤੋਂ ਸਾਬਕਾ ਕੰਨਗੋ ਬਲਵਿੰਦਰ ਸਿੰਘ, ਕੇਵਲ ਸਿੰਘ ਜੋਧਾਂ, ਆਸਟਰੇਲੀਆ ਤੋਂ ਵਾਹਿਗੁਰੂ ਪਾਲ ਸਿੰਘ, ਜਸਪ੍ਰੀਤ ਸਿੰਘ, ਪਰਵੀਨ ਛਾਬੜਾ, ਡਾ. ਜਗਪ੍ਰੀਤ ਕੌਰ, ਡਾ.ਅਮਿਤ ਕਾਮਰਾ, ਮੈਡਮ ਸੈਫੀ, ਭਾਰਤ ਭੂਸ਼ਨ, ਕੁਲਦੀਪ ਸਿੰਘ, ਨਿਰਵੈਰ ਸਿੰਘ, ਭਿੰਦਰ ਬਾਈ, ਅਮਰਜੀਤ ਸਿੰਘ, ਗੁਲਸ਼ਨ ਕੁਮਾਰ,ਵਿਜੇ, ਜਗਤਾਰ ਟਰੈਵਲ ਪੰਜਾਬੀ, ਜਸਲੀਨ ਕੌਰ, ਸ਼ੁਭਮ, ਰੌਬਿੰਨ ਤੇ ਬਹੁਤ ਸਾਰੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਰਹੇ। ਇਸ ਮੌਕੇ ਡਾ.ਕੁਲਵਿੰਦਰ ਮਾਨ ਤੇ ਗੁਰਦੀਪ ਸਿੰਘ ਸਿੱਧੂ ਨੇ ਗੂਗਲ ਮੀਟ ਮੰਚ ਦਾ ਸੰਚਾਲਨ ਬੜੇ ਸੋਹਣੇ ਤਰੀਕੇ ਕੀਤਾ। ਇਸ ਮੌਕੇ ਉੁਥੇ ਲੇਖਕ ਤੇ ਫੋਟੋਗ੍ਰਾਫਰ ਜਨਮੇਜਾ ਜੌਹਲ ਨੇ ਜਿਥੇ ਮੀਟਿੰਗ 'ਚ ਜੁੜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ 'ਹੇ ਬਾਬਲਾ' ਵਿਚ ਕਵੀ ਦੇ ਵਿਸ਼ੇ ਗੁਆਚੇ ਪਿੰਡ ਤੋਂ ਸ਼ੁਰੂ ਹੋ ਕੇ, ਸਿਆਸੀ ਚਾਲਾਂ ਨੂੰ ਝਰੀਟਦੇ, ਅਜੋਕੇ ਯੁੱਗ ਦੀ ਬਾਤ ਪਾਉਣ ਤਕ ਸਹਿਜੇ ਹੀ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਸਾਨੂੰ ਅਜਿਹੀਆਂ ਸਾਰਥਿਕ ਲਿਖਤਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ। ਇਸ ਮੌਕੇ ਡਾ.ਕਾਲੀਆ ਨੇ ਵੀ ਸਮਾਗਮ ਵਿਚ ਪਹੁੰਚੇ ਸਮੂਹ ਸਾਹਿਤਕਾਰਾਂ ਤੇ ਕਲਾ ਪ੍ਰੇਮੀਆਂ ਦਾ ਧੰਨਵਾਦ ਕੀਤਾ।