ਸੁਖਜਿੰਦਰਜੀਤ ਸਿੰਘ ਸੋਢੀ ਦੀ ਕਾਵਿ ਪੁਸਤਕ 'ਮੈਂ ਵੀ ਕੁਝ ਕਹਿਣਾ ਹੈ' ਲੋਕ ਅਰਪਣ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ 2 ਸਤੰਬਰ 2022 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਅੱਜ ਸੁਖਜਿੰਦਰਜੀਤ ਸਿੰਘ ਸੋਢੀ ਦੀ ਕਾਵਿ ਪੁਸਤਕ 'ਮੈਂ ਵੀ ਕੁਝ ਕਹਿਣਾ ਹੈ...' ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਹੋਈ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਦੀਪਕ ਚਰਨਾਥਲ (ਜਨਰਲ ਸਕੱਤਰ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ) ਵੱਲੋਂ ਕੀਤੀ ਗਈ। ਸ਼੍ਰੀ ਨਰਿੰਦਰ ਸਿੰਘ ਸ਼ੇਰਗਿੱਲ (ਚੇਅਰਮੈਨ ਮਿਲਕਫੈੱਡ) ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ 'ਧਨੁ ਲੇਖਾਰੀ ਨਾਨਕਾ' ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਸ਼ਿਰਕਤ ਕਰਨ ਲਈ ਪਹੁੰਚੇ ਮੁੱਖ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕਰਕੇ ਕਾਵਿ ਪੁਸਤਕ 'ਮੈਂ ਵੀ ਕੁਝ ਕਹਿਣਾ ਹੈ...' ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਦਾ ਆਗਾਜ਼ ਕੀਤਾ ਗਿਆ।
ਸੁਰਿੰਦਰ ਸਿੰਘ ਰਸੂਲਪੁਰੀ ਵੱਲੋਂ 'ਮੈਂ ਵੀ ਕੁਝ ਕਹਿਣਾ ਹੈ...' ਕਾਵਿ ਪੁਸਤਕ 'ਤੇ ਬੜਾ ਖੋਜ ਭਰਪੂਰ ਪਰਚਾ ਪੜ੍ਹਿਆ ਗਿਆ। ਉਨ੍ਹਾਂ ਵੱਲੋਂ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਅੰਦਰਲੇ ਪ੍ਰੇਮ, ਬਿਰਹਾ, ਮਜ਼ਦੂਰਾਂ ਦੀ ਤਰਾਸਦੀ, ਪੰਜਾਬ ਦੀ ਸਮਾਜਿਕ-ਆਰਥਿਕ ਸਥਿਤੀ ਤੇ ਸਮੱਸਿਆਵਾਂ, ਕੁਦਰਤੀ ਸ੍ਰੋਤਾਂ ਤੇ ਵਾਤਾਵਰਣ ਦੀ ਫ਼ਿਕਰਮੰਦੀ ਬਾਰੇ ਗੱਲ ਕਰਦਿਆਂ ਪੁਸਤਕ ਨੂੰ ਪੜ੍ਹਨਯੋਗ ਅਤੇ ਸਾਂਭਣਯੋਗ ਦੱਸਿਆ ਗਿਆ। ਸ਼੍ਰੀ ਹਰਨਾਮ ਸਿੰਘ ਡੱਲਾ, ਸ਼੍ਰੀ ਜੈ ਸਿੰਘ ਛਿੱਬਰ, ਸ਼੍ਰੀ ਪ੍ਰੀਤ ਕੰਵਲ ਸਿੰਘ (ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮੋਹਾਲੀ), ਸ਼੍ਰੀ ਗੁਰਦੀਪ ਸਿੰਘ ਵੜੈਚ, ਸ਼੍ਰੀ ਅਮਨ ਆਜ਼ਾਦ ਅਤੇ ਸ਼੍ਰੀ ਬਲਦੇਵ ਸਿੰਘ ਚੀਮਾ ਵੱਲੋਂ ਕਾਵਿ ਸੰਗ੍ਰਹਿ ਬਾਬਤ ਵਿਚਾਰ ਚਰਚਾ ਵਿਚ ਹਿੱਸਾ ਪਾਇਆ ਗਿਆ। ਉਨ੍ਹਾਂ ਆਖਿਆ ਕਿ ਕਵੀ ਵਿਭਿੰਨ ਸਰੋਕਾਰਾਂ ਨੂੰ ਵਿਭਿੰਨ ਕੋਣਾਂ ਤੋਂ ਪੇਸ਼ ਕਰਦਿਆਂ ਸਮਾਜਕ ਤਾਣੇ-ਬਾਣੇ ਦੀਆਂ ਪਰਤਾਂ ਨੂੰ ਫਰੋਲਦਾ ਸਿੱਧੀ ਅਤੇ ਸਰਲ ਭਾਸ਼ਾ ਵਿੱਚ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਵੀ ਵਿਚਲਿਤ ਕਰਨ ਵਾਲੇ ਹਰ ਵਰਤਾਰੇ 'ਤੇ ਉਂਗਲ ਧਰਦਾ ਹੈ ਜੋ ਉਸ ਦੀਆਂ ਕਵਿਤਾਵਾਂ ਵਿੱਚੋਂ ਭਲੀਭਾਂਤ ਦ੍ਰਿਸ਼ਟੀਗੋਚਰ ਹੁੰਦਾ ਹੈ। ਸ਼੍ਰੀ ਸਤਵਿੰਦਰ ਸਿੰਘ ਧੜਾਕ ਵੱਲੋਂ 'ਮੈਂ ਵੀ ਕੁਝ ਕਹਿਣਾ ਹੈ...' ਕਾਵਿ ਪੁਸਤਕ ਵਿੱਚੋਂ ਕਵਿਤਾ ਦਾ ਤਰੱਨੁਮ ਵਿੱਚ ਗਾਇਨ ਕੀਤਾ ਗਿਆ। ਲੇਖਕ ਸੁਖਜਿੰਦਰਜੀਤ ਸਿੰਘ ਸੋਢੀ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਅਤੇ ਸਿਰਜਣਾਤਮਕ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਦੀਆਂ ਰਚਨਾਵਾਂ ਅਰਸ਼ੀ ਉਡਾਣਾਂ ਦੀ ਬਜਾਇ ਯਥਾਰਥਕ ਧਰਾਤਲ ਦੀਆਂ ਕਵਿਤਾਵਾਂ ਹਨ ਜਿਨ੍ਹਾਂ ਨੂੰ ਮੈਂ ਆਪਣੇ ਅਨੁਭਵ ਦੀ ਕੁਠਾਲੀ ਵਿੱਚੋਂ ਘੜਿਆ ਹੈ।
ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਨਰਿੰਦਰ ਸਿੰਘ ਸ਼ੇਰਗਿੱਲ (ਚੇਅਰਮੈਨ ਮਿਲਕਫੈੱਡ) ਵੱਲੋਂ ਜਿੱਥੇ ਸੁਖਜਿੰਦਰਜੀਤ ਸਿੰਘ ਸੋਢੀ ਦੇ ਕਾਵਿ ਸੰਗ੍ਰਹਿ ਨੂੰ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੱਸਦਿਆਂ ਉਸਦੇ ਪਲੇਠੇ ਯਤਨ ਨੂੰ ਖੁਸ਼ਆਮਦੀਦ ਕਿਹਾ ਗਿਆ, ਉੱਥੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਕਾਰਜ ਸ਼ੈਲੀ ਅਤੇ ਸਰਗਰਮੀਆਂ ਲਈ ਪ੍ਰਸੰਸਾ ਵੀ ਕੀਤੀ ਗਈ । ਉਨ੍ਹਾਂ ਇਹ ਵੀ ਕਿਹਾ ਕਿ ਮਿਲਕਫੈੱਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਉਪਰੰਤ ਮੇਰੇ ਪਲੇਠੇ ਸਮਾਗਮ ਦਾ ਸਬੰਧ ਮਾਂ-ਬੋਲੀ ਨਾਲ ਹੋਣ ਕਾਰਨ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਦੀਪਕ ਚਰਨਾਥਲ (ਜਨਰਲ ਸਕੱਤਰ ਪੰਜਾਬੀ ਲੇਖਕ ਸਭਾ, ਚੰਡੀਗੜ੍ਹ) ਵੱਲੋਂ ਸਮੁੱਚੀ ਵਿਚਾਰ-ਚਰਚਾ ਬਾਬਤ ਬੜੀ ਭਾਵਪੂਰਤ ਟਿੱਪਣੀ ਕੀਤੀ ਗਈ। ਉਨ੍ਹਾਂ ਆਖਿਆ ਕਿ ਕਵੀ ਆਪਣੇ ਪਹਿਲੇ ਹੀ ਯਤਨ ਵਿਚ ਅਗਾਂਹਵਧੂ ਸੋਚ 'ਤੇ ਪਹਿਰਾ ਦਿੰਦਿਆਂ ਵਿਭਿੰਨ ਸਮਾਜਕ, ਆਰਿਥਕ, ਰਾਜਨੀਤਕ ਅਤੇ ਸਭਿਆਚਾਰਕ ਧਰਾਤਲਾਂ ਨੂੰ ਟੋਂਹਦਾ ਹੈ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਮੌਜੂਦ ਸ੍ਰੋਤਿਆਂ ਜਿਵੇਂ ਡਾ. ਬਲਦੇਵ ਸਿੰਘ ਛਾਜਲੀ, ਸ਼੍ਰੀ ਸੁੱਚਾ ਸਿੰਘ ਮਸਤਾਨਾ, ਸ਼੍ਰੀ ਪ੍ਰਦੀਪ ਸਿੰਘ ਹੈਪੀ, ਸ਼੍ਰੀ ਮਨਜੀਤ ਸਿੰਘ ਮਹਿਤੋਂ, ਸ਼੍ਰੀ ਰਵਿੰਦਰ ਸਿੰਘ, ਸ਼੍ਰੀ ਕੁਲਦੀਪ ਸਿੰਘ ਧੀਮਾਨ, ਸ਼੍ਰੀ ਸਰਬਜੀਤ ਸਿੰਘ ਭੱਟੀ (ਸੀਨੀਅਰ ਪੱਤਰਕਾਰ ,ਪੰਜਾਬੀ ਟ੍ਰਬਿਊਨ), ਸ਼੍ਰੀ ਅੰਮ੍ਰਿਤਪਾਲ ਸਿੰਘ, ਸ਼੍ਰੀ ਸੁਖਜੀਤ ਕੌਰ, ਸ਼੍ਰੀ ਹਰੀਸ਼ ਕੌਸ਼ਲ, ਸ਼੍ਰੀ ਗੁਰਪ੍ਰੀਤ ਸਿੰਘ ਛੀਨਾ, ਸ਼੍ਰੀ ਬਸੰਤ ਰਠੌਰ, ਸ਼੍ਰੀ ਜਗਦੇਵ ਸਿੰਘ, ਸ਼੍ਰੀ ਦਿਨੇਸ਼ ਕੁਮਾਰ, ਸ਼੍ਰੀ ਰਵੀ ਰਾਣਾ ਤੋਗਾਂ, ਸ਼੍ਰੀ ਜਸਵੀਰ ਸਿੰਘ ਖੇੜਾ, ਸ਼੍ਰੀ ਜਗਪ੍ਰੀਤ ਸਿੰਘ, ਸ਼੍ਰੀਮਤੀ ਦੀਪ ਕੰਵਲ, ਸ਼੍ਰੀ ਅਜਮੇਰ ਸਿੰਘ ਅਤੇ ਸ਼੍ਰੀ ਬਿੰਦੂ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।