ਸੈਣੀ ਭਵਨ 'ਚ 3 ਜੁਲਾਈ ਨੂੰ 18ਵਾਂ ਖ਼ੂਨਦਾਨ ਕੈਂਪ ਅਤੇ ਮੈਗਜ਼ੀਨ ਸੈਣੀ ਸੰਸਾਰ ਦਾ ਲੋਕ ਅਰਪਣ
ਹਰੀਸ਼ ਕਾਲੜਾ
ਰੂਪਨਗਰ, 01 ਜੁਲਾਈ 2022: ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ) ਵੱਲੋਂ ਸਮਾਜ ਭਲਾਈ ਦੇ ਪ੍ਰੋਗਰਾਮ ਤਹਿਤ 3 ਜੁਲਾਈ 2022, ਦਿਨ ਐਤਵਾਰ ਨੂੰ ਸੈਣੀ ਭਵਨ ਰੂਪਨਗਰ ਵਿਖੇ 18ਵਾਂ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦਾ ਉਦਘਾਟਨ ਸਹਾਇਕ ਕਮਿਸ਼ਨਰ (ਸਿਕਾਇਤਾਂ) ਹਰਜੀਤ ਕੌਰ ਪੀਸੀਐਸ ਵਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਟਰੱਸਟ ਦੇ ਪ੍ਰਧਾਨ ਡਾ. ਅਜਮੇਰ ਸਿੰਘ ਨੇ ਦਿੱਤੀ।
ਕੈਂਪ ਦੌਰਾਨ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰੀਸੋਰਸ ਸੈਂਟਰ ਚੰਡੀਗੜ੍ਹ ਦੀ ਟੀਮ ਵੱਲੋਂ ਖ਼ੂਨ ਇਕੱਤਰਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਟਰੱਸਟ ਆਪਣੇ ਸਮਾਜ ਭਲਾਈ ਦੇ ਪ੍ਰੋਗਰਾਮਾਂ ਤਹਿਤ ਪਿਛਲੇ 9 ਸਾਲਾਂ ਤੋਂ ਹਰ ਸਾਲ ਦੋ ਖ਼ੂਨਦਾਨ ਕੈਂਪ ਲਗਾਉਂਦਾ ਆ ਰਿਹਾ ਹੈ। ਇੰਨ੍ਹਾ ਕੈਂਪਾਂ 'ਚ ਵੱਡੀ ਗਿਣਤੀ ਵਿੱਚ ਨੌਜਵਾਨ ਵੱਧ ਚੜ੍ਹ ਕੇ ਭਾਗ ਲੈਂਦੇ ਹਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।
ਇਸ ਕੈਂਪ ਨੂੰ ਸਫਲ ਬਣਾਉਣ ਲਈ ਰਜ਼ਨੀ ਹਰਬਲ ਮਲਿਕਪੁਰ, ਜ਼ਿਲ੍ਹਾ ਪੁਲਿਸ ਸਾਂਝ ਕੇਂਦਰ, ਗੁਰੂ ਨਾਨਕ ਕਰਿਆਣਾ ਸਟੋਰ ਪਪਰਾਲਾ ਅਤੇ ਇੰਨਰਵੀਲ ਕਲੱਬ ਰੂਪਨਗਰ ਵਲੋਂ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ। ਡਾ. ਅਜਮੇਰ ਸਿੰਘ ਨੇ ਦੱਸਿਆ ਕਿ ਇਸ ਦਿਨ ਟਰੱਸਟ ਵੱਲੋਂ ਜਾਰੀ ਕੀਤਾ ਜਾਂਦਾ ਸਮਾਜਿਕ ਚੇਤਨਾ ਦਾ ਪ੍ਰਤੀਕ ਤਿਮਾਹੀ ਮੈਗਜ਼ੀਨ ''ਸੈਣੀ ਸੰਸਾਰ" ਦਾ 45ਵਾਂ ਅੰਕ ਵੀ ਲੋਕ ਅਰਪਣ ਕੀਤਾ ਜਾਵੇਗਾ। ਜਿਸ ਨੂੰ ਲੋਕ ਅਰਪਣ ਕਰਨ ਦੀ ਰਸਮ ਸ਼ਹਿਰ ਦੇ ਸਮਾਜ ਸੇਵੀ ਅਤੇ ਜੇ. ਆਰ. ਰਿਟਜ਼ ਮਲਟੀਪਲੈਕਸ ਦੇ ਮਾਲਕ ਸ਼੍ਰੀ ਰਮੇਸ ਗੋਇਲ ਕਰਨਗੇ।