ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 8 ਮਈ ਨੂੰ
- ਅਮਰ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮ ਲਤਾ ਦੀਆਂ ਪੁਸਤਕਾਂ ਉਪਰ ਹੋਵੇਗੀ ਗੋਸ਼ਟੀ
ਪਟਿਆਲਾ, 5 ਮਈ 2022 - ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 8 ਮਈ, 2022 ਦਿਨ ਐਤਵਾਰ ਨੂੰ ਸਵੇਰੇ ਠੀਕ 9.30 ਵਜੇ ਇਕ ਵਿਸ਼ੇਸ਼ ਸਾਹਿਤਕ ਗੋਸ਼ਟੀ ਕਰਵਾਈ ਜਾ ਰਹੀ ਹੈ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਦੱਸਿਆ ਕਿ ਇਸ ਗੋਸ਼ਟੀ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਨਾਵਲਕਾਰ ਪਰਗਟ ਸਿੰਘ ਸਿੱਧੂ, ਉਘੇ ਚਿੰਤਕ ਅਤੇ ਲੇਖਕ ਡਾ. ਤੇਜਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਅਮਰ ਕੋਮਲ ਸ਼ਾਮਿਲ ਹੋਣਗੇ।
ਡਾ. ਆਸ਼ਟ ਨੇ ਇਹ ਵੀ ਕਿਹਾ ਕਿ ਇਸ ਗੋਸ਼ਟੀ ਵਿਚ ਸ੍ਰੀ ਅਮਰ ਗਰਗ ਕਲਮਦਾਨ (ਧੂਰੀ) ਦੀਆਂ ਦੋ ਪੁਸਤਕਾਂ ਸੀਤੋ ਫੌਜਣ (ਕਹਾਣੀ ਸੰਗ੍ਰਹਿ), ਸੀਤੋ ਫੌਜਣ (ਨਾਵਲ) ਅਤੇ ਪ੍ਰਿੰਸੀਪਲ ਪ੍ਰੇਮਲਤਾ ਦੀ ਪੁਸਤਕ ਸਰਘੀ ਵੇਲਾ' ਉਪਰ ਸਰਕਾਰੀ ਕਾਲਜ ਤਲਵਾੜਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ. ਸੁਰਿੰਦਰਪਾਲ ਸਿੰਘ ਮੰਡ,ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਹਿੰਦੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਮੈਡਮ ਡਾ. ਨਵਿਲਾ ਸਤਿਆਦਾਸ ਅਤੇ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਹਰਵਿੰਦਰ ਕੌਰ ਮੁੱਖ ਪੇਪਰ ਪੜ੍ਹਨਗੇ। ਇਹਨਾਂ ਪੁਸਤਕਾਂ ਉਪਰ ਕੁਲਦੀਪ ਕੌਰ ਭੁੱਲਰ, ਪ੍ਰੋ. ਮਧੂ ਬਾਲਾ ਅਤੇ ਡਾ. ਪੂਨਮ ਗੁਪਤ ਚਰਚਾ ਕਰਨਗੇ। ਇਸ ਤੋਂ ਇਲਾਵਾ ਪੁੱਜੇ ਲੇਖਕ ਵੀ ਆਪਣੀਆਂ ਲਿਖਤਾਂ ਸੁਣਾਉਣਗੇ।ਇਸ ਦੌਰਾਨ ਕੁਝ ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਅੱਜ ਦੀ ਇਸ ਇਕੱਤਰਤਾ ਵਿਚ ਜਨਰਲ ਸਕੱਤਰ ਸ੍ਰੀਮਤੀ ਵਿਜੇਤਾ ਭਾਰਦਵਾਜ,ਸੀਨੀਅਰ ਮੀਤ ਪ੍ਰਧਾਨ ਕਹਾਣੀਕਾਰ ਬਾਬੂ ਸਿੰਘ ਰੈਹਲ,ਵਿੱਤ ਸਕੱਤਰ ਰਘਬੀਰ ਸਿੰਘ ਮਹਿਮੀ ਅਤੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।