ਪਰਵਾਸੀ ਸ਼ਾਇਰ ਕੁਲਵਿੰਦਰ ਦਾ ਗ਼ਜ਼ਲ-ਸੰਗ੍ਰਹਿ ਸ਼ਾਮ ਦੀ ਸ਼ਾਖ ਤੇ ਲੋਕ-ਅਰਪਣ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ, 12 ਅਕਤੂਬਰ 2022-ਦਫਤਰ ਜ਼ਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਵਿਖੇ ਪਰਵਾਸੀ ਸ਼ਾਇਰ ਕੁਲਵਿੰਦਰ ਦਾ ਗ਼ਜ਼ਲ-ਸੰਗ੍ਰਹਿ ਸ਼ਾਮ ਦੀ ਸ਼ਾਖ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਖੋਜ ਅਫਸਰ ਕਡਿਆਲਵੀ ਵਰਜੀਤ ਸਿੰਘ ਸਿੱਧੂ, ਪੰਜਾਬੀ ਦੇ ਨਾਮਵਰ ਕਹਾਣੀਕਾਰ ਗੁਰਮੀਤ , ਜਸਬੀਰ ਜੱਸੀ ਮੀਡੀਆ ਕੁਆਰਡੀਨੇਟਰ ਸਿੱਖਿਆ ਵਿਭਾਗ, ਗੁਰਚਰਨ ਸਿੰਘ ਅੰਤਰਰਾਸਟਰੀ ਭੰਗੜਾ ਕੋਚ ਅਤੇ ਗੁਰਮੇਲ ਸਿੰਘ ਜੱਸਲ ਵੱਲੋਂ ਸਾਂਝੇ ਤੌਰ ਤੇ ਲੋਕ ਅਰਪਣ ਕੀਤਾ ਗਿਆ । ਇਸ ਮੌਕੇ 'ਤੇ ਬੋਲਦਿਆਂ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਨੇ ਦੱਸਿਆ ਕਿ ਅਮਰੀਕਾ ਦੀ ਧਰਤੀ ਤੇ ਵਸਦੇ ਪੰਜਾਬੀ ਦੇ ਨਾਮਵਰ ਪਰਵਾਸੀ ਸ਼ਾਇਰ ਕੁਲਵਿੰਦਰ ਹੁਰਾਂ ਦਾ ਇਹ ਤੀਸਰਾ ਗ਼ਜ਼ਲ-ਸੰਗ੍ਰਹਿ ਹੈ । ਇਸ ਤੋਂ ਪਹਿਲਾਂ ਕੁਲਵਿੰਦਰ ਹੁਰਾਂ ਨੇ ਦੋ ਗ਼ਜ਼ਲ-ਸੰਗ੍ਰਹਿ 'ਬਿਰਛਾਂ ਅੰਦਰ ਉੱਘੇ ਖੰਡਰ' ਅਤੇ 'ਨੀਲੀਆਂ ਲਾਟਾਂ ਦਾ ਸੇਕ' ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ ।
ਨਾਮਵਰ ਕਹਾਣੀਕਾਰ ਗੁਰਮੀਤ ਕੜਿਆਲਵੀ ਹੁਰਾਂ ਨੇ ਇਸ ਮੌਕੇ 'ਤੇ ਬੋਲਦਿਆਂ ਦੱਸਿਆ ਕਿ ਕੁਲਵਿੰਦਰ ਦੀ ਸ਼ਾਇਰੀ ਉਸ ਦੇ ਸੁਭਾਅ ਵਾਂਗ ਸਹਿਜ ਅਤੇ ਸੂਖਮ ਹੈ । ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਬੈਠਿਆਂ ਵੀ ਉਸ ਦੇ ਸ਼ਬਦਾਂ ਵਿਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਹੈ । ਕਮਲਜੀਤ ਸਿੰਘ ਸਿੱਧੂ ਖੋਜ ਅਫਸਰ ਹੁਰਾਂ ਨੇ ਦੱਸਿਆ ਕਿ ਕੁਲਵਿੰਦਰ ਪੰਜਾਬੀ ਦੇ ਗਿਣਵੇਂ-ਚੁਣਵੇਂ ਗ਼ਜ਼ਲਗੋਆਂ ਵਿੱਚੋਂ ਇਕ ਹੈ । ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਉਸ ਦਾ ਆਪਣਾ ਇੱਕ ਵੱਖਰਾ ਮੁਕਾਮ ਹੈ ।
ਸਮਾਗਮ ਦੌਰਾਨ ਸਰਦਾਰ ਗੁਰਚਰਨ ਸਿੰਘ ਅੰਤਰਰਾਸਟਰੀ ਭੰਗੜਾ ਕੋਚ, ਜਸਬੀਰ ਸਿੰਘ ਜੱਸੀ ਮੀਡੀਆ ਕੁਆਰਡੀਨੇਟਰ ਸਿੱਖਿਆ ਵਿਭਾਗ ਅਤੇ ਗੁਰਮੇਲ ਸਿੰਘ ਜੱਸਲ ਨੇ ਵੀ ਪੁਸਤਕ ਬਾਰੇ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ । ਇਸ ਮੌਕੇ ਤੇ ਭਾਸ਼ਾ ਵਿਭਾਗ ਦੇ ਸੀਨੀਅਰ ਸਹਾਇਕ ਰਣਜੀਤ ਸਿੰਘ, ਸੇਵਾਦਾਰ ਸੁਖਦੀਪ ਸਿੰਘ, ਸੰਦੀਪ ਕੌਰ ਸਮੇਤ ਸਮੂਹ ਸਟਾਫ਼ ਅਤੇ ਪਤਵੰਤੇ ਹਾਜਰ ਸਨ ।