ਫ਼ਰੀਦਕੋਟੀਏ ਜਸਵਿੰਦਰ ਸੰਧੂ ਦੀ ਕਿਤਾਬ 'ਧਰਤੀ ਹੋਰੁ ਪਰੈ ਹੋਰੁ ਹੋਰੁ' ਤੇ ਦਿੱਲੀ 'ਚ ਹੋਈ ਗੋਸ਼ਟੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 8 ਜੁਲਾਈ 2022 - ਪੰਜਾਬੀ ਪ੍ਰਚਾਰਨੀ ਸਭਾ ਰਜਿ: ਦਿੱਲੀ ਅਤੇ ਡਾ.ਪਿ੍ਥਵੀ ਰਾਜ ਥਾਪਰ ਮੁਖੀ ਪੰਜਾਬੀ ਵਿਭਾਗ ਦਿਆਲ ਸਿੰਘ ਕਾਲਜ ਨਵੀਂ ਦਿੱਲੀ ਦੀ ਯੋਗ ਅਗਵਾਈ ਹੇਠ ਦਿਆਲ ਸਿੰਘ ਕਾਲਜ ਆਡੀਟੋਰੀਅਲ 'ਚ ਸਾਵਣ ਕਵੀ ਦਰਬਾਰ ਕੀਤਾ ਗਿਆ । ਇਸ ਮੌਕੇ ਫ਼ਰੀਦਕੋਟ ਦੇ ਨੌਜਵਾਨ ਗੀਤਕਾਰ/ਲੇਖਕ ਜਸਵਿੰਦਰ ਸੰਧੂ ਨੇ ਵੀ ਸ਼ਿਰਕਤ ਕੀਤੀ । ਇਸ ਕਵੀ ਦਰਬਾਰ 'ਚ ਜਸਵਿੰਦਰ ਸੰਧੂ ਹੋਰਾਂ ਦੀ ਪਲੇਠੀ ਪੁਸਤਕ ਧਰਤੀ ਹੋਰੁ ਪਰੈ ਹੋਰੁ ਕਿਤਾਬ ਤੇ ਗੋਸ਼ਟੀ ਕੀਤੀ ਗਈ ।
ਇਸ ਸਾਹਿਤ ਸਮਾਗਮ 'ਚ ਖਾਲਸਾ ਕਾਲਜ ਦੇ ਸਾਬਕਾ ਪਿ੍ੰਸੀਪਲ ਡਾ.ਹਰਮੀਤ ਸਿੰਘ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.ਜਸਪਾਲ ਕੌਰ, ਦਿਆਲ ਸਿੰਘ ਕਾਲਜ ਦੇ ਵਰਤਮਾਨ ਪਿ੍ੰਸੀਪਲ ਪਵਨ ਸ਼ਰਮਾ ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਸਾਹਿਤਕਾਰਾਂ ਅਤੇ ਦਿਆਲ ਸਿੰਘ ਕਾਲਜ ਦੇ ਵਿਦਿਆਰਥੀਆਂ ਦੀ ਹਾਜ਼ਰੀ 'ਚ ਡਾ.ਕੰਵਲਜੀਤ ਕੌਰ ਵੱਲੋਂ 'ਧਰਤੀ ਹੋਰੁ ਪਰੈ ਹੋਰੁ ਤੇ ਲਿਖਿਆ ਪਰਚਾ ਖੋਜਾਰਥੀ ਸਤਵਿੰਦਰ ਕੌਰ ਵੱਲੋਂ ਪੜਿਆ ਗਿਆ। ਆਪਣੇ ਪਰਚੇ 'ਚ ਲੇਖਕ ਦੀ ਸਫ਼ਰਨਾਮਾ ਵਿਦਾ ਉਪਰ ਲਿਖੀ ਪੁਸਤਕ ਅਤੇ ਉਨ੍ਹਾਂ ਦੁਆਰਾ ਸਮਕਾਲੀ ਸਮੱਸਿਆਵਾਂ ਉੱਪਰ ਲਿਖੇ ਲੇਖਾਂ ਬਾਰੇ ਵੀ ਚਰਚਾ ਕੀਤੀ ਗਈ । ਉਨ੍ਹਾਂ ਆਪਣੇ ਪਰਚੇ 'ਚ ਦੱਸਿਆ ਕਿ ਲੇਖਕ ਜਸਵਿੰਦਰ ਸੰਧੂ ਸੈਲਾਨੀ ਦੇ ਤੌਰ ਤੇ ਹੀ ਨਹੀਂ ਸਗੋਂ ਤੱਥਾਂ ਸਹਿਤ ਕਿਸੇ ਵਿਸ਼ੇਸ਼ ਜਗਤ, ਉਪਰ ਘੁੰਮਦੇ ਜਾਣਕਾਰੀ ਦੇ ਨਾਲ ਪਾਠਕਾਂ ਨੂੰ ਆਪਣੇ ਨਾਲ ਉਸ ਜਗ੍ਹਾ ਦੀ ਯਾਤਰਾ ਕਰਾਉਣ 'ਚ ਸਫ਼ਲ ਹੋਇਆ ਹੈ ।
ਉਨ੍ਹਾਂ ਕਿਹਾ ਲੇਖਕ ਯਾਤਰਾ ਕੀਤੀ ਥਾਵਾਂ ਦੀ ਭੂਗੋਲਿਕ ਯਾਤਰਾ ਦਾ ਜਿੱਥੇ ਬਿਰਤਾਂਤ ਦਿੱਤਾ, ਉੱਥੇ ਨਾਲ-ਨਾਲ ਖਾਸ ਥਾਵਾਂ ਦੇ ਇਤਿਹਾਸਕ ਪੱਖ ਨੂੰ ਉਘਾੜਨ ਦਾ ਵੀ ਯਤਨ ਕਰਦਾ ਹੈ । ਉਨ੍ਹਾਂ ਕਿਹਾ ਪੁਸਤਕ ਦੀ ਅਤੇ ਲੇਖਕ ਦੀ ਪ੍ਰਾਪਤੀ ਹੈ ਕਿ ਪੁਸਤਕ ਪੜਨ ਵਾਲੇ ਪਾਠਕ ਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਲੇਖਕ ਦੇ ਨਾਲ ਵਰਨਣ ਕੀਤੇ ਸਥਾਨ ਦੀ ਯਾਤਰਾ ਕਰ ਰਿਹਾ ਹੋਵੇ । ਖਾਲਸਾ ਕਾਲਜ ਦੇ ਪਿ੍ੰਸੀਪਲ ਡਾ.ਹਰਮੀਤ ਸਿੰਘ ਹੋਰਾਂ ਨੇ ਆਪਣੇ ਭਾਸ਼ਣ ਦੌਰਾਨ ਪੰਜਾਬੀ ਭਾਸ਼ਾ ਦੀ ਮਹੱਤਤਾ ਅਤੇ ਦਿੱਲੀ 'ਚ ਪੰਜਾਬੀ ਭਾਸ਼ਾ ਉੱਪਰ ਹੋ ਰਹੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ।
ਪ੍ਰੋ.ਜਸਪਾਲ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਜਸਵਿੰਦਰ ਸੰਧੂ ਦੀ ਪੁਸਤਕ ਵਿਚਲੀਆਂ ਯਾਤਰਾਵਾਂ ਦੀਆਂ ਅੰਦਰਲੀਆਂ ਬਾਰੀਕੀਆਂ ਸਬੰਧੀ ਚਰਚਾ ਕੀਤੀ ।ਇਸ ਮੌਕੇ ਸਾਉਣ ਮਹੀਨੇ ਦੀ ਮਹੱਤਤਾ ਦੱਸਦਿਆਂ ਡਾ.ਪਿ੍ਥਵੀ ਰਾਜ ਥਾਪਰ ਵੱਲੋਂ ਮੰਚ ਸੰਚਾਲਨ ਦੀ ਜਿੰਮੇਵਾਰੀ ਬਾਖੂਬੀ ਨਿਭਾੲਾੀ ਗਈ । ਇਸ ਮੌਕੇ ਪ੍ਰਸਿੱਧ ਗਾਇਕਾ ਰੀਆ ਥਾਪਰ ਵੱਲੋਂ ਪੇਸ਼ ਕੀਤੇ ਗੀਤਾਂ ਨਾਲ ਸਮਾਗਮ ਹੋਰ ਵੀ ਸੁਆਦਲਾ ਬਣ ਗਿਆ ਸੀ । ਕਵਿੱਤਰੀ ਅਮੀਆ ਕੁੰਵਰ, ਡਾ.ਮਦਨ ਕਾਰਤੰਡ, ਸਤੀਸ਼ ਠੁਕਰਾਲ ਸੋਨੀ, ਕੁਲਵਿੰਦਰ ਕੌਰ ਸੈਣੀ, ਰਾਜਿੰਦਰ ਬਿਆਲਾ, ਬਲਵਿੰਦਰ ਕੌਰ ਖਰਾਣਾ, ਜਸਵਿੰਦਰ ਕੌਰ ਬਿੰਦਰਾ, ਜਸਵੰਤ ਸ਼ੇਖ ਸੋਨੀ ਦੀ ਕਿਤਾਬ 'ਪਾਣੀ ਤੋਂ ਪਿਆਸ ਤੱਕ' ਲੋਕ ਅਰਪਣ ਕੀਤੀ ਗਈ । ਇਸ ਮੌਕੇ ਸਾਰੇ ਮਹਿਮਾਨਾਂ ਨੂੰ ਸਨਮਾਨ 'ਚ ਲੋਈਆਂ ਭੇਟ ਕੀਤੀਆਂ ਗਈਆਂ । ਅੰਤ 'ਚ ਡਾ.ਪਿ੍ਥਵੀ ਰਾਜ ਥਾਪਰ ਨੇ ਸਭ ਦਾ ਧੰਨਵਾਦ ਕੀਤਾ ।