ਵਿਸ਼ਵ ਰੰਗਮੰਗ ਦਿਵਸ ਨੂੰ ਸਮਰਪਿਤ "ਗਿਰਗਿਟ” ਅਤੇ “ਹੁਣ ਤਾਂ ਸੁਧਰੋ ਯਾਰੋ” ਨਾਟਕ ਦੇ ਸਫ਼ਲ ਮੰਚਨ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 1 ਅਪ੍ਰੈਲ 2022 : ਉੱਤਰੀ ਭਾਰਤ ਦੀ ਨਾਮਵਰ ਨਾਟਕ ਸੰਸਥਾ ਕਲਾਕ੍ਰਿਤੀ ਪਟਿਆਲਾ (ਰਜਿ.) ਵੱਲੋਂ ਵਿਸ਼ਵ ਰੰਗਮੰਗ ਦਿਵਸ ਨੂੰ ਸਮਰਪਿਤ ਸਮਾਗਮ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਸਫਲਤਾ ਨਾਲ ਕਰਵਾਇਆ ਗਿਆ। ਕਲਾਕ੍ਰਿਤੀ ਦੇ ਚੇਅਰਮੈਨ ਐਮ.ਐਸ.ਨਾਰੰਗ, ਸਾਬਕਾ ਆਈ.ਏ.ਐਸ. ਅਧਿਕਾਰੀ ਅਤੇ ਕਲਾਕ੍ਰਿਤੀ ਦੇ ਪ੍ਰਧਾਨ ਅਵਤਾਰ ਸਿੰਘ ਅਰੋੜਾ ਦੀ ਅਗਵਾਈ ਹੇਠ ਅਤੇ ਉੱਘੀ ਨਾਟਕ ਨਿਰਦੇਸ਼ਿਕਾ, ਅਦਾਕਾਰਾ, ਨਿਰਮਾਤਾ, ਲੇਖਕ ਅਤੇ ਸੋਸ਼ਲ ਐਕਟੀਵਿਸਟ ਪਰਮਿੰਦਰ ਪਾਲ ਕੌਰ ਦੀ ਨਿਰਦੇਸ਼ਨਾ ਹੇਠ 25 ਮਾਰਚ ਤੋਂ 31 ਮਾਰਚ ਤੱਕ 7 ਦਿਨਾਂ ਵਿਸ਼ਵ ਰੰਗਮੰਚ ਸਮਾਰੋਹ ਆਯੋਜਿਤ ਕੀਤਾ ਗਿਆ ਜੋ ਕਿ 25 ਮਾਰਚ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿੱਚ ਆਯੋਜਿਤ ਹੋਣ ਮਗਰੋਂ 31 ਮਾਰਚ2022 ਨੂੰ ਸਮਾਪਤੀ ਸਮਾਗਮ ਵਿਸ਼ੇਸ਼ ਤੋਰ ਤੇ ਕੇ.ਜੇ. ਮਾਡਲ ਸਕੂਲ, ਪਟਿਆਲਾ ਵਿਖੇ ਹੋਇਆ।
ਇਸ ਦੌਰਾਨ ਨਟਰਾਜ ਆਰਟਸ ਥੀਏਟਰ ਵੱਲੋਂ ਪ੍ਰਸਿੱਧ ਰੰਗ ਕਰਮੀ ਗੋਪਾਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਦੋ ਨਾਟਕ ਸਫਲਤਾ ਨਾਲ ਮੰਚਿਤ ਕੀਤੇ ਗਏ ਜਿਨ੍ਹਾਂ ਵਿੱਚ ਵਿਸ਼ਵ ਪ੍ਰਸਿੱਧ ਲੇਖਕ ਐਨਤੋਨ ਚੈਖ਼ਵ, ਪ੍ਰੋ. ਸਰਵਜੀਤ ਸਵਾਮੀ ਅਤੇ ਸਵ: ਸਫ਼ਦਰ ਹਾਸ਼ਮੀ ਦੀਆਂ ਰਚਨਾਵਾਂ ਤੇ ਅਧਾਰਿਤ ਨਾਟਕ ‘ਗਿਰਗਿਟ* ਅਤੇ ‘ਹੁਣ ਤਾਂ ਸੁਧਰੋ ਯਾਰੋ* ਸ਼ਾਮਿਲ ਸਨ। ਨਾਟਕ ਵਿਚਲੇ ਵੱਖ—ਵੱਖ ਕਿਰਦਾਰਾਂ ਨੂੰ ਰੰਗਮੰਚ ਦੇ ਕਲਾਕਾਰਾਂ ਨੇ ਬਾਖੂਬੀ ਨਿਭਾਇਆ। ਜਿਸ ਵਿੱਚ ਉੱਚੇਚੇ ਤੌਰ ਤੇ ਕਲਾਕ੍ਰਿਤੀ ਦੀ ਨਿਰਦੇਸ਼ਕ ਪਰਮਿੰਦਰ ਪਾਲ ਕੌਰ ਸ਼ਾਮਿਲ ਸਨ ਜਿਨ੍ਹਾਂ ਨੇ ਕੋਈ ‘ਦਿਓ ਜਵਾਬ’ ਨਾਟਕ ਦੇ ਮੋਨੋਲਾਗ ਨੂੰ ਬਾਖੂਬੀ ਪੇਸ਼ ਕੀਤਾ। ਬਾਕੀ ਕਲਾਕਾਰਾਂ ਵਿੱਚ ਗੋਪਾਲ ਸ਼ਰਮਾ, ਜਸਵਿੰਦਰ ਜੱਸੀ, ਸੰਨੀ ਸਿੱਧੂ ਅਤੇ ਨਵਦੀਪ ਸਿੰਘ ਸ਼ਾਮਿਲ ਸਨ।
ਇਸ ਤੋਂ ਇਲਾਵਾ ਵੱਖ—ਵੱਖ ਸੈਸ਼ਨਾਂ ਦੋਰਾਨ ਰੰਗਮੰਚ ਚਰਚਾ, ਸੈਮੀਨਾਰ, ਕਾਵਿ ਸਮਾਰੋਹ, ਸੰਗੀਤ ਅਤੇ ਨ੍ਰਿਤ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ।ਇਸ ਦੋਰਾਨ ਵੱਖ—ਵੱਖ ਥਾਵਾਂ ਤੇ ਆਏ ਹੋਏ ਮਹਿਮਾਨਾਂ ਨੇ ਜਿੱਥੇ ਕਲਾਕ੍ਰਿਤੀ, ਨਟਰਾਜ ਆਰਟਸ ਥੀਏਟਰ ਅਤੇ ਵਿਸ਼ਵ ਰੰਗਮੰਚ ਦੀ ਮਹੱਤਤਾ ਬਾਰੇ ਆਪਣੇ ਆਪਣੇ ਵਿਚਾਰ ਰੱਖੇ ਉੱਥੇ ਰੰਗਮੰਗ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਰੰਗਮੰਚ ਦੇ ਕਲਾਕਾਰਾਂ ਨੂੰ ਵੱਧ ਤੋਂ ਵੱਧ ਮਾਇਕ ਸਹਾਇਤਾ ਦੇਣ ਲਈ ਜੋਰ ਪਾਇਆ। ਇਸ ਦੋਰਾਨ ਭਾਸ਼ਾ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ, ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਜਸਲੀਨ ਕੌਰ ਭੁੱਲਰ, ਚੰਦਨਦੀਪ ਕੌਰ ਜਿਲ੍ਹਾ ਭਾਸ਼ਾ ਅਫਸਰ ਪਟਿਆਲਾ, ਅੰਤਰ—ਰਾਸ਼ਟਰੀ ਮਾਮਲਿਆਂ ਦੇ ਮਾਹਿਰ ਅਤੇ ਵਿਸ਼ਵ ਚਿੰਤਕ ਐਵਾਰਡੀ ਡਾ. ਸਵਰਾਜ ਸਿੰਘ, ਨਿਰਮਾਤਾ, ਲੇਖਕ ਅਤੇ ਅਦਾਕਾਰ ਇੰਜੀਨੀਅਰ ਐਚ.ਐਸ.ਕੁਲਾਰ, ਪ੍ਰਿੰਸੀਪਲ ਰੁਪਿੰਦਰਜੀਤ ਕੌਰ ਵਾਲੀਆ, ਗੁਰਵਿੰਦਰ ਕੌਰ, ਡਾ. ਜੁਗਰਾਜ ਸਿੰਘ, ਸਤਿੰਦਰ ਕੌਰ, ਹਰਜੀਤ ਕੈਂਥ, ਅਸ਼ਰਫ ਮਹਿਮੂਦ ਨੰਦਨ ਆਦਿ ਸ਼ਾਮਿਲ ਸਨ।
ਇਸ ਮੋਕੇ ਡਾ. ਸਵਰਾਜ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਰੰਗਮੰਚ ਹੀ ਇੱਕ ਅਜਿਹੀ ਵਿਧਾ ਹੈ ਜਿਸ ਰਾਹੀਂ ਸਮਾਜ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਨੂੰ ਰੋਕਣ ਲਈ ਅਹਿਮ ਰੋਲ ਹੁੰਦਾ ਹੈ। ਜਿਸ ਵਿੱਚ ਕਲਾਕਾਰ ਅਤੇ ਨਿਰਦੇਸ਼ਕ ਦੋਵੇਂ ਆਪਸ ਵਿੱਚ ਮਿਲ ਕੇ ਨਾਟਕੀ ਵਣਗੀਆਂ ਨੂੰ ਬਾਖ਼ੂਬੀ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਇਸ ਮੋਕੇ ਪੇਸ਼ ਕੀਤੇ ਗਏ ਨਾਟਕਾਂ ਸਬੰਧੀ ਕਲਾਕਾਰਾਂ ਅਤੇ ਨਾਟ ਸੰਸਥਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ, ਪੈਗੰਬਰਾਂ ਵੱਲੋਂ ਵਿਖਾਏ ਹੋਏ ਰਾਹਾਂ ਉੱਤੇ ਚਲਦਿਆਂ ਕਦੇ ਵੀ ਕੁਦਰਤ ਨਾਲ ਅਜਿਹੀ ਛੇੜਛਾੜ ਨਹੀਂ ਕਰਨੀ ਚਾਹੀਦੀ ਜਿਸ ਨਾਲ ਸਮਾਜ ਦਾ ਨੁਕਸਾਨ ਹੁੰਦਾ ਹੋਵੇ ਅਤੇ ਰੰਗਮੰਚ ਹੀ ਅਜਿਹਾ ਸਾਧਨ ਹੈ ਜੋ ਕਿ ਸਮਾਜਿਕ ਬੁਰਾਈਆਂ ਨੂੰ ਨਕੇਲ ਪਾਉਂਦਾ ਹੈ। ਇੰਜ: ਐਚ.ਐਸ.ਕੁਲਾਰ ਅਤੇ ਡਾ. ਸਵਰਾਜ ਸਿੰਘ ਨੇ ਕਲਾਕਾਰਾਂ ਨੂੰ ਵਿਸ਼ੇਸ਼ ਤੋਰ ਤੇ ਮਾਇਕ ਸਹਾਇਤਾ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਕਲਾਕਾਰਾਂ ਦੀ ਅਦਾਕਾਰੀ ਦੀ ਭਰਵੀਂ ਸ਼ਲਾਘਾ ਕੀਤੀ।
ਕਲਾਕ੍ਰਿਤੀ ਦੀ ਨਿਰਦੇਸ਼ਕ ਪਰਮਿੰਦਰ ਪਾਲ ਕੌਰ ਨੇ ਵਿਸ਼ਵ ਰੰਗਮੰਚ ਦੀ ਮਹੱਤਤਾ, ਰੰਗਮੰਚ ਦੇ ਖੇਤਰ ਵਿੱਚ ਕਲਾਕਾਰਾਂ ਨੂੰ ਆ ਰਹੀਆਂ ਪਰੇਸ਼ਾਨੀਆਂ, ਉੱਚ ਪੱਧਰੀ ਨਾਟਕੀ ਪੇਸ਼ਕਾਰੀਆਂ ਅਤੇ ਰੰਗਮੰਚ ਦੀਆਂ ਬਰੀਕੀਆਂ ਬਾਰੇ ਜਿਵੇਂ ਲਾਈਟ, ਕਾਸਟਿਊਮ, ਮੰਚ ਸੱਜਾ, ਸੰਗੀਤ ਅਤੇ ਨਾਚ ਬਾਰੇ ਵੀ ਵਿਸ਼ੇਸ਼ ਤੌਰ ਤੇ ਕਲਾਕਾਰਾਂ ਅਤੇ ਨਾਟ ਸੰਸਥਾਵਾਂ ਨੂੰ ਬਾਖੂਬੀ ਨਾਲ ਜਾਣੂ ਕਰਵਾਇਆ। ਇਸ ਮੋਕੇ ਨਾਟਕ ਦੇ ਨਿਰਦੇਸ਼ਕ ਗੋਪਾਲ ਸ਼ਰਮਾ ਨੇ ਵੀ ਦਰਸ਼ਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਉਹ ਪੰਜਾਬ ਦੇ ਵੱਖ—ਵੱਖ ਇਲਾਕਿਆਂ ਵਿੱਚ ਆਪਣੇ ਨੁੱਕੜ ਨਾਟਕਾਂ ਰਾਹੀਂ ਵੱਧ ਤੋਂ ਵੱਧ ਦਰਸ਼ਕਾਂ ਨੂੰ ਜੋੜਦੇ ਹੋਏ ਉੱਚ ਪੱਧਰੀ ਪੇਸ਼ਕਾਰੀਆਂ ਕਰਦੇ ਰਹਿਣਗੇ।