ਐਲ ਆਰ ਡੀ ਏ ਵੀ ਕਾਲਜ ਕੈਂਪਸ ਵਿੱਚ ਹੋਇਆ ਵੱਡੇ ਪੱਧਰ ਦਾ ਕਵੀ ਸੰਮੇਲਨ ਅਤੇ ਮੁਸ਼ਾਇਰਾ
ਦੀਪਕ ਜੈਨ
ਜਗਰਾਉਂ, 7 ਅਪ੍ਰੈਲ 2024 - ਬੀਤੇ ਸ਼ਨੀਵਾਰ ਦੀ ਸ਼ਾਮ ਨੂੰ ਸਥਾਨਕ ਐਲਆਰ ਡੀਏਵੀ ਕਾਲਜ ਦੀ ਸਟੇਜ ਉੱਤੇ ਇੱਕ ਬਹੁਤ ਹੀ ਸ਼ਾਨਦਾਰ ਕਵੀ ਸੰਮੇਲਨ ਅਤੇ ਮੁਸ਼ਾਇਰਾ ਕਰਵਾਇਆ ਗਿਆ। ਇਸ ਮੁਸ਼ਾਇਰੇ ਦੀ ਨੁਮਾਇੰਦਗੀ ਕਰਦਿਆਂ ਹੋਇਆਂ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਇਕਾਈ ਐਲਮਨੀ ਵੱਲੋਂ ਕਰਵਾਇਆ ਗਿਆ ਐਲਮਣੀ ਦੇ ਮੈਂਬਰਾਂ ਅਤੇ ਕਾਲਜ ਦੇ ਪੂਰਬ ਵਿਦਿਆਰਥੀਆਂ ਨੂੰ ਇਸ ਸੰਮੇਲਨ ਵਿੱਚ ਪਹੁੰਚਣ ਲਈ ਉਚੇਚੇ ਸੱਦੇ ਭੇਜੇ ਗਏ ਸਨ ਅਤੇ ਕਾਲਜ ਨਾਲ ਜੁੜੇ ਹੋਏ ਪੁਰਾਣੇ ਤੋਂ ਪੁਰਾਣੇ ਵਿਦਿਆਰਥੀ ਜੋ ਕਿ ਹੁਣ ਆਪਣੇ ਜੀਵਨ ਦੇ ਸੱਤਵੇਂ ਅੱਠਵੇਂ ਦਹਾਕੇ ਵਿੱਚ ਪਹੁੰਚ ਚੁੱਕੇ ਹਨ ਅਤੇ ਰਿਟਾਇਰਡ ਲਾਈਫ ਦੀਆਂ ਮੌਜਾਂ ਕਰ ਰਹੇ ਹਨ ਉਹ ਵੀ ਉਚੇਚੇ ਤੌਰ ਤੇ ਇਸ ਕਵੀ ਸੰਮੇਲਨ ਦਾ ਆਨੰਦ ਮਾਨਣ ਲਈ ਪਹੁੰਚੇ ਹੋਏ ਸਨ।
ਸਭ ਤੋਂ ਪਹਿਲਾਂ ਤਾਂ ਅਲਮਣੀ ਦੇ ਜਨਰਲ ਸਕੱਤਰ ਅਤੇ ਹਰ ਫੰਕਸ਼ਨ ਵਿੱਚ ਸਟੇਜ ਸੰਭਾਲਣ ਵਾਲੇ ਨਰੇਸ਼ ਵਰਮਾ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਰਜਮਾ ਸਵਾਗਤ ਕੀਤਾ ਗਿਆ ਅਤੇ ਸਵਾਗਤ ਤੋਂ ਮਗਰੋਂ ਕਵੀ ਦਰਬਾਰ ਅਤੇ ਮੁਸ਼ਾਇਰਾ ਸ਼ੁਰੂ ਹੋਇਆ ਜਿਸ ਵਿੱਚ ਸਭ ਤੋਂ ਪਹਿਲਾਂ ਜੀਐਸ ਪੀਟਰ ਨੇ ਆਪਣੀ ਹਾਜ਼ਰੀ,"ਇਦਾਂ ਨਹੀਂ ਕਰੀਦਾ ਇਦਾਂ ਨਹੀਂ ਕਰੀਦਾ" ਕਵਿਤਾ ਤੋਂ ਲਗਵਾ ਕੇ ਸਰੋਤਿਆਂ ਕੋਲੋਂ ਵੱਡੀ ਦਾਦ ਲਿਤੀ। ਮਨਦੀਪ ਨੇ ਆਪਣੀ ਕਵਿਤਾ " ਸੱਜਣ ਜੇਕਰ ਰੁਸਨ ਤੇ ਸਾਹ ਆ ਜਾਂਦੇ ਮੁੱਕਣ ਤੇ ਸੁਣਾਈ"। ਜਗਰਾਉਂ ਦੇ ਹੀ ਬਜ਼ੁਰਗ ਸ਼ਾਇਰ ਅਵਤਾਰ ਸਿੰਘ ਨੇ ਅਖੌਤੀ ਬਾਬਿਆਂ ਨੂੰ ਲਲਕਾਰ ਦੀ ਹੋਈ ਕਵਿਤਾ ਸੁਣਾ ਕੇ "ਜਾ ਉਹ ਜੋਗੀ ਜਾ ਬਹਾਰਾਂ ਨੂੰ ਨਾ ਠੁੱਠ ਦਿਖਾ" ਸੁਣਾਈ ਤਾਂ ਸਰੋਤਿਆਂ ਨੇ ਬੜੇ ਜੋਰ ਨਾਲ ਦਾਦ ਦਿੱਤੀ। ਦਿਲਜੀਤ ਕੌਰ ਹਠੂਰ ਨੇ ਤਾਂ ਗਿੱਧਾ ਸੁਣਾ ਕੇ ਕਵੀ ਸੰਮੇਲਨ ਦਾ ਰੂਪ ਹੀ ਬਦਲ ਦਿੱਤਾ ਉਸ ਦੀ ਕਵਿਤਾ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਸਟੇਜ ਉੱਪਰ ਪੰਜਾਬਣਾ ਗਿੱਧਾ ਪਾ ਰਹੀਆਂ ਹੋਣ।
ਮਾਂ ਬੋਲੀ ਪੰਜਾਬੀ ਬਾਰੇ ਬੋਲਦੀ ਹੋਈ ਦਲਜੀਤ ਕੌਰ ਨੇ ਅੱਜ ਦੇ ਸਮਾਜ ਨੂੰ ਮਾਂ ਬੋਲੀ ਨਾਲ ਜੁੜੇ ਰਹਿਣ ਦਾ ਵੀ ਹੋਕਾ ਦਿੱਤਾ। ਰਿਟਾਇਰ ਪ੍ਰੋਫੈਸਰ ਜੀਐਸ ਤੂਰ ਨੇ ਆਪਣੀ ਕਵਿਤਾ 'ਕੁੜੀਆਂ ਕੁੜੀਆਂ ਕੁਦਰਤ ਦੀ ਸਤਰੰਗੀ ਸ੍ਰਿਸ਼ਟੀ ਦੀ ਸਿਰਜਨਾ ਕੁੜੀਆਂ" ਬੜੇ ਖੂਬਸੂਰਤ ਅੰਦਾਜ਼ ਵਿੱਚ ਸੁਣਾਈ। ਰਣਜੀਤ ਸਿੰਘ ਹਠੂਰ ਨੇ ਸ਼ਾਂਤੀ ਦੇ ਦੂਤ ਕਬੂਤਰ ਵਾਲੀ ਕਵਿਤਾ ਸੁਣਾ ਕੇ ਇੱਕ ਨਵੇਕਲਾ ਹੀ ਰੰਗ ਬੰਨ ਦਿੱਤਾ, ਉਰਦੂ ਅਤੇ ਹਿੰਦੀ ਦੇ ਮਸ਼ਹੂਰ ਸ਼ਾਇਰ ਰਵਿੰਦਰ ਰਵੀ ਨੇ ਆਪਣੀ ਹਿੰਦੁਸਤਾਨੀ ਬੋਲੀ ਵਿੱਚ ਰੋਸ਼ਨੀ ਬਾਰੇ ਕਵਿਤਾ ਸੁਣਾਉਂਦੇ ਹੋਏ ਕਿਹਾ ਕਿ "ਜਿਸ ਰੋਸ਼ਨੀ ਨੇ ਸਾਥ ਕਭੀ ਨਿਭਾਇਆ ਨਹੀਂ ਮੈਨੇ ਵੀ ਚਿਰਾਗ ਫਿਰ ਕਭੀ ਜਲਾਇਆ ਨਹੀਂ"। ਤਰਲੋਚਨ ਲੋਚੀ ਵੱਲੋਂ ਸੁਣਾਈ ਗਈ ਕਵਿਤਾ "ਪਲ ਦੋ ਪਲ ਉਸਨੇ ਪਾਈ ਝਾਤ ਸੀ ਮੇਰੇ ਕਦਮਾਂ ਵਿੱਚ ਕਾਇਨਾਤ ਸੀ" ਨੇ ਸਰੋਤਿਆਂ ਨੂੰ ਤਾਲੀਆਂ ਮਾਰਨ ਲਈ ਮਜਬੂਰ ਕਰ ਦਿੱਤਾ।
ਪੂਰੇ ਮੁਸ਼ਾਇਰੇ ਦੀ ਸਦਾਰਤ ਕਰਨ ਵਾਲੇ ਜਗਵਿੰਦਰ ਯੋਧਾ ਨੂੰ ਜਦੋਂ ਤ੍ਰਲੋਚਨ ਲੋਚੀ ਨੇ ਕਵਿਤਾ ਸੁਣਾਣ ਲਈ ਕਿਹਾ ਤਾਂ ਉਸ ਨੇ ਨੈਤਿਕਤਾ ਦੇ ਪਹਿਰੇਦਾਰ ਸਨ ਉਹ ਤੰਗ ਕੀਤੇ ਮੈਂ ਹਰ ਤਰਤੀਬ ਤੋੜੀ ਸਭ ਤਵਾਜਨ ਭੰਗ ਕੀਤੇ ਜੋ ਨੈਤਿਕਤਾ ਦੇ ਪਹਿਰੇਦਾਰ ਸਨ ਉਹ ਤੰਗ ਕੀਤੇ" ਕਵਿਤਾ ਸੁਣਾ ਕੇ ਪੂਰੀ ਤਰਹਾਂ ਮੁਸ਼ਹਿਰਾ ਲੁੱਟਣ ਦੀ ਹਿਮਾਕਤ ਹੀ ਕਰ ਦਿੱਤੀ ਅਤੇ ਅਦਾਰਾ ਬਾਬੂਸ਼ਾਹੀ ਦੇ ਸੰਪਾਦਕ ਪ੍ਰੋਫੈਸਰ ਗੁਰਭਜਨ ਗਿੱਲ ਨੇ ਜਦੋਂ ਆਪਣੀਆਂ ਅਲੱਗ ਅਲੱਗ ਕਵਿਤਾਵਾਂ ਦੇ ਸ਼ੇਅਰ ਪੜੇ ਤਾਂ ਸਰੋਤੇ ਉਹਨਾਂ ਦੀ ਸ਼ਾਇਰੀ ਤੇ ਅਸ਼ ਅਸ਼ ਕਰ ਉਠੇ। ਉਨਾਂ ਦੇ ਅਣਖ ਨਾਲ ਜਿਉਣ ਵਾਲੇ ਸ਼ੇਅਰ "ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ, ਬੇਸ਼ਰਮਾਂ ਦਾ ਨੀਵੀ ਪਾ ਕੇ ਸਰ ਜਾਂਦਾ ਹੈ"। ਇਸ ਮੁਸ਼ਾਹਿਰੇ ਵਿੱਚ ਸ਼ਹਿਰ ਦੀਆਂ ਅਲੱਗ ਅਲੱਗ ਧਾਰਮਿਕ, ਸਮਾਜਿਕ ਅਤੇ ਲੋਕ ਸੇਵਾ ਨੂੰ ਸਮਰਪਿਤ ਸ਼ਖਸੀਅਤਾਂ ਨੇ ਵੀ ਹਿੱਸਾ ਲੈ ਕੇ ਪੂਰੀ ਤਰਹਾਂ ਆਨੰਦ ਮਾਣਿਆ।