ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ' ਸ਼ਹੀਦਨਾਮਾ ' ਬੂਟਾ ਸਿੰਘ ਚੌਹਾਨ ਵੱਲੋਂ ਲੋਕ ਅਰਪਣ
ਬਰਨਾਲਾ, 13 ਸਤੰਬਰ 2024 - ਗੁਰਦੁਆਰਾ ਤਪ ਸਥਾਨ ਘੁੰਨਸ (ਬਰਨਾਲਾ)ਵਿਖੇ ਦਸਵੀਂ ਦੇ ਦਿਹਾੜੇ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ 'ਸ਼ਹੀਦਨਾਮਾ' ਲੋਕ ਅਰਪਣ ਕੀਤੀ ਗਈ।
ਇਹ ਰਸਮ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਅਦਾ ਕਰਨ ਉਪਰੰਤ ਕਿਹਾ ਕਿ ਸੰਤ ਘੁੰਨਸ ਜਿੱਥੇ ਖ਼ੁਦ ਧਾਰਮਿਕ ਕਵੀ ਹਨ ਉਥੇ ਵਾਰਤਕ ਲੇਖਕ ਵੀ ਹਨ। ਉਹ ਸ਼ਬਦ ਸ਼ਕਤੀ ਦੀ ਸਮਰੱਥਾ ਅਤੇ ਸ਼ਬਦ ਸ਼ਕਤੀ ਦੇ ਬਹੁ ਪਾਸਾਰੀ ਅਰਥ ਵੀ ਸਮਝਦੇ ਨੇ। ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਇਸ ਮੌਕੇ ਕਿਹਾ ਕਿ ਇਹ ਸੰਤ ਘੁੰਨਸ ਦੀ ਤੀਜੀ ਪੁਸਤਕ ਹੈ।ਇਸ ਤੋਂ ਪਹਿਲਾਂ 'ਜਿੰਦ ਮਿੱਟੀ ਦੀ ਢੇਰੀ' ਅਤੇ 'ਮਾਲਵੇ ਦੇ ਦਰਵੇਸ਼ ਸੰਤ ਅਤਰ ਸਿੰਘ ਘੁੰਨਸ ਪੁਸਤਕਾਂ 'ਛਪ ਚੁੱਕੀਆਂ ਹਨ। ਸੰਪਾਦਨ ਅਤੇ ਅਨੁਵਾਦ ਦੇ ਖੇਤਰ ਵਿਚ ਸਰਗਰਮ ਜਗਮੇਲ ਸਿੱਧੂ ਮੈਂਬਰ ਸਲਾਹਕਾਰ ਬੋਰਡ ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਕਿਹਾ ਕਿ ਸੰਤ ਘੁੰਨਸ ਹੁਣ ਤੱਕ ਪੰਜਾਹ ਤੋਂ ਪ੍ਰਸਿੱਧ ਪੰਜਾਬੀ ਲੇਖਕਾਂ ਨੂੰ ਹਰ ਦੁਸਹਿਰੇ ਦੇ ਮੌਕੇ 'ਤੇ ਸਨਮਾਨਤ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਡਾ. ਸੁਰਜੀਤ ਪਾਤਰ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵੀ ਸ਼ਾਮਿਲ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚੁੰਗਾਂ ਨੇ ਕਿਹਾ ਕਿ ਸੰਗਤ ਨੂੰ ਧਾਰਮਿਕ ਅਤੇ ਸਮਾਜਿਕ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਉਨ੍ਹਾਂ ਨੂੰ ਇਤਿਹਾਸ ਵਿਰਸਾਮਈ ਕਦਰਾਂ ਕੀਮਤਾਂ ਦਾ ਪਤਾ ਲੱਗ ਸਕੇ ।
ਸੰਤ ਬਲਬੀਰ ਸਿੰਘ ਘੁੰਨਸ ਨੇ ਸੰਗਤ ਦਾ ਧੰਨਵਾਦ ਕਰਨ ਉਪਰੰਤ ਕਿਹਾ ਕਿ ਇਸ ਵਿਚ ਪੰਜਵੀਂ ਪਾਤਸ਼ਾਹੀ, ਨੌਵੀਂ ਪਾਤਸ਼ਾਹੀ ਅਤੇ ਬਹੁਤ ਸਾਰੇ ਸ਼੍ਰੋਮਣੀ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ 'ਤੇ ਚਾਨਣਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪੁਸਤਕ ਦਾ ਦੂਜਾ ਭਾਗ ਵੀ ਜਲਦੀ ਸੰਪਾਦਿਤ ਕਰਨਗੇ। ਉਨ੍ਹਾਂ ਪੁਸਤਕ ਲਈ ਰਚਨਾਤਮਿਕ ਸਹਿਯੋਗ ਦੇਣ ਵਾਲੇ ਸਿੱਖ ਵਿਦਵਾਨਾਂ ਅਤੇ ਪੰਜਾਬੀ ਲੇਖਕਾਂ ਦਾ ਧੰਨਵਾਦ ਕੀਤਾ।
ਸਟੇਜ ਸੰਚਾਲਨ ਡਾ ਭੁਪਿੰਦਰ ਸਿੰਘ ਬੇਦੀ ਨੇ ਕੀਤਾ।