ਭਾਸ਼ਾ ਵਿਭਾਗ ਫਰੀਦਕੋਟ ਵਿਖੇ ਮਨਜੀਤ ਪੁਰੀ ਦੀ ਅਨੁਵਾਦਿਤ ਪੁਸਤਕ ਲੋਕ-ਅਰਪਣ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 9 ਫਰਵਰੀ 2022 - ਭਾਸ਼ਾ ਵਿਭਾਗ ਫਰੀਦਕੋਟ ਦੇ ਦਫ਼ਤਰ ਵਿਖੇ ਪੰਜਾਬੀ ਸ਼ਾਇਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਪੁਸਤਕ 'ਆਨੰਦੀ ਦੀ ਸਤਰੰਗੀ ਪੀਂਘ' ਪੰਜਾਬੀ ਸ਼ਾਇਰ ਵਿਜੇ ਵਿਵੇਕ, ਕਵੀ ਕੁਮਾਰ ਜਗਦੇਵ ਸਿੰਘ, ਖੋਜ ਅਫਸਰ ਕੰਵਰਜੀਤ ਸਿੰਘ ਸਿੱਧੂ ਵੱਲੋਂ ਲੋਕ-ਅਰਪਿਤ ਕੀਤੀ ਗਈ । ਬਾਲ-ਸਾਹਿਤ ਦੀ ਇਹ ਪੁਸਤਕ ਮਨਜੀਤ ਪੁਰੀ ਵੱਲੋਂ ਅੰਗਰੇਜੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਹੈ ।ਅੰਗਰੇਜ਼ੀ ਭਾਸ਼ਾ ਵਿੱਚ ਇਸ ਦੇ ਮੂਲ ਲੇਖਕ ਅਨੂਪ ਰਾਏ ਹਨ । ਇਸ ਬਾਲ ਪੁਸਤਕ ਨੂੰ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਛਾਪਿਆ ਗਿਆ ਹੈ ।
ਇਸ ਮੌਕੇ 'ਤੇ ਬੋਲਦਿਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਵਿਜੇ ਵਿਵੇਕ ਨੇ ਦੱਸਿਆ ਕਿ ਅਨੂਪ ਰਾਏ ਵੱਲੋਂ ਲਿਖੀ ਗਈ ਤੇ ਮਨਜੀਤ ਪੁਰੀ ਵੱਲੋਂ ਅਨੁਵਾਦ ਕੀਤੀ ਇਹ ਪੁਸਤਕ ਬੇਹੱਦ ਰੌਚਕ ਪੁਸਤਕ ਹੈ ।ਪੰਜਾਬੀ ਕਵੀ ਕੁਮਾਰ ਜਗਦੇਵ ਨੇ ਇਸ ਪੁਸਤਕ ਦੇ ਖ਼ੂਬਸੂਰਤ ਅਨੁਵਾਦ ਤੇ ਤਸੱਲੀ ਪ੍ਰਗਟ ਕਰਦਿਆਂ ਆਸ ਜਤਾਈ ਕਿ ਪੁਸਤਕ ਬਾਲਾਂ ਲਈ ਤੋਹਫੇ ਵਰਗੀ ਹੈ । ਖੋਜ ਅਫਸਰ ਸੁਧਾਰ ਕੰਵਰਜੀਤ ਸਿੰਘ ਸਿੱਧੂ ਨੇ ਸਭ ਨੂੰ ਇਸ ਪੁਸਤਕ ਦੇ ਖ਼ੂਬਸੂਰਤ ਅਨੁਵਾਦ ਅਤੇ ਛਪਾਈ 'ਤੇ ਤਸੱਲੀ ਪ੍ਰਗਟਾਈ । ਇਸ ਮੌਕੇ 'ਤੇ ਰਣਜੀਤ ਸਿੰਘ ਸੀਨੀ.ਸਹਾਇਕ, ਕੇਸ਼ਵ ਅਜਾਦ, ਕਵੀ ਰਾਜਬੀਰ ਮੱਤਾ, ਸੁਖਦੀਪ ਸਿੰਘ ਪੱਖੀ, ਸੰਦੀਪ ਕੌਰ ਆਦਿ ਵੀ ਹਾਜਰ ਸਨ ।