ਲੁਧਿਆਣਾ: 21 ਅਪ੍ਰੈਲ - ਅਮਰੀਕਾ ਦੇ ਸਭ ਤੋਂ ਪਹਿਲੇ ਸੂਬੇ ਡੈਲਵੇਅਰ ਚ ਲੰਮੇ ਸਮੇਂ ਤੋਂ ਵੱਸਦੇ ਸੌਫਟ ਵੇਅਰ ਇੰਜਨੀਅਰ, ਮੀਰੀ ਪੀਰੀ ਮੈਗਜ਼ੀਨ ਦੇ ਸਾਬਕਾ ਸੰਪਾਦਕ ਤੇ ਸਿੱਖ ਚਿੰਤਨ ਦੇ ਗੰਭੀਰ ਪੇਸ਼ਕਾਰ ਇੰਜ. ਚਰਨਜੀਤ ਸਿੰਘ ਮਿਨਹਾਸ ਨੇ ਅੱਜ ਲੁਧਿਆਣਾ ਚ ਇੱਕ ਮਿਲਣੀ ਦੌਰਾਨ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਾਨੂੰ ਸਰਬ ਧਰਮ ਆਪਸੀ ਸੰਵਾਦ ਤੇ ਗੋਸ਼ਟੀ ਦੇ ਨਾਲ ਨਾਲ ਸੇਵਾ ਮਾਰਗ ਤੇ ਤੁਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਵਿੱਚ ਅਸੀਂ ਈਸਾਈ ਚਰਚਾਂ, ਯਹੂਦੀ, ਮੁਸਲਮਾਨ ਤੇ ਹੋਰ ਧਰਮਾਂ ਦੇ ਵਿਸ਼ਵਾਸੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦਾ ਭਲਾ ਸੰਕਲਪ ਦਾ ਵਿਆਖਿਆਨ ਸਲਾਈਡਾਂ ਤੇ ਹੋਰ ਆਧੁਨਿਕ ਸੰਚਾਰ ਸਾਧਨਾਂ ਨਾਲ ਕਰਦੇ ਹਾਂ। ਇਸ ਨਾਲ ਸਾਡੇ ਧਰਮ ਅਤੇ ਧਰਮ ਦੇ ਮੋਢੀਆਂ ਬਾਰੇ ਬਾਕੀ ਧਰਮਾਂ ਦੇ ਪੈਰੋਕਾਰ ਵੀ ਜਾਣੂੰ ਹੁੰਦੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਗੁਰਮੁਖੀ ਲਿਪੀ, ਸਾਹਿਤ ਤੇ ਸਭਿਆਚਾਰ ਨਾਲ ਜੋੜਨ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਭਾਈਚਾਰੇ ਦੀਆਂ ਕੋਸ਼ਿਸ਼ਾਂ ਸਦਕਾ ਡੈਲਵੇਅਰ ਸਟੇਟ ਲਾਇਬਰੇਰੀ ਚ ਅਕਤੂਬਰ ਤੇ ਨਵੰਬਰ 2019 ਮਹੀਨੇ ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪੁਸਤਕਾਂ, ਗੁਰਬਾਣੀ ਗਾਇਨ ਤੇ ਹੋਰ ਦੁਰਲੱਭ ਵਸਤਾਂ ਪ੍ਰਦਰਸ਼ਿਤ ਰਹਿਣਗੀਆਂ।
ਸ: ਚਰਨਜੀਤ ਸਿੰਘ ਮਿਨਹਾਸ ਇਸ ਵੇਲੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਬਾਰੇ ਪੁਸਤਕ ਲਿਖਣ ਦੀ ਯੋਜਨਾ ਬਣਾ ਰਹੇ ਹਨ। ਸ਼ਿਵ ਕੁਮਾਰ ਦੇ ਪਰਿਵਾਰ, ਮਿੱਤਰ ਸੰਸਾਰ ਤੇ ਸਾਹਿੱਤ ਨੂੰ ਪਿਛਲੇ ਦਸ ਸਾਲਾਂ ਤੋਂ ਉਹ ਘੋਖ ਪਰਖ ਰਹੇ ਹਨ।
ਇਸ ਮੌਕੇ ਹਾਜ਼ਰ ਸੰਤ ਭਾਗ ਸਿੰਘ ਯੂਨੀਵਰਸਿਟੀ ਖਿਆਲਾ-ਮਾਣਕੋ(ਜਲੰਧਰ) ਵਿੱਚ ਪੰਜਾਬੀ ਵਿਭਾਗ ਦੇ ਮੁਖੀ ਤੇ ਕਾਵਿ ਸ਼ਾਸਤਰ ਤ੍ਰੈਮਾਸਿਕ ਖੋਜ ਪੱਤਰ ਦੇ ਸੰਪਾਦਕ ਡਾ: ਅਮਰਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ 500 ਸਾਲ ਵਾਲੀ ਸ਼ਤਾਬਦੀ ਤੋਂ ਅੱਗੇ ਤੁਰਨ ਦੀ ਸਮਾਂਬੱਧ ਸਿਲਸਿਲੇਵਾਰ ਯੋਜਨਾਕਾਰੀ ਦੀ ਲੋੜ ਹੈ।
1969 ਚ ਸਾਡੇ ਵਿਦਵਾਨਾਂ, ਚਿੰਤਕਾਂ ਤੇ ਅਧਿਆਪਕਾਂ ਨੇ ਬਹੁਤ ਨਿੱਠ ਕੇ ਖੋਜ ਕਾਰਜ ਕੀਤੇ ਸਨ, ਹੁਣ ਉਨ੍ਹਾਂ ਕੋਂ ਅੱਗੇ ਤੁਰਨ ਦੀ ਲੋੜ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਾਵਿ ਸ਼ਾਸਤਰ ਦੇ ਵਿਸ਼ੇਸ਼ ਅੰਕ ਦੀ ਕਾਪੀ ਡਰਨਜੀਤ ਸਿੰਘ ਮਿਨਹਾਸ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤੀ। ਇਸ ਮੌਕੇ ਪ੍ਰਬੁੱਧ ਪੰਜਾਬੀ ਕਵੀ ਡਾ: ਪਰਮਜੀਤ ਸੋਹਲ ਵੀ ਹਾਜ਼ਰ ਸਨ।
ਇਸ ਮਿਲਣੀ ਲਈ ਧੰਨਵਾਦ ਕਰਦਿਆਂ ਪ੍ਰੋ: ਗਿੱਲ ਨੇ ਕਿਹਾ ਕਿ ਚਰਨਜੀਤ ਸਿੰਘ ਮਿਨਹਾਸ ਦੇ ਵਿਚਾਰ ਮਹੱਤਵਪੂਰਨ ਸੰਸਥਾਵਾਂ, ਅਦਾਰਿਆਂ ਤੇ ਵਿਅਕਤੀਆਂ ਤੀਕ ਪਹੁੰਚਾਇਆ ਜਾਵੇਗਾ ਜਿਸ ਨਾਲ ਗੁਰੂ ਨਾਨਕ ਸੰਦੇਸ਼ ਪੂਰੇ ਵਿਸ਼ਵ ਅੰਦਰ ਅਸਰਦਾਰ ਢੰਗ ਨਾਲ ਪਹੁੰਚ ਸਕੇ। ਉਨ੍ਹਾਂ ਡੈਲਵੇਅਰ ਚ ਵੱਸਦੇ ਪੰਜਾਬੀਆਂ ਨਾਲ ਆਪਣੀਆਂ ਮੁਲਾਕਾਤਾਂ ਦੇ ਹਵਾਲੇ ਨਾਲ ਕਿਹਾ ਕਿ ਆਪਸੀ ਸਹਿਚਾਰ ਤੇ ਸਹਿਯੋਗ ਸਦਕਾ ਹੀ ਇਹ ਸੂਬਾ ਅਮਰੀਕਾ ਚ ਪਿਛਲੇ ਕਈ ਸਾਲਾਂ ਤੋਂ ਸਿੱਖ ਚੇਤਨਾ ਮਾਹ ਮਨਾ ਰਿਹਾ ਹੈ। ਇਸ ਮੌਕੇ ਚਰਨਜੀਤ ਸਿੰਘ ਮਿਨਹਾਸ ਨੂੰ ਉਨ੍ਹਾਂ ਆਪਣੀਆਂ ਕਾਵਿ ਪੁਸਤਕਾਂ ਸ਼ੀਸ਼ਾਝੂਠ ਬੋਲਦਾ ਹੈ. ਫੁੱਲਾਂ ਦੀ ਝਾਂਜਰ ਤੇ ਮੋਰਪੰਖ ਭੇਂਟ ਕੀਤੀਆਂ।