ਸਿੱਖਿਆ ਅਤੇ ਕਲਾ ਮੰਚ ਪੰਜਾਬ ਵਲੋ ਰਾਜ ਪੱਧਰੀ ਮੁਕਾਬਲੇ
-ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ "ਨਵੇਂ ਦਿਸਹੱਦੇ" ਪ੍ਰੋਗਰਾਮ
- ਰਾਜ ਪੱਧਰੀ ਮੁਕਾਬਲਿਆਂ ਦਾ ਪੋਸਟਰ ਕੀਤਾ ਰਿਲੀਜ਼
ਮੋਗਾ 3 ਮਈ 2024 - ਸਿੱਖਿਆ ਤੇ ਕਲਾ ਮੰਚ ਪੰਜਾਬ ਵਲੋ ਕਰਵਾਏ ਜਾ ਰਹੇ ਰਾਜ ਪੱਧਰੀ ਮੁਕਾਬਲਿਆਂ ਲਈ ਸੁਤੰਤਰਤਾ ਸੈਨਾਨੀ ਭਵਨ, ਮੋਗਾ ਵਿਖੇ "ਸਿਰਜਣਾ ਤੇ ਸੰਵਾਦ ਸਾਹਿਤ ਸਭਾ" ਇਕਾਈ ਮੋਗਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਵਲੋੰ ਬੁਲਾਈ ਮੀਟਿੰਗ ਵਿਚ ਚੋਣਵੇ ਸਾਹਿਤਕਾਰ/ਲੇਖਿਕ ਸਾਮਲ ਹੋਏ।
ਡਾ. ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ਰੇਡੀਓ ਰੰਗ ਐੱਫ ਐਮ ਦੇ ਪਲੇਟਫਾਰਮ 'ਤੇ ਬੱਚਿਆਂ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਚੁਣੇ ਜਾਣ ਵਾਲੇ ਪਹਿਲੇ ਤਿੰਨ ਬੱਚਿਆਂ ਨੂੰ 31-31 ਹਜਾਰ ਦੇ ਤਿੰਨ ਨਗਦ ਇਨਾਮ ਦਿੱਤੇ ਜਾ ਰਹੇ ਹਨ। ਇਸ ਸਬੰਧ ਵਿਚ ਬੱਚਿਆਂ ਨੂੰ ਉਤਸਾਹਿਤ ਤੇ ਪ੍ਰੇਰਰਤ ਕਰਨ ਲਈ ਸੁਤੰਤਰਤਾ ਸੈਨਾਨੀ ਭਵਨ, ਮੋਗਾ ਵਿਖੇ ਪੋਸਟਰ ਰਿਲੀਜ਼ ਕੀਤਾ ਗਿਆ।
ਸਰਬਜੀਤ ਨੇ "ਨਵੇਂ ਦਿਸਹੱਦੇ" ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਬਰਾੜ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵੱਖ-ਵੱਖ ਪੱਧਰਾਂ 'ਤੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਜਾਣੇ ਹਨ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਦੀਆਂ ਆਨਲਾਇਨ ਇੰਟਰੀਆਂ ਆਰੰਭ ਹੋ ਚੁਕੀਆਂ ਹਨ। ਅੰਤਿਮ ਪੜ੍ਹਾ ਤੇ ਰਾਜ ਪੱਧਰੀ ਸਮਾਗਮ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਸ ਗੁਰਚਰਨ ਸਿੰਘ ਸੰਘਾ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਸਾਹਿਤਕ ਸਿਰਜਣਾ ਲਈ ਅਜਿਹੇ ਪ੍ਰੋਗਰਾਮ ਸਹਾਈ ਸਿੱਧ ਹੋਣਗੇ।
ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਾਈ ਪ੍ਰੇਰਨਾ ਕਰਨੀ ਚਾਹੀੱਦੀ ਹੈ।ਨਰਿੰਦਰ ਰੋਹੀ ਨੇ ਮੌਕੇ ਨਾਲ ਸਬੰਧਤ ਗਜ਼ਲ ਪੇਸ ਕੀਤੀ। ਸੁਤੰਤਰਤਾ ਸੰਗਰਾਮੀ ਭਵਨ ਵਿਖੇ ਲੇਖਿਕਾਂ/ ਸਾਹਿਤਕਾਰਾਂ ਵਲੋ ਪ੍ਰੋਗਰਾਮ ਸਬੰਧੀ ਜਾਗਰਤੀ ਲਿਆਉਣ ਵਾਲਾ ਰੰਗਦਾਰ ਪੋਸਟਰ ਰਲੀਜ ਕੀਤਾ ਗਿਆ। ਇਸ ਮੌਕੇ ਮਾਸਟਰ ਪ੍ਰੇਮ ਕੁਮਾਰ, ਪਰਮਿੰਦਰ ਕੌਰ ਮੋਗਾ, ਮੰਨਤ ਸ਼ਰਮਾ, ਪਰਦੀਪ ਕੁਮਾਰ ਸ਼ਰਮਾ ਅਤੇ ਰਾਘਵ ਸ਼ਰਮਾ ਆਦਿ ਹਾਜ਼ਰ ਸਨ। ਪੋਸਟਰ ਰਿਲੀਜ਼ ਕਰਦਿਆਂ ਡਾ ਬਰਾੜ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਸਾਹਿਤ ਕਲਾ ਦੇ ਖੇਤਰ ਵਿੱਚ ਅੱਗੇ ਲਿਆਉਣ ਲਈ ਉਤਸਾਹਿਤ ਕੀਤਾ ਜਾਵੇ।