ਡਾ. ਦਰਸ਼ਨ ਸਿੰਘ ਆਸ਼ਟ ਦੀ ਬਾਲ ਪੁਸਤਕ ‘ਕਿਤਾਬੋਂ ਮੇਂ ਪੰਖ' ਰਿਲੀਜ਼
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 31 ਜਨਵਰੀ 2024:-
ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ ਦੇ ਦੂਜੇ ਦਿਨ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ‘ਆਸ਼ਟ* ਦੀ ਬਾਲ ਪੁਸਤਕ ‘ਕਿਤਾਬੋਂ ਮੇਂ ਪੰਖ* ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ (ਮਾਨਸਾ) ਦੇ ਵਿਦਿਆਰਥੀਆਂ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ. ‘ਆਸ਼ਟ* ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪੰਜਾਬੀ ਪਾਠ ਪੁਸਤਕਾਂ ਵਿਚ ਸ਼ਾਮਿਲ ਆਪਣੀਆਂ ਲਿਖਤਾਂ ਦੇ ਵਿਸ਼ਿਆਂ ਅਤੇ ਉਹਨਾਂ ਦੀ ਰਚਨਾ ਪ੍ਰਕਿਰਿਆ ਬਾਰੇ ਵੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿਚ ਸਕੂਲੀ ਵਿਦਿਆਰਥੀਆਂ ਦਾ ਪੰਜਾਬੀ ਸਾਹਿਤ,ਭਾਸ਼ਾ ਅਤੇ ਸਭਿਆਚਾਰ ਨਾਲ ਜੁੜਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਪੱਛਮੀ ਸਭਿਆਚਾਰ ਦੀ ਹਨੇਰੀ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਨਿੱਗਰ ਜੀਵਨ ਮੁੱਲਾਂ ਅਤੇ ਨੈਤਿਕ ਕਦਰਾਂ ਨਾਲੋਂ ਤੋੜ ਕੇ ਉਹਨਾਂ ਨੂੰ ਗੁਮਰਾਹ ਕਰ ਰਹੀ ਹੈ। ਮਿਆਰੀ ਬਾਲ ਸਾਹਿਤ ਇਸ ਦਿਸ਼ਾ ਵਿਚ ਕਾਰਗਰ ਸਿੱਧ ਹੋ ਸਕਦਾ ਹੈ।ਉਹਨਾਂ ਕਿਹਾ ਕਿ ਸਕੂਲੀ ਸਿੱਖਿਆ ਵਿਚ ਹੁਸ਼ਿਆਰ ਹੋਣ ਲਈ ਮੋਰਾਂ ਦੇ ਖੰਭ ਕਿਤਾਬਾਂ ਵਿਚ ਰੱਖਣ ਦੀ ਬਜਾਏ ਲਗਨ,ਮਿਹਨਤ ਅਤੇ ਅਨੁਸ਼ਾਸਨ ਦੇ ਖੰਭਾਂ ਨਾਲ ਉਚੀ ਉਡਾਣ ਭਰਨੀ ਚਾਹੀਦੀ ਹੈ।
ਇਸ ਮੌਕੇ ਪੰਜਾਬੀ ਅਧਿਆਪਕ ਸ੍ਰੀ ਭੁਪਿੰਦਰ ਸਿੰਘ, ਤੋਂ ਇਲਾਵਾ ਜਸਪ੍ਰੀਤ ਸਿੰਘ,ਅਨੁ ਬਾਂਸਲ,ਮਨਪ੍ਰੀਤ ਕੌਰ ਆਦਿ ਅਧਿਆਪਕਾਂ ਤੋਂ ਇਲਾਵਾ ਇਸ ਪੁਸਤਕ ਦੇ ਪ੍ਰਕਾਸ਼ਕ ਚਰਨਜੀਤ ਸਿੰਘ ਨੇ ਵੀ ਬਾਲ ਸਾਹਿਤ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ।ਜ਼ਿਕਰਯੋੋਗ ਹੈ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ) ਵੱਲੋਂ ਹਿੰਦੀ ਭਾਸ਼ਾ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਇਸ ਪੁਸਤਕ ਵਿਚਲੀਆਂ ਕਹਾਣੀਆਂ ਪਹਿਲਾਂ ਹੀ ਪੰਜਾਬੀ ਭਾਸ਼ਾ ਵਿਚ ਬਾਲਾਂ ਨਾਲ ਸਾਂਝ ਪਾ ਚੁੱਕੀਆਂ ਹਨ।