ਲੁਧਿਆਣਾ: 19 ਮਈ 2019 - ਲੁਧਿਆਣਾ ਸ਼ਹਿਰ ਨੇੜੇ ਪੈਂਦੇ ਰਾਹੋਂ ਰੋਡ ਤੇ ਪਿੰਡ ਮੰਗਲੀ ਦੇ ਵਸਨੀਕ ਉੱਘੇ ਲੋਕ ਕਵੀ ਰਾਜਿੰਦਰ ਸਿੰਘ ਮੰਗਲੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਹੈ। ਉਹ ਲਗਪਗ 75 ਸਾਲਾਂ ਦੇ ਸਨ। ਸੰਖੇਪ ਸਮੇਂ ਚ ਹੀ ਜਾਨ ਲੇਵਾ ਬੀਮਾਰੀ ਉਨ੍ਹਾਂ ਨੂੰ ਸਾਥੋਂ ਵਿਛੋੜ ਕੇ ਲੈ ਗਈ ਹੈ।
ਦੇ ਸਾਲ ਪਹਿਲਾਂ ਹੀ ਉਨ੍ਹਾਂ ਦਾ ਪਹਿਲੀ ਕਾਵਿ ਸੰਗ੍ਰਹਿ ਬੋਲ ਧਰਤੀਏ ਬੋਲ ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਦੀ ਪ੍ਰੇਰਨਾ ਨਾਲ ਅਸਥੈਟਿਕ ਪਬਲੀਕੇਸ਼ਨਜ਼ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਹੋਇਆ ਸੀ। ਹੁਣ ਦੂਸਰਾ ਕਾਵਿ ਸੰਗ੍ਰਹਿ ਵੀ ਲਗਪਗ ਛਪਣ ਲਈ ਤਿਆਰ ਸੀ।
ਸ: ਰਾਜਿੰਦਰ ਸਿੰਘ ਮੰਗਲੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਸਕੱਤਰ ਡਾ: ਗੁਰਇਕਬਾਲ ਸਿੰਘ ਨੇ ਕਿਹਾ ਹੈ ਕਿ ਉੱਚੇ ਸੁੱਚੇ ਭਾਵਾਂ ਵਾਲੇ ਨੇਕ ਦਿਲ ਇਨਸਾਨ ਸ: ਰਾਜਿੰਦਰ ਸਿੰਘ ਮੰਗਲੀ ਨੂੰ ਲੋਕ ਹਮੇਸ਼ਾ ਯਾਦ ਕਰਦੇ ਰਹਿਣਗੇ ਤੇ ਉਨਾਂ ਦੀ ਕਲਮ ਦੁਆਰਾ ਦਿੱਤਾ ਗਿਆ ਕਾਵਿਕ ਹੋਕਾ ਉਨਾਂ ਨੂੰ ਲੋਕਾਂ ਵਿੱਚ ਹਮੇਸ਼ਾ ਜ਼ਿੰਦਾ ਰੱਖੇਗਾ...
ਉੱਘੇ ਕਹਾਣੀਕਾਰ ਸੁਖਜੀਤ ਮਾਛੀਵਾੜਾ ਨੇ ਕਿਹਾ ਹੈ ਕਿ ਸ: ਮੰਗਲੀ ਦੀਆਂ ਲਿਖਤਾਂ ਸਮੇਂ ਦਾ ਸੱਚ ਉਲੀਕ ਕੇ ਸਮਾਜ ਨੂੰ ਜਗਾਉਣ ਵਾਲੀਆਂ ਹਨ.. ਮਾਣ ਵਾਲੀ ਗੱਲ ਹੈ ਕੇ ਉਨਾਂ ਦੀਆਂ ਲਿਖਤਾਂ ਨੂੰ ਕਿਤਾਬੀ ਰੂਪ ਦੇਂਦਿਆਂ ਮੈਂ ਉਨਾਂ ਦਾ ਸਹਯੋਗੀ ਰਿਹਾ ਤੇ ਉਨਾਂ ਦੇ ਕਾਵਿ ਸੰਗ੍ਰਹਿ "ਬੋਲ ਧਰਤੀਏ ਬੋਲ" ਨੂੰ ਪੰਜਾਬੀ ਮਾਂ ਬੋਲੀ ਦੇ ਵੱਡੇ ਸਾਹਿਤਕਾਰਾਂ ਦਾ ਹੁੰਗਾਰਾ ਮਿਲਿਆ।
ਇਟਲੀ ਕੋਂ ਆਪਣੇ ਸ਼ੋਕ ਸੁਨੇਹੇ ਚ ਦਲਜਿੰਦਰ ਰਹਿਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪ੍ਰੇਰਨਾ ਨਾਲ ਪਿੰਡ ਮੰਗਲੀ ਚ ਵਿਸ਼ਾਲ ਸਾਹਿੱਤਕ ਸਮਾਗਮ ਵੀ ਕਰਵਾਇਆ ਸੀ ਜਿਸ ਚ ਸਵਰਨਜੀਤ ਸਵੀ, ਜਸਵੰਤ ਜਫਰ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਵਰਗੇ ਲੇਖਕ ਪੁੱਜੇ ਸਨ। ਅਜਿਹੇ ਨੇਕ ਦਿਲ ਇਨਸਾਨ ਦੇ ਤੁਰ ਜਾਣ ਦਾ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਾਹਿਤਿਕ ਭਾਈਚਾਰੇ ਨੂੰ ਵੀ ਉਨਾਂ ਦੀ ਘਾਟ ਮਹਿਸੂਸ ਹੋਵੇਗੀ ਪਰ ਉਨਾਂ ਦੀਆਂ ਲਿਖਤਾਂ ਸਦਕਾ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ।
ਸ: ਰਾਜਿੰਦਰ ਸਿੰਘ ਮੰਗਲੀ ਕੁਝ ਸਮਾਂ ਪਹਿਲਾਂ ਹੀ ਆਪਣੇ ਪੁੱਤਰ ਨੂੰ ਆਸਟਰੇਲੀਆ ਮਿਲ ਕੇ ਵਤਨ ਪਰਤੇ ਸਨ।
ਰਾਜਿੰਦਰ ਸਿੰਘ ਮੰਗਲੀ ਫਾਈਲ ਫੋਟੋ