ਚੰਡੀਗੜ੍ਹ, 13 ਮਈ, 2017 : ਪੰਜਾਬੀ ਭਾਸ਼ਾ ਵਿੱਚ ਇਸ ਸਮੇਂ ਮਾਰਕਸਵਾਦੀ ਕਲਾਸਿਕੀ ਰਚਨਾਵਾਂ ਦੀ ਖਾਸੀ ਘਾਟ ਹੈ। ਪਹਿਲਾਂ ਸੋਵੀਅਤ ਯੂਨੀਅਨ ਤੋਂ ਮਾਰਕਸਵਾਦੀ ਸਾਹਿਤ ਕਾਫ਼ੀ ਵੱਡੀ ਮਾਤਰਾ ਵਿੱਚ ਪੰਜਾਬੀ ਵਿੱਚ ਛਪ ਕੇ ਆਇਆ ਸੀ। ਪਰ ਹੁਣ ਤਾਂ ਪੰਜਾਬੀ ਭਾਸ਼ਾ ਵਿਚ ਬਹੁਤ ਹੀ ਘੱਟ ਮਾਰਕਸਵਾਦੀ ਕਲਾਸਿਕੀ ਰਚਨਾਵਾਂ ਉਪਲਭਧ ਹਨ। ਨਾ ਹੀ ਕੋਈ ਪ੍ਰਕਾਸ਼ਨ ਇਹਨਾਂ ਰਚਨਾਵਾਂ ਦੀ ਮੁੜ ਛਪਾਈ ਵਿੱਚ ਦਿਲਚਸਪੀ ਲੈ ਰਿਹਾ ਹੈ।
ਅਜਿਹੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਨੇ ਮਾਰਕਸਵਾਦੀ ਕਲਾਸਿਕੀ ਰਚਨਾਵਾਂ ਦੇ ਮੁੜ-ਪ੍ਰਕਾਸ਼ਨ ਅਤੇ ਜਿਹੜੀਆਂ ਰਚਨਾਵਾਂ ਦੇ ਫਿਲਹਾਲ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਉਪਲਭਧ ਨਹੀਂ ਹਨ, ਉਹਨਾਂ ਦੇ ਅਨੁਵਾਦ ਛਾਪਣ ਦਾ ਹੰਭਲਾ ਮਾਰਿਆ ਹੈ। ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਦੇ ਇਹਨਾਂ ਹੀ ਯਤਨਾਂ ਦੀ ਕੜੀ ਹੈ ਲੈਨਿਨ ਦੀ ਪੁਸਤਕ ”ਖੇਤੀ ਵਿੱਚ ਪੂੰਜੀਵਾਦ” (ਇਸ ਪੁਸਤਕ ਦਾ ਪੰਜਾਬੀ ਅਨੁਵਾਦ ਪ੍ਰਗਤੀ ਪ੍ਰਕਾਸ਼ਨ, ਮਾਸਕੋ ਦੁਆਰਾ ਪ੍ਰਕਾਸ਼ਤ ਲੈਨਿਨ ਦੀਆਂ ਸੰਪੂਰਨ ਰਚਨਾਵਾਂ ਦੀ ਚੌਥੀ ਸੰਚੀ, ਚੌਥੀ ਛਾਪ, 1977 ਅਨੁਸਾਰ ਕੀਤਾ ਗਿਆ ਹੈ।) ਦਾ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਨ। ਸਾਡੀ ਜਾਣਕਾਰੀ ਅਨੁਸਾਰ ਪੰਜਾਬੀ ਭਾਸ਼ਾ ‘ਚ ਇਸ ਪੁਸਤਕ ਦਾ ਅਨੁਵਾਦ ਪਹਿਲੀ ਵਾਰ ਹੋਇਆ ਹੈ। ਇਹ ਪੰਜਾਬੀ ਭਾਸ਼ਾ ਦੀ ਗਰੀਬੀ ਅਤੇ ਪੰਜਾਬ ਦੇ ਲੋਕਾਂ ਦਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਮਨੁੱਖਤਾ ਵੱਲੋਂ ਸਿਰਜੇ ਗਿਆਨ ਦੇ ਭੰਡਾਰ ਦਾ ਵੱਡਾ ਹਿੱਸੇ ਤੱਕ ਅਜੇ ਤੱਕ ਵੀ ਪੰਜਾਬ ਦੇ ਲੋਕਾਂ ਦੀ ਪਹੁੰਚ ਨਹੀਂ ਹੈ।
‘ਖੇਤੀ ਵਿੱਚ ਪੂੰਜੀਵਾਦ’ ਨਾਮੀ ਇਸ ਪੁਸਤਕ ਵਿੱਚ ਲੈਨਿਨ ਦੇ ਦੋ ਲੇਖ ਸ਼ਾਮਿਲ ਹਨ। ਵਾਦ-ਵਿਵਾਦੀ ਸ਼ੈਲੀ ਵਿੱਚ ਲਿਖੇ ਇਹ ਲੇਖ ‘ਖੇਤੀ ਵਿੱਚ ਪੂੰਜੀਵਾਦ’ ਬਾਰੇ ਬਹੁਤ ਸਾਰੇ ਗਲਤ ਸੰਕਲਪਾਂ ਦਾ ਖੰਡਨ ਕਰਕੇ, ਇਸ ਬਾਰੇ ਮਾਰਕਸਵਾਦੀ ਸੰਕਲਪਾਂ ਨੂੰ ਸਥਾਪਿਤ ਕਰਦੇ ਹਨ। ਕਾਊਟਸਕੀ ਦੀ ਕਿਤਾਬ ‘ਜ਼ਰਈ ਸਵਾਲ’ (Agrarian Question) ਮਾਰਕਸਵਾਦੀ ਸਾਹਿਤ ਵਿੱਚ ਅਹਿਮ ਥਾਂ ਰੱਖਦੀ ਹੈ, ਇਸ ਕਿਤਾਬ ਵਿੱਚ ਕਾਊਟਸਕੀ ਨੇ ਖੇਤੀ ‘ਚ ਪੂੰਜੀਵਾਦੀ ਵਿਕਾਸ ਸਬੰਧੀ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਹੋਰ ਅੱਗੇ ਵਿਕਸਤ ਕੀਤਾ ਹੈ (ਬਕੌਲ ਲੈਨਿਨ)। ਇੱਕ ਰੂਸੀ ਅਰਥ-ਸ਼ਾਸਤਰੀ ਬੁਲਗਾਕੋਵ ਨੇ ਕਾਊਟਸਕੀ ਦੀ ਇਸ ਕਿਤਾਬ ਦੀ ਗਲਤ ਪੇਸ਼ਕਾਰੀ ਕੀਤੀ, ਜਿਸ ਦੇ ਜਵਾਬ ਵਿੱਚ ਲੈਨਿਨ ਨੇ ‘ਖੇਤੀ ਵਿੱਚ ਪੂੰਜੀਵਾਦ’ ਸਿਰਲੇਖ ਤਹਿਤ ਉਪਰੋਕਤ ਦੋ ਲੇਖ ਲਿਖੇ।
ਸਾਡੇ ਦੇਸ਼ ‘ਚ ਭਾਰੂ ਪੈਦਾਵਾਰੀ ਸਬੰਧਾਂ ਦਾ ਸਵਾਲ ਇੱਥੋਂ ਦੀ ਕਮਿਊਨਿਸਟ ਲਹਿਰ ਤੋਂ ਲੈ ਕੇ ਅਕਾਦਮਿਕ ਮਾਰਕਸਵਾਦੀਆਂ ਤੱਕ, ਅਜੇ ਤੱਕ ਵੀ ਇੱਕ ਵਾਦ ਵਿਵਾਦ ਦਾ ਮਸਲਾ ਹੈ। ਖਾਸ ਕਰਕੇ ਇੱਥੋਂ ਦੀ ਖੇਤੀ ‘ਚ ਭਾਰੂ ਪੈਦਾਵਾਰੀ ਸਬੰਧਾਂ ਬਾਰੇ ਆਮ ਸਹਿਮਤੀ ਨਹੀਂ ਹੈ। ਇੱਥੋਂ ਦੀ ਕਮਿਊਨਿਸਟ ਲਹਿਰ ਦਾ ਵੱਡਾ ਹਿੱਸਾ ਅਜੇ ਵੀ ਭਾਰਤੀ ਖੇਤੀ ਨੂੰ ਜਗੀਰੂ/ਅਰਧ ਜਗੀਰੂ ਮੰਨਦਾ ਹੈ ਅਤੇ ਇੱਥੇ ਕਿਸੇ ਵੀ ਕਿਸਮ ਦੇ ਪੂੰਜੀਵਾਦੀ ਵਿਕਾਸ ਨੂੰ ਮੁੱਢੋਂ ਹੀ ਰੱਦ ਕਰਦਾ ਹੈ। ਭਾਰਤੀ ਖੇਤੀ ਬਾਰੇ ਅਜਿਹੀਆਂ ਸਿਰੇ ਤੋਂ ਗਲਤ ਸਿਧਾਂਤਕ ਪੁਜੀਸ਼ਨਾਂ ਦੀ ਮੁੱਖ ਵਜਾਹ, ਖੇਤੀ ‘ਚ ਪੂੰਜੀਵਾਦ ਬਾਰੇ ਇਹਨਾਂ ਦੀ ਗਲਤ ਸਮਝ ਅਤੇ ਮਾਰਕਸਵਾਦ ਦੀ ਕੱਚਘਰੜ ਸਮਝ ਹੀ ਮੁੱਖ ਰੂਪ ਵਿੱਚ ਜ਼ਿੰਮੇਵਾਰ ਹੈ।
ਇਹ ਛੋਟੀ ਜਿਹੀ ਪੁਸਤਕ ਖੇਤੀ ਵਿੱਚ ਪੂੰਜੀਵਾਦ ਦੀ ਜਟਿਲਤਾ, ਇਸ ਦੇ ਬੁਨਿਆਦੀ ਚੌਖਟੇ ਅਤੇ ਇਸ ਸਵਾਲ ਨਾਲ਼ ਜੁੜੀ ਬਹਿਸ ਦੇ ਮਹੱਤਵਪੂਰਨ ਨੁਕਤਿਆਂ ਨੂੰ ਸਮਝਣ ‘ਚ ਬਹੁਤ ਮਦਦ ਕਰਦੀ ਹੈ। ਉਮੀਦ ਹੈ ਇਹ ਪੁਸਤਕ ਵਰਤਮਾਨ ਲੁੱਟ ਅਤੇ ਦਾਬੇ ਅਧਾਰਿਤ ਦੁਨੀਆਂ ਨੂੰ ਬਦਲਕੇ ਹਰ ਕਿਸਮ ਦੀ ਲੁੱਟ ਅਤੇ ਦਾਬੇ ਤੋਂ ਮੁਕਤ ਦੁਨੀਆਂ ਉਸਾਰੀ ਲਈ ਜੂਝਦੇ/ਤਾਂਘ ਰੱਖਦੇ ਮਾਰਕਸਵਾਦ ਦੇ ਪੰਜਾਬੀ ਪਾਠਕਾਂ ਲਈ ਬੇਹੱਦ ਸਿੱਖਿਆਦਾਇਕ ਹੋਵੇਗੀ। ਅਤੇ ਇੱਥੇ ਦੇ ਕਮਿਊਨਿਸਟਾਂ ਦਰਮਿਆਨ ਇੱਥੋਂ ਦੀ ਖੇਤੀ ਦੇ ਖਾਸੇ ਬਾਰੇ ਨਵੇਂ ਸਿਰੇ ਤੋਂ ਬਹਿਸ ਛੇੜਨ ‘ਚ ਸਹਾਈ ਹੋਵੇਗੀ।
ਪੁਸਤਕ ਪ੍ਰਾਪਤ ਕਰਨ ਲਈ...
ਪ੍ਰਕਾਸ਼ਕ -ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ
ਕੁੱਲ ਸਫੇ - 56
ਕੀਮਤ - 15 ਰੁਪਏ
ਸੰਪਰਕ - 98155-87807
email - janchetnapb@gmail.com
ਕਿਤਾਬ ਇਸ ਲਿੰਕ ਤੋਂ ਡਾਉਨਲੋਡ ਵੀ ਕੀਤੀ ਜਾ ਸਕਦੀ ਹੈ-
http://marxwaad.wordpress.com/kheti-vich-punjiwaad/