ਗ਼ਜ਼ਲ*
ਗੁਰਭਜਨ ਗਿੱਲ
ਤੂੰ ਤੁਰਿਐਂ ਤਾਂ ਏਦਾਂ ਲੱਗਿਐ ਮੌਤ ਝਕਾਨੀ ਦੇ ਗਈ ਯਾਰਾ।
ਇੱਕ ਦੂਜੇ ਨੂੰ ਮਿਲੇ ਕਦੇ ਨਾ, ਕਿਓ ਂ ਲੱਗਦਾ ਸੀ ਭਾਈਚਾਰਾ।
ਨੰਗੀ ਹੋ ਗਈ ਕੰਡ ਜਾਪਦੀ ,ਢਹਿ ਗਿਆ ਕੋਸ ਮੀਨਾਰ ਅਣਖ਼ ਦਾ,
ਸੋਹਣਾ ਭਿੜਿਓਂਂ ਨਾਲ ਦੁਸ਼ਮਣਾਂ ਤੂੰ ਅਮਨਾਂ ਦੇ ਪਹਿਰੇਦਾਰਾ।
ਤੇਰਾ ਵਤਨ ਕਿਊਬਾ ਸੂਹੇ ਸੂਰਜ ਦਾ ਹਮਨਾਮ ਬਣ ਗਿਆ,
ਪਿਘਲ ਗਿਆ ਤੂੰ ਜ਼ਿੰਦਗੀ ਸਾਰੀ,
ਸਿਰ ਪੈਰੋਂ ਸਾਰੇ ਦਾ ਸਾਰਾ।
ਜਬਰ ਜ਼ੁਲਮ ਦੇ ਦਹਿਸਿਰ ਸਾਰੇ ਤੇਰੇ ਤੇ ਹਮਲਾਵਰ ਬਣ ਕੇ,
ਚੜ੍ਹੇ ਅਨੇਕਾਂ ਵਾਰ ਸੀ ਭਾਵੇਂ ਤੂੰ ਨਾ ਝੁਕਿਓ ਂ ਵਾਹ ਸਰਦਾਰਾ।
ਇਨਕਲਾਬ ਦਾ ਸੂਹਾ ਪਰਚਮ, ਡਿੱਗਿਆ, ਚੁੱਕਿਆ, ਫਿਰ ਲਹਿਰਾਇਆ,
ਰਿਹਾ ਚਮਕਦਾ ਨੂਰ ਨਿਰੰਤਰ ਤੇਰੀ ਟੋਪੀ ਉਤਲਾ ਤਾਰਾ।
ਤੇਰੀ ਸੈਨਿਕ ਵਾਲੀ ਵਰਦੀ ਜਿਸਮ ਤੇਰੇ ਦਾ ਹਿੱਸਾ ਬਣ ਗਈ,
ਤੂੰ ਇੱਕ ਵਾਰੀ ਵੀ ਨਾ ਕੰਬਿਆ , ਦੁਸ਼ਮਣ ਦਾ ਤੱਕ ਲਸ਼ਕਰ ਭਾਰਾ।
ਮਾਰ ਫੂਕ ਤੂੰ ਉੱਠ ਕੇ ਸ਼ੇਰਾ ਸੁੱਤੇ ਲੋਕ ਜਗਾਦੇ ਫਿਰ ਤੂੰ,
ਨਰਸਿੰਘੇ ਦਾ ਬੋਲ ਸੁਣਾ ਦੇ ਜਾਗ ਪਵੇ ਰਣ ਜੀਤ ਨਗਾਰਾ।
* ਫਾਈਦਲ ਕਾਸਤਰੋ ਦੇ ਚਲਾਣੇ ਤੇ
Gurbhajansinghgill@ gmail. Com
Phone: 9872631199