ਜੰਗ ਤਾਂ ਖ਼ੁਦ ਇਕ ਮਸਲਾ ਹੈ' ਵਿਸ਼ੇ ‘ਤੇ ਅੰਤਰਰਾਸ਼ਟਰੀ ਕਵੀ ਦਰਬਾਰ
ਹਰਦਮ ਮਾਨ,ਬਾਬੂਸ਼ਾਹੀ ਨੈੱਟਵਰਕ
ਸਰੀ, 3 ਮਈ 2022-ਪੰਜਾਬ ਸਾਹਿਤ ਅਕਾਦਮੀ ਵੱਲੋਂ ਹਰ ਮਹੀਨੇ ਕਰਵਾਏ ਜਾਣ ਵਾਲੇ ਪ੍ਰੋਗਰਾਮ ‘ਬੰਦਨਵਾਰ’ ਵਿਚ ਇਸ ਵਾਰ ਵਿਸ਼ਵ ‘ਤੇ ਮੰਡਰਾ ਰਹੇ ਤੀਜੇ ਵਿਸ਼ਵ ਯੁੱਧ ਦੇ ਸੰਦਰਭ ਵਿਚ 'ਜੰਗ ਤਾਂ ਖ਼ੁਦ ਇਕ ਮਸਲਾ ਹੈ' ਵਿਸ਼ੇ ਤੇ ਅੰਤਰਰਾਸ਼ਟਰੀ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ।
ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿਚ ਹੋਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਨੇ ਕੀਤੀ। ਕਵੀ ਦਰਬਾਰ ਵਿਚ ਪਾਕਿਸਤਾਨੀ ਪੰਜਾਬ ਤੋਂ ਪ੍ਰੋ. ਸਫ਼ੀਆ ਹਿਆਤ, ਬਨਾਰਸ ਤੋਂ ਹਿੰਦੀ ਕਵੀ ਆਸ਼ੀਸ਼ ਤ੍ਰਿਪਾਠੀ ਅਤੇ ਵੰਦਨਾ ਚੱਬੇ, ਪ੍ਰਤਾਪ ਨਗਰ ਤੋਂ ਰੂਪਮ ਮਿਸ਼ਰਾ, ਪੁਣਛ (ਜੰਮੂ) ਤੋਂ ਸਵਾਮੀ ਅੰਤਰ ਨੀਰਵ, ਦਿੱਲੀ ਤੋਂ ਕੁਮਾਰ ਰਾਜੀਵ ਅਤੇ ਗਗਨਮੀਤ, ਪੰਜਾਬ ਤੋਂ ਤਰਸੇਮ ਅਤੇ ਡਾ ਸੰਤੋਖ ਸੁੱਖੀ ਨੇ ਭਾਗ ਲਿਆ।
ਪ੍ਰੋਗਰਾਮ ਦੇ ਮਾਡਰੇਟਰ ਦੇ ਰੂਪ ਵਿਚ ਡਾ ਕੁਲਦੀਪ ਸਿੰਘ ਦੀਪ ਨੇ ਕਵਿਤਾ ਦੇ ਜੰਗ ਆਧਾਰਿਤ ਪ੍ਰਵਚਨਾਂ ਦੀਆਂ ਪਰਤਾਂ ਫੋਲੀਆਂ। ਇਸ ਤੋਂ ਬਾਅਦ ਹਰੇਕ ਸ਼ਾਇਰ ਨੇ ਆਪਣੀ ਕਵਿਤਾ ਵਿਚ ਸਾਮਰਾਜੀ ਜੰਗਾਂ ਦੀ ਮਾਨਵ ਵਿਰੋਧੀ ਅਤੇ ਵਿਨਾਸ਼ਕਾਰੀ ਪਹੁੰਚ ਨੂੰ ਕਵਿਤਾ ਰਾਹੀਂ ਪ੍ਰਸਤੁਤ ਕੀਤਾ।
ਗੁਰਭਜਨ ਗਿੱਲ ਨੇ ਕਿਹਾ ਕਿ ਹਰ ਦੌਰ ਵਿਚ ਕਵਿਤਾ ਨੇ ਯੁੱਧ ਦੇ ਵਿਨਾਸ਼ਕੀ ਰੂਪ ਨੂੰ ਭੰਡਿਆ ਹੈ ਅਤੇ ਅੱਜ ਵੀ ਕਵਿਤਾ ਆਪਣੀ ਭੂਮਿਕਾ ਨਿਭਾ ਰਹੀ ਹੈ। ਸੋਸ਼ਲ ਮੀਡੀਆ ਤੇ ਲਾਈਵ ਕੀਤੇ ਇਸ ਪ੍ਰੋਗਰਾਮ ਨੂੰ ਵੱਡੀ ਗਿਣਤੀ ਵਿਚ ਸਰੋਤਿਆਂ ਨੇ ਮਾਣਿਆ।