‘ਪੰਜਾਬੀ ਮਹੀਨਾ’ ਮਨਾਉਣ ਦੇ ਆਖਰੀ ਦਿਨ ਪੰਜਾਬੀ ਦੇ ਇਕ ਦਰਜਨ ਲੇਖਕਾਂ ਨੂੰ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ ਸਨਮਾਨਤ
ਪਟਿਆਲਾ 1 ਦਸੰਬਰ 2022: ਭਾਸ਼ਾ ਵਿਭਾਗ ਪੰਜਾਬ ਵੱਲੋਂ ਨਵੰਬਰ ਦਾ ਮਹੀਨਾ ‘ਪੰਜਾਬੀ ਮਹੀਨਾ’ ਮਨਾਉਣ ਦੇ ਆਖਰੀ ਦਿਨ 30 ਨਵੰਬਰ 2022 ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਦੇ ਵਿਹੜੇ ਵਿੱਚ ਸਮਾਪਤੀ ਸਮਾਰੋਹ ਆਯੋਜਤ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬੀ ਦੇ ਇਕ ਦਰਜਨ ਲੇਖਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ, ਜਿਨ੍ਹਾਂ ਨੇ ਮਾਂ ਬੋਲੀ ਦੀ ਝੋਲੀ ਵਿੱਚ ਪੁਸਤਕਾਂ ਲਿਖਕੇ ਆਪੋ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਤੇ ਪੰਜਾਬੀ ਦੇ ਲੇਖਕ ਅਤੇ ਕਾਲਮਨਵੀਸ ਉਜਾਗਰ ਸਿੰਘ ਅਤੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦਾ ਵੀ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਇਕ ਸ਼ਾਲ ਅਤੇ ਮਹਿੰਦਰ ਸਿੰਘ ਰੰਧਾਵਾ ਦੀ ਪੁਸਤਕ ‘ਪੰਜਾਬ’ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਵੀਰਪਾਲ ਕੌਰ ਅਤੇ ਦੀਪਕ ਮਨਮੋਹਨ ਸਿੰਘ ਸਾਬਕ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਭੇਂਟ ਕੀਤੀਆਂ। ਉਜਾਗਰ ਸਿੰਘ ਨੇ ਪੰਜਾਬੀ ਬੋਲੀ ਦੀ ਝੋਲੀ ਵਿੱਚ 10 ਪੁਸਤਕਾਂ ਪਾਈਆਂ ਹਨ। ਹੁਣੇ ਜਿਹੇ ਉਨ੍ਹਾਂ ਦੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਪ੍ਰਕਾਸ਼ਤ ਹੋਈ ਹੈ। ਜਿਹੜੀ ਬਹੁਤ ਚਰਚਿਤ ਹੈ। ਉਨ੍ਹਾਂ ਦੇ ਚਲੰਤ ਮਾਮਲਿਆਂ ਅਤੇ ਸਾਹਿਤਕ ਪੁਸਤਕ ਪੜਚੋਲ ਦੇ ਵਿਸ਼ਿਆਂ ‘ਤੇ ਲੇਖ ਪੰਜਾਬੀ ਦੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ।