ਬਟਾਲਾ, 12 ਦਸੰਬਰ 2019 - ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਕੋਟਲਾ ਸ਼ਾਹੀਆ ਦੇ ਕਮਲਜੀਤ-ਸੁਰਜੀਤ ਸਪੋਰਟਸ ਕੰਪਲੈਕਸ ਵਿਖੇ ਸੁਰਜੀਤ ਸਪੋਰਟਸ ਅਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਗਿਆਨ ਗੋਸ਼ਟਿ, ਕਵੀ ਦਰਬਾਰ ਤੇ ਕੀਰਤਮਨ ਦਰਬਾਰ ਦੇ ਉਦਘਾਟਨੀ ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ:.ਐੱਸ ਪੀ ਸਿੰਘ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਵਿਚਾਰ ਗੋਸ਼ਟੀ, ਕਵਿਤਾ ਪ੍ਰਵਾਹ ਅਤੇ ਸੁਰ ਸੰਗੀਤ ਸਭਾ ਦੇ ਨਾਲ ਨਾਲ ਗੁਰੂ ਨਾਨਕ ਬਾਣੀ ਕੀਰਤਨ ਦਰਬਾਰ ਸਜਣਾ ਯਕੀਨਨ ਪ੍ਰਾਪਤੀ ਕਹੀ ਜਾ ਸਕਦੀ ਹੈ। ਇਸ ਨਾਲ ਗਿਆਨ ਚੱਲ ਕੇ ਪਿੰਡਾਂ 'ਚ ਪਹੁੰਚਿਆ ਹੈ ਅਤੇ ਇਹੀ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਹੈ। ਗੁਰੂ ਨਾਨਕ ਬਾਣੀ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਗਾਡੀਰਾਹ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਸਪੋਰਟਸ ਅਸੋਸੀਏਸ਼ਨ ਵੱਲੋਂ ਸਰਬਪੱਖੀ ਮਨੁੱਖੀ ਵਿਕਾਸ ਲਈ ਖੇਡਾਂ ਦੇ ਨਾਲ ਨਾਲ ਸਾਹਿੱਤ ਸਭਿਆਚਾਰ ਤੇ ਵਿਰਾਸਤ ਦੇ ਵੱਖ ਵੱਖ ਪਹਿਲੂਆਂ ਦਾ ਪਰਸਾਰ ਕਰਨਾ ਸ਼ੁਭ ਸ਼ਗਨ ਹੈ।
ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ
ਖੇਡਾਂ ਦੇ ਨਾਲ ਨਾਲ ਵਾਤਾਵਰਣ, ਸਿੱਖਿਆ, ਸਿਹਤ ਸੰਭਾਲ ਅਤੇ ਵਿਰਾਸਤ ਬਾਰੇ ਚੇਤਨਾ ਪਸਾਰਨ ਦੇ ਮਨੋਰਥ ਨਾਲ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਇਸ ਚ ਡਾ: ਐੱਸ ਪੀ ਸਿੰਘ ਤੇ ਹੋਰ ਵਿਦਵਾਨਾਂ ਦਾ ਇੱਕ ਪਿੰਡ ਚ ਪੁੱਜਣਾ ਇਨਕਲਾਬੀ ਕਦਮ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਪਿੰਡਾਂ ਚ ਸਾਹਿੱਤ ਸਰਗਰਮੀਆਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਵੀ ਅਕਾਡਮੀ ਦੇ ਛੇ ਡੈਲੀਗੇਟ ਸ਼ਾਮਲ ਹੋਏ ਹਨ।
ਕੈਲੇਫੋਰਨੀਆ(ਅਮਰੀਕਾ ) ਤੋਂ ਆਏ ਵਿਦਵਾਨ ਡਾ: ਦਲਬੀਰ ਸਿੰਘ ਪੰਨੂੰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਗੋਸ਼ਟਿ ਦਾ ਸੰਕਲਪ ਉਜਾਗਰ ਕੀਤਾ ਪਰ ਅੱਜ ਸਭ ਕੁਝ ਹੋਣ ਦੇ ਬਾਵਜੂਦ ਗੋਸ਼ਟੀ ਗੈਰਹਾਜ਼ਰ ਹੈ। ਪਾਕਿਸਤਾਨ ਚ ਸਿੱਖ ਵਿਰਾਸਤ ਦੇ ਪਰਮੁਖ ਕੇਂਦਰਾਂ ਦੀ ਨਿਸ਼ਾਨਦੇਹੀ ਵਾਲੀ ਪੁਸਤਕ ਸਰਹੱਦ ਪਾਰਲੀ ਸਿੱਖ ਵਿਰਾਸਤ ਦੇ ਲੇਖਕ ਡਾ: ਪੰਨੂ ਨੇ ਕਿਹਾ ਕਿ ਆਪਣੀ ਵਿਰਾਸਤ ਤੇ ਮਾਣ ਕਰਨ ਦੇ ਨਾਲ ਨਾਲ ਵਿਸ਼ਲੇਸ਼ਣੀ ਅੱਖ ਜ਼ਰੂਰੀ ਹੈ।
ਪ੍ਰਸਿੱਧ ਵਿਦਵਾਨ ਡਾ: ਸੁਖਪ੍ਰੀਤ ਸਿੰਘ ਉਦੋ ਕੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸਰਬ ਮਾਨਵ ਕਲਿਆਣਕਾਰੀ ਸੰਦੇਸ਼ ਸਹੀ ਪਿਛੋਕੜ ਚ ਜਾਨਣ ਤੇ ਪਛਾਨਣ ਦੀ ਲੋੜ ਹੈ।
ਸਮਾਗਮ ਦੀ ਸੰਚਾਲਨਾ ਡਾ: ਗੁਰਇਕਬਾਲ ਸਿੰਘ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕੀਤੀ ਅਤੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ।
ਅਮਰੀਕਾ ਤੋਂ ਆਏ ਵਿਦਵਾਨ ਡਾ: ਦਲਬੀਰ ਸਿੰਘ ਪੰਨੂੰ, ਪ੍ਰੋ: ਸੁਰਿੰਦਰ ਸਿੰਘ ਕਾਹਲੋਂ ਸਰਪ੍ਰਸਤ, ਪੰਜਾਬੀ ਕਵੀ ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਵੀ ਪ੍ਰਧਾਨਗੀ ਮੰਡਲ ਚ ਸੁਸ਼ੋਭਤ ਹੋਏ।
ਕਵੀ ਤੇ ਸੰਗੀਤ ਦਰਬਾਰ ਚ ਰਛਪਾਲ ਸਿੰਘ ਪਾਲ, ਹਰਭਜਨ ਸਿੰਘ ਨਾਹਲ, ਗੁਰਦੇਵ ਸਿੰਘ ਕੋਇਲ, ਭਜਨ ਮਲਿਕਪੁਰੀ, ਨਿਰਮਲ ਸਿੰਘ ਨਿੰਮਾ ਬੋਬਾਂ ਵਾਲਾ, ਪ੍ਰੋ: ਰਵਿੰਦਰ ਭੱਠਲ, ਮਨਜਿੰਦਰ ਧਨੋਆ ਤੇ ਤ੍ਰੈਲੋਚਨ ਲੋਚੀ ਸ਼ਾਮਿਲ ਹੋਏ।
ਪ੍ਰਸਿੱਧ ਗਾਇਕਾ ਰਿਤੂ ਮੀਰ ਨੂਰਾਂ ਨੇ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਮੰਤਰ ਮੁਗਧ ਕੀਤਾ।
ਇਸ ਮੌਕੇ ਪੰਜਾਬੀ ਲੇਖਕ ਦੇਵਿੰਦਰ ਦੀਦਾਰ ,ਕਰਤਾਰਪੁਰ ਤੋਂ ਲੋਕ ਕਲਾਵਾਂ ਮੇਲੇ ਦੇ ਬਾਨੀ ਕਰਮਪਾਲ ਸਿੰਘ ਢਿੱਲੋਂ,ਬਲਦੇਵ ਸਿੰਘ ਫੁੱਲ ਯੂ ਕੇ, ਸ਼ਰਨ ਜੀਤ ਸਿੰਘ ਕਾਹਲੋਂ ਵੈਨਕੁਵਰ(ਕੈਨੇਡਾ)ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ, ਨਿਸ਼ਾਨ ਸਿੰਘ ਰੰਧਾਵਾ, ਦੇਵਿੰਦਰ ਸਿੰਘ ਕਾਲੇਨੰਗਲ, ਸੁਖਦੇਵ ਸਿੰਘ ਰੰਧਾਵਾ, ਪ੍ਰਿੰ: ਮੁਸ਼ਤਾਕ ਮਸੀਹ, ਜਗਦੀਸ਼ ਸਿੰਘ ਬਾਜਵਾ, ਖੁਸ਼ਕਰਨ ਸਿੰਘ ਹੇਅਰ, ਬਲਕਾਰ ਸਿੰਘ ਤੇ ਅਨੇਕਾਂ ਸਿਰਕੱਢ ਵਿਅਕਤੀ ਹਾਜ਼ਰ ਸਨ। ਸਭ ਮਹਿਮਾਨਾਂ ਨੂੰ ਕਰਤਾਰਪੁਰ ਸਾਹਿਬ ਦਾ ਚਿਤਰ ਤੇ ਰਣਜੋਧ ਸਿੰਘ ਲੁਧਿਆਣਾ ਵੱਲੋਂ ਗੁਰੂ ਨਾਨਕ ਸੰਦੇਸ਼ ਵਚਨਾਵਲੀ ਪੁਸਤਕ ਭੇਂਟ ਕੀਤੀ ਗਈ। ਸਮਾਗਮ ਨੂੰ ਪੀ ਟੀ ਸੀ ਸਿਮਰਨ ਤੇ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ। ਗੁਆਂਢੀ ਪਿੰਡ ਭੁੱਲਰ ਦੇ ਜੰਮਪਲ ਤੇ ਪੰਜਾਬੀ ਟ੍ਰਿਬਿਊਨ, ਦੇਸ਼ ਵਿਦੇਸ਼ ਟਾਈਮਜ਼, ਜਾਗਰਣ ਤੇ ਸਪੋਕਸਮੈਨ ਦੇ ਸੰਪਾਦਕ ਰਹੇ ਸ: ਸ਼ਿੰਗਾਰਾ ਸਿੰਘ ਭੁੱਲਰ ਨੂੰ ਭਰੀ ਸਭਾ ਵੱਲੋਂ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
13 ਦਸੰਬਰ ਨੂੰ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਦੇਵਿੰਦਰ ਸਿੰਘ ਬਟਾਲਾ, ਅੰਤਰ ਰਾਸ਼ਟਰੀ ਰਾਗੀ ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਅਮਰਜੀਤ ਸਿੰਘ ਅਨਮੋਲ ਤੇ ਬੀਬੀ ਪ੍ਰਭਜੋਤ ਕੌਰ ਬਟਾਲਾ
ਸ਼ਾਮਿਲ ਹੋਣਗੇ। ਪੀ ਟੀ ਸੀ ਸਿਮਰਨ ਚੈਨਲ ਤੇ ਮਾਲਵਾ ਟੀ ਵੀ ਇਸ ਕੀਰਤਨ ਦਰਬਾਰ ਨੂੰ ਲਾਈਵ ਟੈਲੀਕਾਸਟ ਕਰਨਗੇ।