ਲੁਧਿਆਣਾ: 1 ਮਾਰਚ 2019 - ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਸਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਬਾਗਬਾਨੀ ਅਧਿਕਾਰੀ ਹਰਜੀਤ ਸਿੰਘ ਗਿੱਲ ਦੀ ਪਲੇਠੀ ਕਾਵਿ ਪੁਸਤਕ ਵਿਰਸੇ ਦੀ ਗੱਲ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਵਿਦਿਆਰਥੀ ਭਵਨ ਵਿੱਚ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵਿਰਾਸਤ ਦੀਆਂ ਨੀਂਹਾਂ ਦੇ ਆਧਾਰ ਉੱਤੇ ਹੀ ਅੱਜ ਦਾ ਸਾਹਿਤ ਉਸਰਿਆ ਹੈ। ਹਰਜੀਤ ਸਿੰਘ ਗਿੱਲ ਨੇ ਵਿਰਾਸਤ ਵਿਚੋਂ ਵਿੱਸਰ ਰਹੇ ਸ਼ਬਦ ਭੰਡਾਰ, ਲੋਕ ਮਰਿਆਦਾ, ਜੀਵਨ ਕਾਰ ਵਿਹਾਰ ਅਤੇ ਪੁਰਾਣੀ ਰਹੁ ਰੀਤ ਨੂੰ ਸੰਭਾਲਣ ਦਾ ਇਤਿਹਾਸਕ ਕਾਰਜ ਕੀਤਾ ਹੈ। ਮਕਸੂਦੜਾ (ਲੁਧਿਆਣਾ) ਦੇ ਜੰਮਪਲ ਹਰਜੀਤ ਸਿੰਘ ਗਿੱਲ ਨੇ ਪੰਜਾਬੀ ਕਵਿਤਾ ਦੇ ਨਾਲ-ਨਾਲ ਪੰਜਾਬੀ ਸ਼ਬਦ ਕੋਸ਼ ਨੂੰ ਵੀ ਅਨੇਕਾਂ ਨਵੇਂ ਸ਼ਬਦ ਸੰਭਾਲਣ ਲਈ ਸੌਂਪੇ ਹਨ।
ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸਰਪ੍ਰਸਤੀ ਕਾਰਨ ਜਿਥੇ ਵਿਗਿਆਨ, ਤਕਨਾਲੋਜੀ ਅਤੇ ਸਮਾਜਿਕ ਵਿਕਾਸ ਦੇ ਖੇਤਰ ਵਿੱਚ ਸਿਰਮੌਰ ਹੋਣ ਦਾ ਮਾਣ ਪ੍ਰਾਪਤ ਹੈ ਉਥੇ ਸਾਹਿਤਕ ਮਾਹੌਲ ਕਾਰਨ ਮਹੱਤਵਪੂਰਨ ਪ੍ਰਾਪਤੀਆਂ ਦਾ ਵੀ ਸਿਹਰਾ ਬੱਝਦਾ ਹੈ। ਪ੍ਰੋ: ਮੋਹਨ ਸਿੰਘ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ, ਸੁਰਜੀਤ ਪਾਤਰ ਅਤੇ ਹੋਰ ਸਿਰਜਣਾਤਮਕ ਹਸਤੀਆਂ ਦੀਆਂ ਪੈੜਾਂ ਵਾਲੀ ਇਹ ਧਰਤੀ ਵਿਦਿਆਰਥੀਆਂ ਅੰਦਰ ਵੀ ਮੌਲਿਕ ਸਾਹਿਤ ਸਿਰਜਣ ਦਾ ਬੀਜ ਪੁੰਗਾਰਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪਸਾਰ ਸਿੱਖਿਆ ਨਿਰਦੇਸ਼ਕ ਡਾ.ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਹਰ ਵਿਅਕਤੀ ਅੰਦਰ ਸਿਰਜਣਾ ਦੇ ਬੀਜ ਹੁੰਦੇ ਹਨ ਪਰ ਉਹ ਬਾਕੀ ਕਾਰਜਾਂ ਵਿੱਚ ਵਧੇਰੇ ਸਮਾਂ ਦੇਣ ਕਾਰਨ ਸਵੈ ਪ੍ਰਗਟਾਵੇ ਪ੍ਰਤੀ ਅਵੇਸਲਾ ਹੋ ਜਾਂਦਾ ਹੈ। ਹਰਜੀਤ ਸਿੰਘ ਗਿੱਲ ਨੇ ਸਵੈ-ਪ੍ਰਗਟਾਵੇ ਲਈ ਵਿਰਸੇ ਦੀ ਗੱਲ ਨੂੰ ਮਾਧਿਅਮ ਬਣਾ ਕੇ ਆਪਣੀ ਸਮਾਜਿਕ ਸਾਰਥਿਕਤਾ ਦਾ ਸਬੂਤ ਦਿੱਤਾ ਹੈ। ਡਾ: ਗਿੱਲ ਨੇ ਆਖਿਆ ਕਿ ਵਰਤਮਾਨ ਸਮਾਜ ਦੀ ਲੋੜ ਜਿਥੇ ਵਿਰਸੇ ਬਾਰੇ ਜਾਣਕਾਰੀ ਹਾਸਿਲ ਕਰਨਾ ਹੈ ਉਥੇ ਸੁਰੱਖਿਅਤ ਭਵਿੱਖ ਲਈ ਵਿਸ਼ਵ ਅਮਨ ਦੀ ਸਲਾਮਤੀ ਵੀ ਜ਼ਰੂਰੀ ਹੈ ਅਤੇ ਜੰਗਬਾਜ਼ਾਂ ਨੂੰ ਧਰਤੀ ਤੇ ਤਬਾਹੀ ਲਈ ਸਾਜਿਸ਼ਾਂ ਨਹੀਂ ਘੜਨੀਆਂ ਚਾਹੀਦੀਆਂ। ਇਹ ਪੁਸਤਕ ਪੰਜ ਦਰਿਆਵਾਂ ਦੀ ਸਾਂਝੀ ਵਿਰਾਸਤ ਪੇਸ਼ ਕਰਦੀ ਹੋਣ ਕਾਰਨ ਸਾਡੇ ਲਈ ਤਸੱਲੀਬਖਸ਼ ਹੈ।
ਪੀਏਯੂ ਟੀਚਰਜ ਐਸੋਸੀਏਸ਼ਨ ਦੇ ਲੰਮਾ ਸਮਾਂ ਪ੍ਰਧਾਨ ਰਹੇ ਪੰਜਾਬੀ ਲੇਖਕ ਡਾ. ਗੁਰਦੇਵ ਸਿੰਘ ਸੰਧੂ ਨੇ ਆਖਿਆ ਕਿ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਰਵਪੱਖੀ ਵਿਕਾਸ ਗਤੀਵਿਧੀਆਂ ਵਿਚੋਂ ਹੀ ਹਰਜੀਤ ਸਿੰਘ ਗਿੱਲ ਵਰਗੇ ਵਿਦਿਆਰਥੀ ਵਿਕਸਤ ਹੁੰਦੇ ਹਨ। ਉਹਨਾਂ ਆਖਿਆ ਕਿ ਇਸ ਪੁਸਤਕ ਦਾ ਲੇਖਕ ਤੇ ਪ੍ਰਕਾਸ਼ਕ ਜਨਮੇਜਾ ਸਿੰਘ ਜੌਹਲ ਇਸੇ ਯੂਨੀਵਰਸਿਟੀ ਦੀ ਦੇਣ ਹੋਣ ਕਾਰਨ ਹੋਰ ਵੀ ਤਸੱਲੀ ਦਾ ਆਧਾਰ ਹੈ।
ਸਮਾਗਮ ਦੇ ਮੁੱਖ ਪ੍ਰਬੰਧਕ ਡਾ. ਬਲਵਿੰਦਰ ਸਿੰਘ ਬੁਟਾਹਰੀ ਨੇ ਲੇਖਕ ਡਾ. ਹਰਜੀਤ ਸਿੰਘ ਗਿੱਲ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਉਹ ਪੰਜਾਬ ਦੇ ਬਾਗਬਾਨੀ ਵਿਕਾਸ ਵਿਭਾਗ ਦੀ ਸੇਵਾ ਵਿਚੋਂ ਲਗਪਗ ਦੋ ਦਹਾਕੇ ਪਹਿਲਾਂ ਪ੍ਰਦੇਸ ਚਲੇ ਗਏ ਸਨ ਅਤੇ ਆਪਣੇ ਪੜਨਾਨਾ ਕਲੀਆਂ ਵਾਲੀ ਹੀਰ ਲਿਖਣ ਵਾਲੇ ਮਹਾਨ ਲੇਖਕ ਹਜ਼ੂਰਾ ਸਿੰਘ ਬੁਟਾਹਰੀ ਦੀ ਵਿਰਾਸਤ ਨੂੰ ਇਸ ਪੁਸਤਕ ਨਾਲ ਅੱਗੇ ਤੋਰਨ ਵਿੱਚ ਸਫਲ ਰਹੇ ਹਨ।
ਸਰੀ (ਕੈਨੇਡਾ) ਤੋਂ ਆਏ ਪੰਜਾਬੀ ਕਵੀ ਮੋਹਨ ਗਿੱਲ ਨੇ ਆਖਿਆ ਕਿ ਹਰਜੀਤ ਸਿੰਘ ਗਿੱਲ ਦੀ ਇਸ ਪੁਸਤਕ ਨਾਲ ਪ੍ਰਦੇਸ ਵਸਦੇ ਪੰਜਾਬੀ ਕਵੀਆਂ ਦੀ ਗਿਣਤੀ ਵਿੱਚ ਸਿਫਤੀ ਵਾਧਾ ਹੋਇਆ ਹੈ। ਮਕਸੂਦੜਾ ਦੇ ਜੰਮਪਲ ਇਸ ਕਵੀ ਦੀ ਰਚਨਾ ਸਾਨੂੰ ਮੌਲਿਕ ਸ਼ਬਦ ਭੰਡਾਰ ਦੇ ਰੂ-ਬਰੂ ਖੜਾ ਕਰਦੀ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਦਾ ਸੁਆਗਤ ਕਰਦਿਆਂ ਕਿਹਾ ਕਿ ਲੋਕ ਧਾਰਾ ਅਧਾਰਿਤ ਇਹ ਪੁਸਤਕ ਪੰਜਾਬੀ ਸ਼ਬਦ ਭੰਡਾਰ ਲਈ ਹਵਾਲਾ ਪੁਸਤਕ ਬਣਨ ਦੀ ਸਮਰੱਥਾ ਰੱਖਦੀ ਹੈ। ਹਾਲੈਂਡ ਤੋਂ ਆਏ ਕਲਾ ਪ੍ਰੇਮੀ ਤਰਲੋਚਨ ਸਿੰਘ ਗਰੇਵਾਲ (ਨਾਰੰਗਵਾਲ) ਨੇ ਦੱਸਿਆ ਕਿ ਹਰ ਵਿਅਕਤੀ ਅੰਦਰ ਸਿਰਜਕ ਬੈਠਾ ਹੁੰਦਾ ਹੈ ਅਤੇ ਉਸ ਨੂੰ ਸਰਗਰਮ ਕਰਨਾ ਸਮਾਜਿਕ ਚੌਗਿਰਦੇ ਦੇ ਹੱਥ ਵਸ ਹੁੰਦਾ ਹੈ। ਹਰਜੀਤ ਸਿੰਘ ਗਿੱਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਉਹਨਾਂ ਨਾਲ ਪੜ੍ਹਦੇ ਰਹੇ ਮਿੱਤਰ ਦਾਇਰੇ ਨੇ ਸਿਰਜਕ ਬਣਨ ਦੇ ਰਾਹ ਤੋਰਿਆ ਹੈ। ਇਹ ਸ਼ੁਭ ਸ਼ਗਨ ਹੈ।
ਪੁਸਤਕ ਦੇ ਲੇਖਕ ਹਰਜੀਤ ਸਿੰਘ ਗਿੱਲ ਨੇ ਆਖਿਆ ਕਿ ਮੈਂ ਇਹ ਕਵਿਤਾਵਾਂ ਲਿਖਦਿਆਂ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਇਸ ਨੂੰ ਕਾਵਿ ਸੰਗ੍ਰਿਹ ਦਾ ਰੂਪ ਦੇਵਾਂਗਾ ਪਰ ਮੇਰੇ ਪੇਂਡੂ ਮਿੱਤਰਾਂ ਸੁਰਿੰਦਰ ਦਾਸ (ਜਰਮਨ) ਅਤੇ ਗੋਬਿੰਦਰ ਸਿੰਘ ਸੋਹਲ ਦੀ ਪ੍ਰੇਰਨਾ ਅਤੇ ਡਾ. ਬਲਵਿੰਦਰ ਸਿੰਘ ਬੁਟਾਹਰੀ ਦੀ ਅਗਵਾਈ ਕਾਰਨ ਇਹ ਸੰਗ੍ਰਹਿ ਛਪ ਸਕਿਆ ਹੈ। ਭਵਿੱਖ ਵਿੱਚ ਮੇਰੀ ਕੋਸ਼ਿਸ਼ ਰਹੇਗੀ ਕਿ ਮਾਂ ਬੋਲੀ ਦੀ ਸੇਵਾ ਵਿੱਚ ਹੋਰ ਰਚਨਾਵਾਂ ਭੇਂਟ ਕਰ ਸਕਾਂ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ, ਤੇਜਿੰਦਰ ਸਿੰਘ ਗਿੱਲ ਮਾਰਕਫੈੱਡ, ਡਾ. ਅਨਿਲ ਸ਼ਰਮਾ ਪੀਏਯੂ, ਸੋਹਣ ਸਿੰਘ ਸੈਂਪਲਾ,ਕਰਨਬੀਰ ਸਿੰਘ ,ਪੰਜਾਬ ਦੇ ਸਾਬਕਾ ਬਾਗਬਾਨੀ ਨਿਰਦੇਸ਼ਕ ਡਾ. ਬਲਦੇਵ ਸਿੰਘ ਅਤੇ ਡਾ. ਲਾਜਵਿੰਦਰ ਸਿੰਘ ਬਰਾੜ, ਡਿਪਟੀ ਡਾਇਰੈਕਟਰ ਸਾਹਿਬਾਨ ਡਾ. ਅਮਰਜੀਤ ਸਿੰਘ ਸੰਧੂ, ਡਾ. ਜਗਦੇਵ ਸਿੰਘ, ਡਾ. ਭਜਨੀਕ ਸਿੰਘ, ਡਾ. ਗੁਰਦੀਪ ਸਿੰਘ, ਡਾ. ਲਖਵੀਰ ਸਿੰਘ ਭੱਟੀ, ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ, ਉੱਘੇ ਲੇਖਕ ਤੇ ਪ੍ਰਕਾਸ਼ਕ ਜਨਮੇਜਾ ਸਿੰਘ ਜੌਹਲ, ਸਤਿਬੀਰ ਸਿੰਘ ਪੀ ਏ ਯੂ,ਸੁਖਚੈਨ ਸਿੰਘ ਗਰੇਵਾਲ ਨਾਰੰਗਵਾਲ, ਗੋਬਿੰਦਰ ਸਿੰਘ ਸੋਹਲ, ਡਾ. ਸੁਰਿੰਦਰ ਕੌਰ ਸੋਹਲ ਅਤੇ ਪੀਏਯੂ ਦੇ ਕੁਝ ਸਿਰਕੱਢ ਵਿਦਿਆਰਥੀ ਵੀ ਸ਼ਾਮਿਲ ਸਨ।