ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਮੇਂ ਦੀ ਤਰਜ਼ ਮਾਨ ਲੇਖਿਕਾ 'ਦਵਿੰਦਰ ਖੁਸ਼ ਧਾਲੀਵਾਲ' ਦੀ ਕਿਤਾਬ 'ਸਮੇਂ ਦੀ ਦਾਸਤਾਨ' ਦੀਆਂ ਕੁੱਝ ਹਸੀਨ ਪਲਾਂ ਦੀਆਂ ਝਲਕੀਆਂ
ਗੁਰਪ੍ਰੀਤ ਸਿੰਘ ਜਖਵਾਲੀ
ਸਰਹਿੰਦ 21 ਜੁਲਾਈ 2023:-ਚੰਡੀਗੜ੍ਹ ਯੂਨੀਵਰਸਿਟੀ "ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ ਇਨ ਯੂਨੀਵਰਸਲ ਅਡਵਾਂਸਮੈਂਟ" 6 ਬਲਾਕ ਸੀ ਵਨ ਸੈਮੀਨਾਰ ਹਾਲ ਵਿੱਚ ਪ੍ਰੋ ਦਵਿੰਦਰ ਖੁਸ਼ ਧਾਲੀਵਾਲ ਦੀ ਤੀਸਰੀ ਪੁਸਤਕ 'ਸਮੇਂ ਦੀ ਦਾਸਤਾਨ' ਦੇ ਲੋਕ ਅਰਪਣ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿ ਆ l ਵਾਕਿਆ ਹੀ ਇਹ ਲੋਕ ਅਰਪਣ ਸਮਾਗਮ ਇੱਕ ਵਿਲੱਖਣ ਛਾਪ ਛੱਡ ਗਿਆ l ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਜੀ, ਵਾਈਸ ਚਾਂਸਲਰ ਡਾ. ਆਰ. ਐਸ. ਬਾਵਾ ਜੀ (ਵਿਸ਼ੇਸ਼ ਮਹਿਮਾਨ) ਤੇ ਇਸ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਵਾਈਸ ਚਾਂਸਲਰ ਡਾ. ਦੇਵਿੰਦਰ ਸਿੰਘ ਸਿੱਧੂ ਜੀ ਦੇ ਸੁਆਗਤੀ ਸ਼ਬਦਾਂ ਨੇ ਸਾਰਿਆਂ ਦਾ ਮਨ ਮੋਹ ਲਿਆ l ਡਾ. ਦੇਵਿੰਦਰ ਸਿੰਘ ਸਿੱਧੂ ਜੀ ਵਰਗੀਆਂ ਸਖਸੀਅਤਾਂ ਦੇ ਕਾਰਨ ਹੀ ਚੰਡੀਗੜ੍ਹ ਯੂਨੀਵਰਸਿਟੀ ਦਾ ਅੱਜ ਪੂਰੀ ਦੁਨੀਆਂ ਵਿਚ ਨਾਂ ਹੈ। ਉਹਨਾਂ ਦੀ ਵਿਲੱਖਣ ਤੇ ਅਦਬੀ ਸ਼ਖ਼ਸੀਅਤ ਦਾ ਸਬੂਤ ਉਹਨਾਂ ਵਲੋਂ ਕੀਤੀ ਮਹਿਮਾਨ ਨਿਵਾਜੀ ਨੇ ਦਿੱਤਾ ਜੋ ਕਿ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਿਸੇ ਪੰਜ ਤਾਰਾ ਹੋਟਲ ਨਾਲੋਂ ਘੱਟ ਨਹੀਂ ਸੀ।
ਕੰਪਿਊਟਰ ਵਿਭਾਗ ਦੇ ਮੁਖੀ ਮਨਜੀਤ ਸਿੰਘ ਜੀ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਜੇ ਦਵਿੰਦਰ ਖੁਸ਼ ਧਾਲੀਵਾਲ ਦੀ ਗੱਲ ਕੀਤੀ ਜਾਵੇ ਤਾਂ ਵਾਕਿਆ ਹੀ ਸਿੰਪਲ ਲਿਵਿੰਗ ਹਾਈ ਥਿੰਕਿੰਗ ਵਾਲਾ ਕਥਨ ਬਿਲਕੁਲ ਢੁੱਕਦਾ ਹੈ ਕਿ ਇੱਕ ਸੁੱਲਝੀ ਹੋਈ ਸਖਸ਼ੀਅਤ ਦੇ ਅੰਦਰ ਗਿਆਨ ਦਾ ਅਥਾਹ ਭੰਡਾਰ ਹੈ ਜੋ ਕਿ ਉਹਨਾਂ ਦੀ ਕਿਤਾਬ 'ਸਮੇਂ ਦੀ ਦਾਸਤਾਨ' ਵਿੱਚ ਸਾਫ਼-ਸਾਫ਼ ਝਲਕਦਾ ਹੈ। ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਵੱਲੋਂ ਜੋ ਇਸ ਪੁਸਤਕ ਤੇ ਪਰਚਾ ਪੜ੍ਹਿਆ ਗਿਆ, ਬਿਲਕੁਲ ਕੁੱਜੇ ਵਿੱਚ ਸਮੁੰਦਰ ਬੰੰਦ ਕਰਨ ਦੇ ਬਰਾਬਰ ਸੀ। ਸਮੇਂ ਦੀ ਨਜਾਕਤ ਨੂੰ ਮੁੱਖ ਰੱਖ ਕੇ ਓਹਨਾਂ ਨੇ ਪੁਸਤਕ ਵਿੱਚ ਦਿੱਤੇ ਅੰਕੜਿਆਂ ਦਾ ਵਿਸ਼ਲੇਸ਼ਣ ਬਹੁਤ ਹੀ ਵਧੀਆ ਢੰਗ ਨਾਲ ਕੀਤਾ। ਉਹਨਾਂ ਦੀ ਬੁਲੰਦ ਆਵਾਜ਼ ਨੇ ਪਰਚੇ ਵਿਚ ਧਾਰਮਿਕ ਸ਼ਬਦਾਂ ਤੋਂ ਹੀ ਸ਼ੁਰੂਆਤ ਤੇ ਹਰ ਤਰ੍ਹਾਂ ਦੇ ਵਿਸ਼ੇ ਜਿਵੇਂ ਧਾਰਮਿਕ, ਸਮਾਜਿਕ, ਵਾਤਾਵਰਣ ਬਾਰੇ ਚਾਨਣ ਪਾ ਕੇ ਪਾਠਕਾਂ ਨੂੰ ਕੀਲ ਕੇ ਰੱਖ ਦਿੱਤਾ ਤੇ ਦਵਿੰਦਰ ਖੁਸ਼ ਧਾਲੀਵਾਲ ਜੀ ਦੀ ਪੁਸਤਕ ਦੇ ਜੋ ਇੰਨੀ ਮਿਹਨਤ ਨਾਲ ਪਾਣੀ ਨਾਲ ਸਬੰਧਿਤ ਅੰਕੜਿਆਂ ਬਾਰੇ ਦੱਸ ਕੇ ਸਾਰੇ ਸਰੋਤਿਆਂ ਨੂੰ ਸੋਚਾਂ ਵਿੱਚ ਪਾ ਦਿੱਤਾ, ਕਿ ਇੰਨੀ ਤਰਕ ਨਾਲ ਲਿਖੀ ਪੁਸਤਕ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੇ ਖੋਜ ਕਾਰਜਾਂ ਵਿਚ ਕੰਮ ਆਏਗੀ। ਬਾਲ ਸ਼੍ਰੋਮਣੀ ਸਾਹਿਤ ਪੁਰਸਕਾਰ ਵਿਜੇਤਾ ਡਾ ਦਰਸ਼ਨ ਸਿੰਘ ਆਸ਼ਟ ਜੀ ਨੇ ਵੀ ਦਵਿੰਦਰ ਖੁਸ਼ ਧਾਲੀਵਾਲ ਦੀ ਪੁਸਤਕ ਸਬੰਧੀ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਇਹ ਪੁਸਤਕ ਹਰ ਇੱਕ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਹੋਏਗੀ, ਕਿਉਂਕਿ ਇਸ ਪੁਸਤਕ ਵਿੱਚ ਪਰਿਕਲਪਨਾ ਨੂੰ ਛੱਡ ਕੇ ਤਰਕ ਨਾਲ ਹਰ ਇੱਕ ਲੇਖ ਵਿੱਚ ਬੜੀ ਸੂੂਖਮਤਾ ਨਾਲ ਹਰ ਇੱਕ ਵਿਸ਼ੇ ਨੂੰ ਪੇਸ਼ ਕੀਤਾ ਗਿਆ ਹੈ।
ਡਾ ਦਰਸ਼ਨ ਸਿੰਘ ਆਸ਼ਟ ਜੀ ਦੇ ਦਰਸ਼ਨ ਕਰਨੇ ਵੀ ਇੱਕ ਮਨ ਦੀ ਮੁਰਾਦ ਪੂਰੀ ਹੋਣ ਵਾਲੀ ਗੱਲ ਸੀ,ਜਿੰਨਾਂ ਦੀ ਕਿਤਾਬ 'ਸੁਰੀਲੀ ਬੰਸਰੀ' ਦੇ ਲੇਖਕ ਵਜੋਂ ਬਚਪਨ ਵਿੱਚ ਨਾਂ ਸੁਣਿਆ ਸੀ ਵਾਕਿਆ ਹੀ ਬਹੁਤ ਮਿਲਾਪੜੇ , ਮਿੱਠ ਬੋਲੜੇ, , ਨਿੱਘੇ ਸੁਭਾਅ ਦੇ ਮਾਲਕ ਤੇ ਸੁਲਝੀ ਹੋਈ ਸਖਸ਼ੀਅਤ ਹਨ । ਸਟੇਟ ਅਤੇ ਨੈਸ਼ਨਲ ਐਵਾਰਡੀ ਡਾ ਗੁਰਚਰਨ ਕੌਰ ਕੋਚਰ ਜੀ ਵੱਲੋਂ ਦਵਿੰਦਰ ਖੁਸ਼ ਧਾਲੀਵਾਲ ਦੀ ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਜਿੰਨੀ ਸੰਜੀਦਗੀ ਖ਼ੁਸ਼ ਧਾਲੀਵਾਲ ਵਿੱਚ ਹੈ ਉਹੀ ਸੰਜੀਗਦੀ ਉਸਦੇ ਲੇਖਾ ਵਿੱਚ ਝਲਕਦੀ ਹੈ। ਉਹਨਾਂ ਵੱਲੋਂ ਵੀ ਖੁਸ਼ ਧਾਲੀਵਾਲ ਜੀ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਬੁਲੰਦੀਆਂ ਨੂੰ ਛੂਹਣ ਲਈ ਦੁਆਵਾਂ ਦਿੱਤੀਆਂ ਗਈਆਂ।
ਉੱਘੀ ਸਾਹਿਤਕਾਰਾ ਨਿੱਘੇ ਸੁਭਾਅ ਦੇ ਮਾਲਕ ਮੈਡਮ ਅੰਜੂ ਅਮਨਦੀਪ ਗਰੋਵਰ ਜੀ ਵੱਲੋਂ ਦੱਸਿਆ ਗਿਆ ਕਿ ਦਵਿੰਦਰ ਖੁਸ਼ ਧਾਲੀਵਾਲ ਦੀ ਇਹ ਪੁਸਤਕ ਇੱਕ ਨਰੋਏ ਤੇ ਨਿਰੋਗ ਸਮਾਜ ਦੀ ਸਿਰਜਣਾ ਵਿੱਚ ਵੱਡੀ ਭੂਮਿਕਾ ਨਿਭਾਏਗੀ। ਮੈਡਮ ਅੰਜੂ ਵੱੱਲੋਂ ਖੁਸ਼ ਧਾਲੀਵਾਲ ਨੂੰ ਅਜੋਕੇ ਮੁੱਦਿਆਂ ਦੀ ਖੋਜ ਕਰਤਾ ਵੀ ਦੱਸਿਆ ਗਿਆ। ਇਸ ਸਮਾਗਮ ਵਿੱਚ ਪਹੁੰਚੇ ਲੈਕਚਰਾਰ ਲਖਵਿੰਦਰ ਸਿੰਘ ਨੇ ਦਵਿੰਦਰ ਖੁਸ਼ ਧਾਲੀਵਾਲ ਦੀ ਇਸ ਪੁਸਤਕ ਨੂੰ ਸਮੇਂ ਦੀ ਮੂੰਹ ਬੋਲਦੀ ਤਸਵੀਰ ਦੱਸਿਆ ਤੇ ਉਹਨਾਂ ਬਾਰੇ ਲਿਖੀ ਕਵਿਤਾ ਨੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਸਾਰਾ ਹੀ ਮਾਹੌਲ ਬਹੁਤ ਵਧੀਆ ਸੀ ਸਾਰਿਆਂ ਵਲੋਂ ਦਵਿੰਦਰ ਖੁਸ਼ ਧਾਲੀਵਾਲ ਜੀ ਦੇ ਵਿਚਾਰਾਂ ਨੂੰ ਗਹੁ ਨਾਲ ਸੁਣਿਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨਾਮਵਾਰ ਸਾਹਿਤਕਾਰ ਸਤਵਿੰਦਰ ਸਿੰਘ ਧੜਾਕ , ਰਾਜਬੀਰ ਕੌਰ ਗਰੇਵਾਲ ਤੇ ਪੰਜਾਬੀ ਫਿਲਮੀ ਅਦਾਕਾਰਾ ਪੰਮੀ ਸਿੱਧੂ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਾਰਿਆਂ ਵੱਲੋਂ ਪੇਸ਼ ਕੀਤੀਆਂ, ਗਜ਼ਲਾਂ, ਨਜ਼ਮਾਂ ਸੁਣਕੇ ਤਾੜੀਆਂ ਨਾਲ ਹਾਲ ਗੂੰਜ ਉਠਿਆ ।
ਜਦੋਂ ਮੈਡਮ ਦਵਿੰਦਰ ਖੁਸ਼ ਧਾਲੀਵਾਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਆਪਣੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ ਦੇਵਿੰਦਰ ਸਿੰਘ ਸਿੱਧੂ ਜੀ ਦੇ ਸਹਿਯੋਗ ਲਈ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤੇ ਕਿਹਾ ਕਿ ਸਰ ਤੁਹਾਡੇ ਸਹਿਯੋਗ ਨਾਲ ਹੀ ਇਹ 'ਪੁਸਤਕ ਲੋਕ ਅਰਪਣ' ਸਮਾਗਮ ਸੰਪੂਰਨ ਹੋਇਆ ਹੈ। ਜਿੱਥੇ ਮੈਡਮ ਦਵਿੰਦਰ ਖੁਸ਼ ਧਾਲੀਵਾਲ ਨੂੰ ਆਪਣੀ ਪੁਸਤਕ ਲੋਕ ਅਰਪਣ ਹੋਣ ਦੀ ਖੁਸ਼ੀ ਸੀ। ਓਥੇ ਸੰਤੁਸ਼ਟੀ ਵੀ ਸੀ ਕਿ ਹਾਂ ਲੋਕ ਆਉਣ ਵਾਲੇ ਸਮੇਂ ਵਿੱਚ ਯਾਦ ਰੱਖਣਗੇ ਕਿ ਦਵਿੰਦਰ ਖੁਸ਼ ਧਾਲੀਵਾਲ ਨੇ ਵੀ ਦੁਨੀਆਂ ਨੂੰ ਸੇਧ ਦੇਣ ਵਾਲੀ ਕੋਈ ਪੁਸਤਕ ਲਿਖੀ ਹੈ। ਉਹਨਾਂ ਦੇ ਭਾਵੁਕ ਬੋਲਾਂ ਨੇ ਸਾਰਿਆਂ ਦੇ ਮਨਾਂ ਨੂੰ ਮੋਹ ਲਿਆ ਤੇ ਹਾਲ ਫਿਰ ਤਾੜੀਆਂ ਨਾਲ ਗੂੰਜ ਉੱਠਿਆ। ਅੰਤ ਵਿੱਚ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਡਾ ਦੇਵਿੰਦਰ ਸਿੰਘ ਸਿੱਧੂ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਲੇਖਿਕਾ ਖੁਸ਼ ਧਾਲੀਵਾਲ ਜੀ ਨੂੰ ਮੁਬਾਰਕਬਾਦ ਵੀ ਦਿੱਤੀ ਤੇ ਉਹਨਾਂ ਦੇ ਬੇਬਾਕ ਜਿੰਦਾਦਿੱਲੀ ਸੁਭਾਅ ਬਾਰੇ ਵੀ ਦੱਸਿਆl
ਵਾਈਸ ਚਾਂਸਲਰ ਡਾ. ਦੇਵਿੰਦਰ ਸਿੰਘ ਸਿੱਧੂ ਜੀ ਦੀ ਪੂਰੇ ਪ੍ਰੋਗਰਾਮ ਵਿੱਚ ਤੇ ਅੰਤ ਦੁਪਹਿਰ ਦੇ ਖਾਣੇ ਤੱਕ ਸਮੂਲੀਅਤ ਇਸ ਗੱਲ ਦੀ ਹਾਮੀ ਭਰਦੀ ਸੀ ਕਿ ਜੇ ਅੱਜ ਸੰਸਾਰ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਂ ਹੈ ਤਾਂ ਉਹ ਉਹਨਾਂ ਦੀ ਮਿਹਨਤ, ਲਗਨ, ਬਰਾਬਰਤਾ ਤੇ ਹਰ ਇੱਕ ਨੂੰ ਦਿੱਤੇ ਮਾਣ ਸਨਮਾਨ ਕਾਰਨ ਹੀ ਹੈ, ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਸਾਡੀ ਯੂਨੀਵਰਸਿਟੀ ਭਾਰਤ ਦੀਆਂ ਪਹਿਲੇ ਦਰਜੇ ਦੀਆਂ ਯੂਨੀਵਰਸਿਟੀਆਂ ਵਿੱਚ ਮੋਹਰੀ ਹੈ ਜਿੱਥੇ ਵਿਦਿਆਰਥੀਆਂ ਦੀ 100% ਪਲੇਸਮੈਂਟ ਹੁੰਦੀ ਹੈ।ਡਾ. ਪੋ੍ ਦਵਿੰਦਰ ਸਿੰਘ ਸਿੱਧੂ ਜੀ ਦਾ ਮਾਂ ਬੋਲੀ ਪ੍ਰਤੀ ਪਿਆਰ ਵੀ ਝਲਕਦਾ ਨਜ਼ਰ ਆਇਆ ਜਦੋਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ , ਉਸਦੇ ਪ੍ਰਸਾਰ ਅਤੇ ਪ੍ਰਚਾਰ ਲਈ ਅਨੇਕਾ ਅਜਿਹੇ ਪ੍ਰੋਗਰਾਮ ਅਤੇ ਸੈਮੀਨਾਰ ਹੋਣਗੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਸਤਨਾਮ ਸਿੰਘ ਸੰਧੂ ਜੀ ਪਾਸੋਂ ਪਹਿਲਾਂ ਵੀ ਮੈਨੂੰ ਚੰਡੀਗੜ੍ਹ ਵਿਖੇ *ਬਰੇਵ ਸੋਲ* ਐਵਾਰਡ ਤੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਡਾਕਟਰ ਜਗਜੀਤ ਸਿੰਘ ਵੱਲੋਂ ਕਰਵਾਏ ਗਏ ਐੱਫ. ਏ.ਪੀ ਨੈਸ਼ਨਲ ਐਵਾਰਡ ਸਮਾਰੋਹ ਵਿਚ *ਬੈਸਟ ਟੀਚਰ* ਐਵਾਰਡ ਪ੍ਰਾਪਤ ਕਰਨ ਦਾ ਮਾਣ ਮਿਲ ਚੁੱਕਾ ਹੈ ਤੇ ਅੱਜ ਵੀ ਇਸ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਬੁਲਾ ਕੇ ਜੋ ਮਾਣ ਦਿੱਤਾ ਹੈ ਉਸ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ: ਸਤਨਾਮ ਸਿੰਘ ਸੰਧੂ ਜੀ,ਵਾਈਸ -ਚਾਂਸਲਰ ਡਾ. ਆਰ.ਐਸ.ਬਾਵਾ ਜੀ,ਪੋ੍ ਵਾਈਸ-ਚਾਂਸਲਰ ਡਾ. ਪੋ੍ ਦੇਵਿੰਦਰ ਸਿੰਘ ਸਿੱਧੂ ਜੀ, ਮੈਡਮ ਦਵਿੰਦਰ ਖੁਸ਼ ਧਾਲੀਵਾਲ ਜੀ ਤੇ ਪੂਰੀ ਪ੍ਰਬੰਧਕੀ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਜਿੰਨਾ ਨੇ ਮਾਇਨਾਜ ਹਸਤੀਆਂ ਦੇ ਦਰਸਨ ਕਰਾਏ ਤੇ ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਜੋ ਕਿ ਹਮੇਸ਼ਾਂ ਮੇਰੇ ਦਿਲ ਵਿੱਚ ਖਿੜੇ ਗੁਲਾਬ ਦੀ ਤਰਾਂ ਮਹਿਕਾਂ ਖਿਲਾਰਦੇ ਰਹਿਣਗੇ l
ਇੱਕ ਹੋਰ ਅਨੁਭਵ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਦਰ ਪੈਰ ਰੱਖਿਆ ਤਾਂ ਇਵੇਂ ਮਹਿਸੂਸ ਹੋਇਆ ਕਿ ਜਿਵੇਂ ਤੁਸੀਂ ਕਿਸੇ ਸਵਰਗੀ ਦੁਨੀਆਂ ਵਿੱਚ ਹੀ ਆ ਗਏ ਹੋਵੋ। ਸਾਰੀ ਸਕਿਰਉਟੀ ਜੈੱੱਡ ਸਕਿਓਰਟੀ ਵਾਂਗ ਲੱਗ ਰਹੀ ਸੀ। ਯੂਨੀਵਰਸਿਟੀ ਦੀ ਸੁੰਦਰਤਾ ਨੂੰ ਵਧਾ ਰਹੇ ਰੰਗ-ਬਿਰੰਗੇ ਝੰਡੇ ਕੁਦਰਤ ਦੇ ਨਾਲ ਰਲ ਕੇ ਰੁੱਖਾਂ ਦੀ ਹਵਾ ਨਾਲ ਝੂਮ ਕੇ ਜਿਵੇਂ ਆਏ ਹੋਏ ਹਰ ਇੱਕ ਮਹਿਮਾਨ ਦਾ ਸੁਆਗਤ ਕਰ ਰਹੇ ਹੋਣ।
ਯੂਨੀਵਰਸਿਟੀ ਕੈਂਪਸ ਦੀ ਸਫਾਈ, ਹਰਿਆ-ਭਰਿਆ ਵਾਤਾਵਰਨ, ਇਨਫ੍ਰਾਸਟਰਕਚਰ ਯੂਨੀਵਰਸਿਟੀ ਦੀ ਵਿਸ਼ਾਲਤਾ ਕਿਸੇ ਸਤਵੇਂ ਅਜੂਬੇ ਨਾਲੋਂ ਘੱਟ ਨਹੀਂ ਸੀ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ:ਸਤਨਾਮ ਸਿੰਘ ਜੀ ਨੂੰ , ਵਾਈਸ-ਚਾਂਸਲਰ ਡਾ. ਆਰ.ਐਸ ਬਾਵਾ ਜੀ ਨੂੰ , ਪ੍ਰੋ ਵਾਈਸ-ਚਾਂਸਲਰ ਡਾ. ਪ੍ਰੋ ਦਵਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ਤੇ ਹਮੇਸ਼ਾ ਹੀ ਬੁਲੰਦੀਆਂ ਨੂੰ ਛੂਹੇ । ਮੇਰਾ ਸਿਰ ਚੰਡੀਗੜ੍ਹ ਯੂਨੀਵਰਸਿਟੀ ਅੱਗੇ ਸ਼ਰਧਾ ਨਾਲ ਝੁਕਦਾ ਹੈ ।