ਰਣਜੀਤ ਕੌਰ ਸਵੀ ਵੱਲੋਂ ਸੰਪਾਦਿਤ ਕਾਵਿ ਸੰਗ੍ਰਹਿ 'ਸਾਜ਼ਗਾਰ' ਦੀ ਹੋਈ ਘੁੰਡ ਚੁਕਾਈ
ਤਨਵੀਰਜ਼ ਹੋਮੋਪੈਥਿਕ ਕੈਸਰ ਕੇਅਰ ਸੈਂਟਰ ਵਿਖੇ ਹੋਏ ਸਾਹਿਤਕ ਪ੍ਰੋਗਰਾਮ ਨੂੰ ਕਈ ਨਾਮਵਰ ਸਾਹਿਤਕਾਰਾਂ ਨੇ ਪਹੁੰਚ ਕੇ ਬਣਾਇਆ ਯਾਦਗਾਰੀ
ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ 25 ਮਈ 2022-)ਸਾਹਿਤਕ ਦੀਪ ਵੈਲਫੇਅਰ ਸੁਸਾਇਟੀ (ਰਜਿ:) ਜ਼ਿਲਾ ਲੁਧਿਆਣਾ (ਪੰਜਾਬ) ਦੇ ਸਹਿਯੋਗ ਨਾਲ ਤਨਵੀਰਜ਼ ਹੋਮੋਪੈਥਿਕ ਕੈਸਰ ਕੇਅਰ ਸੈਂਟਰ ਵਿਖੇ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸ਼ਾਇਰਾ ਰਣਜੀਤ ਕੌਰ ਸਵੀ ਵੱਲੋਂ ਸੰਪਾਦਿਤ ਪੁਸਤਕ ਸਾਂਝੇ ਕਾਵਿ ਸੰਗ੍ਰਹਿ 'ਸਾਜ਼ਗਾਰ' ਦੀ ਘੁੰਡ ਚੁਕਾਈ ਕੀਤੀ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜਸਵੀਰ ਰਾਣਾ ਨੇ ਕੀਤੀ, ਮੁੱਖ ਮਹਿਮਾਨ ਵਜੋਂ ਸ਼ਾਇਰ ਤਰਸੇਮ ਨੇ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਸੁਰਿੰਦਰਜੀਤ ਚੌਹਾਨ, ਡਾ. ਸਲੀਮ ਜੁਬੈਰੀਖਾਸ, ਡਾ. ਤਰਨਵੀਰ, ਅਰਸ਼ਦ ਸ਼ਰੀਫ਼ , ਨੂਰ ਮੁਹੰਮਦ ਨੂਰ ਨੇ ਖਾਸਤੌਰ ਤੇ ਸਮੂਲੀਅਤ ਕੀਤੀ। "ਸਾਜ਼ਗਾਰ" ਪੁਸਤਕ ਰਲੀਜ਼ ਤੋਂ ਉਪਰੰਤ ਪੁਸਤਕ ਵਿਚ ਸ਼ਾਮਿਲ ਅਤੇ ਪਹੁੰਚੇ ਹੋਏ ਸ਼ਾਇਰਾਂ ਦਾ ਕਵੀ ਦਰਬਾਰ ਕਰਵਾਇਆ ਗਿਆ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖਸੀਅਤਾਂ ਵੱਲੋਂ ਪੁਸਤਕ ਪ੍ਰਤੀ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਤੇ ਜਸਵੀਰ ਰਾਣਾ ਨੇ ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਬੀਬੀ ਰਣਜੀਤ ਕੌਰ ਸਵੀ ਵੱਲੋਂ ਸੰਪਾਦਿਤ ਪੁਸਤਕ ਇੱਕ ਚੰਗੀ ਕੋਸ਼ਿਸ਼ ਹੈ।
ਇਸ ਨਾਲ ਨਵੇਂ ਲਿਖਾਰੀਆਂ ਨੂੰ ਉਤਸ਼ਾਹ ਮਿਲੇਗਾ। ਮੈਂ ਸਵੀ ਵੱਲੋਂ ਕੀਤੇ ਇਸ ਸ਼ਲਾਗਾਯੋਗ ਕੰਮ ਦੀ ਪ੍ਰਸੰਸਾ ਕਰਦਾ ਹੋਇਆ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਸ਼ਹਾਨਾ ਅਜ਼ੀਮ ਤੇ ਅਰਸ਼ਦ ਸ਼ਰੀਫ਼ ਨੇ ਬੀਬੀ ਰਣਜੀਤ ਕੌਰ ਸਵੀ ਦੇ ਕਲਾਮ ਨੂੰ ਆਪਣੀ ਆਵਾਜ਼ ਵਿੱਚ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਰਣਜੀਤ ਕੌਰ ਸਵੀ ਨੇ ਸਮਾਗਮ ਵਿੱਚ ਪਹੁੰਚੇ ਲੋਕਾਂ ਦੇ ਨਾਲ-ਨਾਲ ਕਿਤਾਬ ਵਿਚ ਸ਼ਾਮਿਲ ਕਵੀਆਂ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕੀ ਇਨ੍ਹਾਂ ਸਾਰੇ ਕਵੀਆਂ ਦੇ ਸਹਿਯੋਗ ਸਦਕਾ ਹੀ ਇਹ ਕਾਰਜ ਨੇਪਰੇ ਚੜ੍ਹਿਆ ਹੈ। ਇਸ ਦੇ ਲਈ ਮੈਂ ਦਿਲ ਤੋਂ ਧੰਨਵਾਦ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਆਪ ਸਭਨਾ ਦਾ ਇਹ ਸਹਿਯੋਗ ਅੱਗੇ ਨੂੰ ਵੀ ਇੰਜ ਹੀ ਮਿਲਦਾ ਰਹੇਗਾ। ਅੰਤ ਵਿੱਚ ਸ਼ਾਇਰ ਤਰਸੇਮ ਵੱਲੋਂ ਸਮੁੱਚੇ ਪ੍ਰੋਗਰਾਮ ਦੇ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ ਜਿਸ ਵਿੱਚ ਉਨ੍ਹਾਂ ਨੇ ਸਿਰਫ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਕਿ ਕੁੱਝ ਨਵਾਂ ਲਿਖਣ ਲਈ ਕਿਤਾਬਾਂ ਨਾਲ ਜੁੜਨਾ ਜ਼ਰੂਰੀ ਹੈ ਤੁਸੀਂ ਨਵਾਂ ਤਾਂ ਹੀ ਲਿਖ ਸਕਦੇ ਹੋ ਜੇਕਰ ਜ਼ਿਆਦਾ ਤੋਂ ਜ਼ਿਆਦਾ ਪੜ੍ਹੋਗੇ। ਇਸ ਸਮਾਗਮ ਵਿਚ ਸਨਾ ਤਨਵੀਰ,ਅਰੀਜੀਤ ਸਿੰਘ,ਗੁਰਮੇਲ ਸਿੰਘ ਪਟਿਆਲਾ, ਕਮਲ ਜਲੂਲ਼,ਸਰਬਜੀਤ ਸਿੰਘ,ਕਮਲਜੀਤ ਕੌਰ , ਉਵੈਸ, ਸੁ਼ਐਬ ਮਲਿਕ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਮੌਜ਼ੂਦ ਸਨ।