ਰੀਨੋ : ਅਮਰੀਕਾ 'ਚ ਵੱਸਦੇ ਪੰਜਾਬੀਆਂ ਨੂੰ ਬੀਤੀ ਰਾਤ ਫਲੇਵਰ ਆਫ ਇੰਡੀਆ ਹਾਲ 'ਚ ਸੰਬੋਧਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਜੇਕਰ ਊੜਾ ਸਲਾਮਤ ਨਾ ਰਿਹਾ ਤਾਂ ਬਦੇਸ਼ਾਂ 'ਚ ਵੱਸਦੇ ਪੰਜਾਬੀਆਂ ਦੀਆਂ ਵਿਰਾਸਤੀ ਤੰਦਾਂ ਟੁੱਟ ਜਾਣਗੀਆਂ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲੋਂ ਸਿਰਫ਼ ਪਦਾਰਥਕ ਲਾਭ ਹੀ ਨਾ ਲਈਏ ਸਗੋਂ ਸ਼ਬਦ ਸਭਿਆਚਾਰ ਨਾਲ ਮੁਹੱਬਤ ਸਿੱਖਣ ਦੀ ਵੀ ਲੋੜ ਹੈ। ਹਰ ਮਹੀਨੇ ਜੇਕਰ ਹਰ ਪੰਜਾਬੀ ਆਪਣੇ ਘਰ 'ਚ ਇੱਕ ਕਿਤਾਬ ਵੀ ਖ਼ਰੀਦ ਕੇ ਲਿਆਉਣ ਲੱਗ ਜਾਵੇ ਤਾਂ ਸਾਡੇ ਘਰਾਂ 'ਚ ਵੀ ਸਭਿਆਚਾਰਕ ਅਮੀਰੀ ਆਵੇਗੀ। ਸ ਉਪਿੰਦਰ ਸਿੰਘ ਢਿੱਲੋਂ ਮਹਿਤਪੁਰ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਕਿਰਤ ਕਰਕੇ ਅਸੀਂ ਆਰਥਿਕ ਖੁਸ਼ਹਾਲੀ ਤਾਂ ਲੱਭ ਲਈ ਹੈ ਪਰ ਸਭਿਆਚਾਰਕ ਵਿਕਾਸ ਪੱਖੋਂ ਪੱਛੜ ਗਏ ਹਾਂ। ਹੁਣ ਸਾਨੂੰ ਇਹ ਯੁੱਧ ਵੀਆਰੰਭਣਾ ਪਵੇਗਾ। ਸ ਮੇਜਰ ਸਿੰਘ ਬਾਹੁਗਣ ਮਲਸੀਹਾਂ ਨੇ ਗੁਰਭਜਨ ਗਿੱਲ ਦੀ ਸਾਹਿੱਤਕ ਜਾਣ ਪਛਾਣ ਕਰਾਈ। ਇਸ ਮੌਕੇ ਸ ਜਗਤ ਸਿੰਘ ਥਾਂਦੀ, ਸ ਤਾਰਾ ਸਿੰਘ ਸੰਘੇੜਾ, ਸ ਸੁਖਦੇਵ ਸਿੰਘ ਹੁੰਦਲ ਅਤੇ ਸ ਮਲਕੀਤ ਸਿੰਘ ਧਾਮੀ ਦੇ ਸਪੁੱਤਰ ਸ ਜਸਵਿੰਦਰਸਿੰਘ ਧਾਮੀ ਨੇ ਗੁਰਭਜਨ ਗਿੱਲ ਦੀ ਨਵ ਪ੍ਰਕਾਸ਼ਤ ਗ਼ਜ਼ਲ ਪੁਸਤਕ 'ਮਿਰਗਾਵਲੀ' ਲੋਕ ਅਰਪਣ ਕੀਤੀ। ਸ ਅਮੋਲਕ ਸਿੰਘ ਪਵਾਰ ਨੇ ਮੰਚ ਸੰਚਾਲਨ ਕੀਤਾ। ਹੋਰਨਾਂ ਤੋਂ ਇਲਾਵਾ ਅਜੀਤ ਸਿੰਘ ਹੀਰਾ, ਦਲਜੀਤ ਸਿੰਘ ਬਸਾਂਤੀ, ਕੇਵਲ ਸਿੰਘ ਸੇਖੋਂ, ਗੁਰਮੇਲ ਸਿੰਘ ਉੱਪਲ, ਜਸਵਿੰਦਰ ਸਿੰਘ ਭਾਟੀਆ, ਦੇਵਿੰਦਰ ਸਿੰਘ ਗਰੇਵਾਲ ਤੇ ਰਣਬੀਰ ਸਿੰਘ ਛੀਨਾ ਨੇ ਵੀ ਸੰਬੋਧਨ ਕੀਤਾ।