ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਧਰਤੀ ਨਾਦ ਡਾ: ਸ.ਸ ਜੌਹਲ ਨੇ ਲੋਕ ਅਰਪਨ ਕੀਤਾ
ਲੁਧਿਆਣਾ, 30 ਨਵੰਬਰ 2018 - ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਦੇ ਚਾਂਸਲਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪਦਮ ਵਿਭੂਸ਼ਨ ਡਾ. ਸ.ਸ ਜੌਹਲ ਨੇ ਗਰੈਂਡ ਵਾਕ ਲੁਧਿਆਣਾ ਵਿਖੇ ਪੰਜਾਬੀ ਕਵੀ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ 'ਧਰਤੀ ਨਾਦ' ਦੇ ਤੀਸਰੇ ਸੰਸਕਰਨ ਨੂੰ ਲੋਕ ਅਰਪਨ ਕਰਦਿਆਂ ਕਿਹਾ ਹੈ ਕਿ ਗੁਰਭਜਨ ਕੋਲ ਧਰਤੀ ਦੀ ਜ਼ੁਬਾਨ ਹੈ ਜਿਸ ਸਹਾਰੇ ਉਹ ਗੁੰਝਲਦਾਰ ਵਿਸ਼ਿਆਂ ਨੂੰ ਵੀ ਸਧਾਰਨ ਲੋਕ ਭਾਸ਼ਾ 'ਚ ਪੇਸ਼ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਵਿਤਾ ਦੀ ਸਰੋਦੀ ਸੁਰ ਕਾਇਮ ਰੱਖਣ 'ਚ ਉਸਨੇ ਗੀਤ, ਗਜ਼ਲ, ਰੁਬਾਈ ਅਤੇ ਨਜ਼ਮ ਨੂੰ ਇਸ ਸੰਗ੍ਰਹਿ 'ਚ ਅੰਕਿਤ ਕਰਕੇ ਆਪਣੀ ਕਾਵਿ ਕੌਸ਼ਲਤਾ ਦਾ ਸਬੂਤ ਦਿੱਤਾ ਹੈ।
ਡਾ. ਜੌਹਲ ਨੇ ਕਿਹਾ ਕਿ ਭਰੂਣ ਹੱਤਿਆ ਵਰਗੇ ਕੋਮਲ ਵਿਸ਼ੇ ਤੇ ਜਿਹੜੀ ਨਜ਼ਮ 'ਲੋਰੀ' ਇਸ ਸੰਗ੍ਰਹਿ 'ਚ ਪੇਸ਼ ਕੀਤੀ ਹੈ, ਉਸ ਨਾਲ ਮਨੁੱਖੀ ਮਨ ਦੀ ਸੰਵੇਦਨਾ ਹਲੂਣੀ ਜਾਂਦੀ ਹੈ ਅਤੇ ਇਸ ਕੁਕਰਮ ਤੋਂ ਮਨੁੱਖਤਾ ਨੂੰ ਵਰਜਣ ਵਿਚ ਵੀ ਸਹਾਈ ਹੁੰਦੀ ਹੈ।
ਸਰੀ (ਕੈਨੇਡਾ) 'ਚ ਪੰਜਾਬ ਭਵਨ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਗੁਰਭਜਨ ਗਿੱਲ ਸਿਰਫ ਕਵੀ ਹੀ ਨਹੀਂ ਸਗੋਂ ਦੂਰ ਦ੍ਰਿਸ਼ਟੀਵਾਨ ਪੰਜਾਬੀ ਹਨ, ਜੋ ਭਵਿੱਖ ਦੇ ਨਕਸ਼ ਉਲੀਕਣੇ ਵੀ ਜਾਣਦੇ ਹਨ। ਪੰਜਾਬ ਭਵਨ ਕੈਨੇਡਾ ਉਨ੍ਹਾਂ ਦੀਆਂ ਸੇਧਾਂ ਕਾਰਨ ਹੀ ਉੱਸਰਿਆ ਤੇ ਕਰਮਸ਼ੀਲ ਹੋ ਸਕਿਆ ਹੈ। ਸ਼੍ਰੀ ਬਾਠ ਨੇ ਕਿਹਾ ਕਿ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਨਿਭਾਅ ਉਨ੍ਹਾਂ ਦੀਆਂ ਕਵਿਤਾਵਾਂ 'ਚ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਸੇ ਕਾਰਨ ਉਨ੍ਹਾਂ ਦੇ ਪਾਠਕਾਂ ਦਾ ਘੇਰਾ ਸੱਤ ਸਮੁਦਰੋਂ ਪਾਰ ਵੀ ਵਿਸ਼ਾਲ ਹੈ।
ਉੱਘੇ ਵਿਦਵਾਨ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾ. (ਕਰਨਲ) ਦਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਵਿਤਾ ਤ੍ਰੈਕਾਲ ਦਰਸ਼ੀ ਮਨ ਵਿੱਚੋਂ ਹੀ ਉੱਸਰਦੀ ਹੈ। ਵਿਰਸੇ ਦੀ ਰੌਸ਼ਨੀ ਵਰਤਮਾਨ ਦੀ ਸੂਝ ਅਤੇ ਭਵਿੱਖ ਮੁਖੀ ਨੀਝ ਕਾਰਨ ਹੀ ਧਰਤੀ ਨਾਦ ਵਿਚਲੀਆਂ ਕਵਿਤਾਵਾਂ ਸਾਰਥਕ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਸ਼੍ਰੋਮਣੀ ਪੱਤਰਕਾਰ ਅਤੇ ਫਾਸਟ ਵੇਅ ਦੇ ਨਿਊਜ਼ ਚੈਨਲ ਹੈੱਡ ਦਰਸ਼ਨ ਸਿੰਘ ਮੱਕੜ ਨੇ ਕਿਹਾ ਕਿ ਗੁਰਭਜਨ ਗਿੱਲ ਦੇ ਪ੍ਰਥਮ ਕਾਵਿ ਸੰਗ੍ਰਹਿ ''ਸ਼ੀਸ਼ਾ ਝੂਠ ਬੋਲਦਾ ਹੈ'' ਤੋਂ ਲੈ ਕੇ ''ਰਾਵੀ'' ਤੀਕ ਦਾ ਸਫ਼ਰ ਮੇਰੀ ਨਜ਼ਰੋਂ ਲੰਘਿਆ ਹੋਣ ਕਾਰਨ ਧਰਤੀ ਨਾਦ ਦੀ ਸ਼ਕਤੀ ਮੈਂ ਪਹਿਚਾਣਦਾ ਹਾਂ।
ਗੁਰਭਜਨ ਗਿੱਲ ਨੇ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਧਰਤੀ ਦੇ ਦੁੱਖ-ਸੁੱਖ ਦਾ ਮੁਣਸ਼ੀ ਹਾਂ, ਇਸੇ ਕਰਕੇ ਮੇਰੀ ਹਰ ਲਿਖਤ ਨੂੰ ਸਾਰਥਕ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਵਿਤਾ ਦੀ ਕਿਤਾਬ ਦਾ ਤੀਜਾ ਸੰਸਕਰਨ ਛਪਣਾ ਮੇਰੇ ਲਈ ਮਾਣ ਵਾਲੀ ਗੱਲ ਹੈ।