ਗੁਰਭਜਨ ਸਿੰਘ ਗਿੱਲ
ਲੁਧਿਆਣਾ, 20 ਫਰਵਰੀ 2020 - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ (ਸਰਗਰਮੀਆਂ) ਤੇ ਨੌਜਵਾਨ ਪੰਜਾਬੀ ਕਵੀ ਮਨਜਿੰਦਰ ਧਨੋਆ ਦੀ ਸ਼ਾਹਮੁਖੀ ਲਿਪੀ ਚ ਛਪੀ ਗ਼ਜ਼ਲ ਪੁਸਤਕ ਸੁਰਮ ਸਲਾਈ ਲਾਹੌਰ(ਪਾਕਿਸਤਾਨ) ਦੇ ਹੋਟਲ ਪਾਕ ਹੈਰੀਟੇਜ ਵਿਖੇ ਸਾਂਝ ਪ੍ਰਕਾਸ਼ਨ ਦੇ ਬੁਲਾਵੇ ਤੇ ਪ੍ਰਮੁੱਖ ਪੰਜਾਬੀ ਕਵੀ ਬਾਬਾ ਨਜਮੀ, ਪ੍ਰੋ: ਇਕਬਾਲ ਕੈਸਰ, ਡਾ: ਸੁਗਰਾ ਸੱਦਫ ,ਡਾ: ਸੁਖਦੇਵ ਸਿੰਘ ਸਿਰਸਾ, ਡਾ: ਸਵੈਰਾਜ ਸੰਧੂ ਗੁਰਭਜਨ ਗਿੱਲ, ਜਸਵਿੰਦਰ ਕੌਰ ਗਿੱਲ ਤੇ ਇਕਬਾਲ ਮਾਹਲ ਕੈਨੇਡਾ ਵੱਲੋਂ ਲੋਕ ਅਰਪਨ ਕੀਤੀ ਗਈ।
ਇਸ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਮਨਜਿੰਦਰ ਧਨੋਆ ਦੀ ਪਿਛਲੇ ਸਾਲ ਲਾਹੌਰ ਵਿਖੇ ਪਿਛਲੇ ਸਾਲ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਮੂਲੀਅਤ ਤੇ ਰਚਨਾਵਾਂ ਸੁਣ ਕੇ ਸਾਂਝ ਪ੍ਰਕਾਸ਼ਨ ਦੇ ਮਾਲਕ ਅਮਜਦ ਸਲੀਮ ਮਿਨਹਾਸ ਨੇ ਉਸ ਦੇ ਕਲਾਮ ਨੂੰ ਪ੍ਰਕਾਸ਼ਿਤ ਕਰਨ ਦੀ ਇੱਛਾ ਪ੍ਰਗਟਾਈ ਸੀ।
ਉਨ੍ਹਾਂ ਦੱਸਿਆ ਕਿ ਮਨਜਿੰਦਰ ਧਨੋਆ ਭਾਵੇਂ ਇਸ ਵਾਰ ਪਾਕਿਸਤਾਨ ਨਹੀਂ ਆਏ ਪਰ ਪੁਸਤਕ ਦਾ ਪ੍ਰਕਾਸ਼ਨ ਯਕੀਨਨ ਸ਼ੁਭ ਸ਼ਗਨ ਹੈ।
ਬਾਬਾ ਨਜਮੀ ਨੇ ਕਿਹਾ ਕਿ ਗੁਰਮੁਖੀ ਕਿਤਾਬਾਂ ਦਾ ਸ਼ਾਹਮੁਖੀ ਰੂਪ ਪਾਕਿਸਤਾਨ ਚ ਤੇ ਸ਼ਾਹਮੁਖੀ ਚ ਛਪੀਆਂ ਕਿਤਾਬਾਂ ਦਾ ਗੁਰਮੁਖੀ ਰੂਪ ਭਾਰਤ ਚ ਛਪਣਾ ਚਾਹੀਦਾ ਹੈ। ਇਹ ਚੰਗੀ ਗੱਲ ਹੈ ਇਸ ਕਾਨਫਰੰਸ ਮੌਕੇ ਤਿੰਨ ਮਹੱਤਵਪੂਰਨ ਗ਼ਜ਼ਲ ਪੁਸਤਕਾਂ ਗੁਰਭਜਨ ਗਿੱਲ ਦੀ ਰਾਵੀ, ਗੁਰਤੇਜ ਕੋਹਾਰਵਾਲਾ ਦੀ ਪਾਣੀ ਦਾ ਹਾਸ਼ੀਆ ਤੇ ਮਨਜਿੰਦਰ ਧਨੋਆ ਦੀ ਸੁਰਮ ਸਲਾਈ ਲੋਕ ਅਰਪਨ ਹੋਈਆਂ ਹਨ।
ਡਾ: ਸੁਖਦੇਵ ਸਿੰਘ ਸਿਰਸਾ ਨੇ ਬੋਲਦਿਆਂ ਦੱਸਿਆ ਕਿ ਭਾਰਤੀ ਪੰਜਾਬ ਵਿੱਚ ਲਿਪੀਅੰਤਰ ਕਰਕੇ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਗੁਰਭਜਨ ਗਿੱਲ ਦੀ ਪ੍ਰਧਾਨਗੀ ਤੇ ਮੇਰੀ ਜਨਰਲ ਸਕੱਤਰੀ ਵੇਲੇ ਮੌਲਾ ਬਖ਼ਸ਼ ਕੁਸ਼ਤਾ ਜੀ ਦੀ ਪੰਜਾਬੀ ਅਦਬ ਦੀ ਮੁਖਤਸਰ ਤਾਰੀਖ਼, ਹਬੀਬ ਜਾਲਿਬ ਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਸ਼ਾਇਰੀ ਤੇ ਜੀਵਨ ਤੋਂ ਇਲਾਵਾ ਸੁਲਤਾਨ ਖਾਰਵੀ ਦੀ ਬਾਲ ਸਾਹਿੱਤ ਪੁਸਤਕ ਬਾਲ ਬਲੂੰਗੇ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।
ਇਕਬਾਲ ਮਾਹਲ ਨੇ ਦੱਸਿਆ ਕਿ ਚੇਤਨਾ ਪ੍ਰਕਾਸ਼ਨ ਵੱਲੋਂ ਬਾਬਾ ਨਜਮੀ ਦੀ ਸਮੁੱਚੀ ਕਵਿਤਾ ਮੈਂ ਇਕਬਾਲ ਪੰਜਾਬੀ ਦਾ, ਅਫ਼ਜ਼ਲ ਸਾਹਿਰ ਦੀ ਨਾਲ ਸੱਜਣ ਦੇ ਰਹੀਏ ਤੇ ਤਾਹਿਰਾ ਸਰਾ ਦੀ ਸ਼ੀਸ਼ਾ ਪਿਛਲੇ ਸਾਲ ਵਿੱਚ ਹੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।