ਅੱਖਰ ਅੱਖਰ ਲੋਅ’ ਪੁਸਤਕ ’ਤੇ ਵਿਚਾਰ ਚਰਚਾ ਕਰਵਾਈ
ਐਸ.ਏ.ਐਸ.ਨਗਰ, 28 ਅਗਸਤ 2023 :
ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਕਵੀ ਮੰਚ (ਰਜਿ.) ਮੋਹਾਲੀ ਵੱਲੋਂ ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ਗੁਰਪ੍ਰੀਤ ਕੌਰ ਸੈਣੀ ਦੀ ਪੁਸਤਕ ‘ਅੱਖਰ ਅੱਖਰ ਲੋਅ’ ਨੂੰ ਲੋਕ ਅਰਪਣ ਕਰਨ ਮੌਕੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਗੁਰਪ੍ਰੀਤ ਕੌਰ ਸੈਣੀ ਦੀ ਪੁਸਤਕ ‘ਅੱਖਰ ਅੱਖਰ ਲੋਅ’ ਲਈ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਨੇ ਹਥਲੀ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵਿਚਲੀਆਂ ਸਾਰੀਆਂ ਹੀ ਗ਼ਜ਼ਲਾਂ ਕਾਬਿਲ-ਏ-ਤਾਰੀਫ਼ ਹਨ ਕਿਉਂਕਿ ਲੇਖਿਕਾ ਨੇ ਨਾਰੀ ਮਨ ਦੀਆਂ ਅਸੀਮ ਡੂੰਘਾਣਾਂ ਅਤੇ ਸੱਧਰਾਂ ਨੂੰ ਇਨ੍ਹਾਂ ਵਿਚ ਚਿਤਰਿਆ ਹੈ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਗੁਰਪ੍ਰੀਤ ਦੀ ਗ਼ਜ਼ਲ ਔਰਤ ਦੀ ਤਾਕਤ ਬਾਰੇ ਗੱਲ ਕਰਦੀ ਹੈ ਅਤੇ ਇਹ ਔਰਤ ਨੂੰ ਕਿਤੇ ਵੀ ਗ਼ੈਰਹਾਜ਼ਰ ਨਹੀਂ ਹੋਣ ਦਿੰਦੀ। ਵਸਤੂ-ਵਿਧਾਨ ਦੇ ਪੱਖ ਤੋਂ ਵੀ ਮੈਂ ਇਸ ਨੂੰ ਮੁਕੰਮਲ ਗ਼ਜ਼ਲ ਮੰਨਦਾ ਹਾਂ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਦੀਪਕ ਸ਼ਰਮਾ ਚਨਾਰਥਲ ਵੱਲੋਂ ਪੁਸਤਕ ਬਾਰੇ ਬੋਲਦਿਆਂ ਕਿਹਾ ਗਿਆ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਪੁਸਤਕ ਸਮਕਾਲੀਨ ਔਰਤ ਦੀ ਦਸ਼ਾ ਅਤੇ ਦਿਸ਼ਾ ਦੀ ਮੁਕੰਮਲ ਤਸਵੀਰਕਸ਼ੀ ਹੈ। ਪਰਚਾ ਲੇਖਕ ਬਲਬੀਰ ਸਿੰਘ ਸੈਣੀ ਵੱਲੋਂ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ਇਹ ਗ਼ਜ਼ਲ-ਸੰਗ੍ਰਹਿ ਨਿਰਾਰਥਕਤਾ ਤੋਂ ਸਾਰਥਕਤਾ ਦਾ ਆਲਮ ਸਿਰਜਦਾ ਹੈ। ਇਸ ਵਿਚਲੀ ਕੋਈ ਵੀ ਗ਼ਜ਼ਲ ਬਹਿਰਮੁਕਤ ਨਹੀਂ ਹੈ। ਭਗਤ ਰਾਮ ਰੰਗਾੜਾ ਵੱਲੋਂ ਕਿਹਾ ਗਿਆ ਕਿ ਇਹ ਗ਼ਜ਼ਲ-ਸੰਗ੍ਰਹਿ ਸਮਾਜ ਨੂੰ ਅਗਵਾਈ ਦੇਣ ਵਾਲੇ ਵੰਨ-ਸੁਵੰਨੇ ਵਿਸ਼ਿਆਂ ਨਾਲ ਭਰਪੂਰ ਹੈ।
ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਫ਼ੈਜ਼ਲ ਖ਼ਾਨ ਨੇ ਆਪਣੇ ਪਰਚੇ ਵਿਚ ਕਿਹਾ ਕਿ ਇਸ ਪੁਸਤਕ ਵਿਚ ਚਿੰਤਨ ਅਤੇ ਬੌਧਿਕਤਾ ਦੇ ਅੰਸ਼ ਭਰਪੂਰ ਹਨ। ਮੁਹੱਬਤ, ਇਸ਼ਕ, ਵਿਛੋੜਾ ਗ਼ਜ਼ਲ ਦੇ ਸ਼ਿਅਰਾਂ ਦੇ ਹਾਸਿਲ ਹਨ। ਲੇਖਿਕਾ ਗੁਰਪ੍ਰੀਤ ਕੌਰ ਸੈਣੀ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਆਖਿਆ ਗਿਆ ਕਿ ਜ਼ਿੰਦਗੀ ਦੀਆਂ ਹਕੀਕਤਾਂ ਅਤੇ ਤਲਖ਼ ਦੁਸ਼ਵਾਰੀਆਂ ਭਾਵੇਂ ਮੈਂ ਨਿੱਜੀ ਪੱਧਰ ’ਤੇ ਨਹੀਂ ਹੰਢਾਈਆਂ ਪਰ ਸਮਾਜ ਵਿਚ ਵਾਪਰਦੇ ਅਨਿਆ ਨੂੰ ਮੈਂ ਅੱਖੀਂ ਵੇਖਿਆ ਹੈ। ਇਸ ਕਰਕੇ ਸਮਾਜ ਵਿਚਲੇ ਦਰਦ ਅਤੇ ਸੱਚ ਨਾਲ ਖੜ੍ਹਨ ਦੀ ਸਾਹਿਤ ਮੈਨੂੰ ਹਿੰਮਤ ਬਖ਼ਸ਼ਦਾ ਹੈ। ਮੈਡਮ ਸਤਵੀਰ ਕੌਰ, ਪ੍ਰੋ. ਦਿਲਬਾਗ ਸਿੰਘ ਅਤੇ ਰਣਜੋਧ ਰਾਣਾ ਵੱਲੋਂ ਵੀ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਪੁਸਤਕ ਦੀ ਬਣਤਰ ਅਤੇ ਬੁਣਤਰ ਬਾਰੇ ਆਪਣੇ ਵਿਚਾਰ ਰੱਖੇ ਗਏ। ਇਨ੍ਹਾਂ ਤੋਂ ਇਲਾਵਾ ਬਲਵਿੰਦਰ ਸਿੰਘ ਢਿੱਲੋਂ, ਜਗਤਾਰ ਸਿੰਘ ਜੋਗ, ਧਿਆਨ ਸਿੰਘ ਕਾਹਲੋਂ ਅਤੇ ਬਲਦੇਵ ਸਿੰਘ ਪ੍ਰਦੇਸੀ ਵੱਲੋਂ ਹਥਲੇ ਗ਼ਜ਼ਲ-ਸੰਗ੍ਰਹਿ ਵਿੱਚੋਂ ਗ਼ਜ਼ਲਾਂ ਦਾ ਪਾਠ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਸ ਵਿਚਾਰ ਚਰਚਾ ਵਿੱਚ ਪ੍ਰਿ. ਬਹਾਦਰ ਸਿੰਘ ਗੋਸਲ, ਕਮਲਜੀਤ ਸਿੰਘ ਬਨਵੈਤ,ਸਰਦਾਰਾ ਸਿੰਘ ਚੀਮਾ, ਜਸਵੀਰ ਗੋਸਲ,ਜਤਿੰਦਰ ਮਲਹੋਤਰਾ, ਮਨਜੀਤਪਾਲ ਸਿੰਘ, ਚਰਨਪਾਲ ਸਿੰਘ, ਜਸਵੀਰ ਸਿੰਘ ਗੜਾਂਗ, ਹਰਦੀਪ ਸਿੰਘ ਲੌਂਗੀਆ, ਜਸਵੰਤ ਸਿੰਘ ਢੀਂਡਸਾ, ਰਘਬੀਰ ਸਿੰਘ, ਡਾ. ਰੇਨੂੰ, ਕਰਮਜੀਤ ਸਿੰਘ ਬੱਗਾ, ਮਨਜੀਤ ਸਿੰਘ, ਜਤਿੰਦਰਪਾਲ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਲੇਖਿਕਾ ਗੁਰਪ੍ਰੀਤ ਕੌਰ ਸੈਣੀ, ਸਮੁੱਚੇ ਪ੍ਰਧਾਨਗੀ ਮੰਡਲ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।