ਛੱਲਾ
ਛੱਲਾ ਅੱਖਾਂ ਵਿੱਚ ਰੜਕੇ
ਆਉਂਦਾ ਕਾਲਜੋਂ ਪੜ੍ਹਕੇ
ਵੇਖਣ ਪੁਲਸੀਏ ਖੜ੍ਹਕੇ
ਗੱਲ ਸੁਣ ਛੱਲਿਆ, ਤਣਿਆ
ਛੱਲਾ ਖਾੜਕੂ ਬਣਿਆ
ਛੱਲਾ ਖੇਤੋਂ ਫੜਿਆ.....ਓ
ਛੱਲਾ ਖੇਤੋਂ ਫੜਿਆ
ਧੱਕੇ ਬੁੱਚੜਾਂ ਦੇ ਚੜ੍ਹਿਆ
ਬੱਸ ਖ਼ਬਰਾਂ ’ਚ ਲੜਿਆ
ਗੱਲ ਸੁਣ ਛੱਲਿਆ, ਜਣਿਆ
ਮੁਕਾਬਲਾ ਨਹਿਰ ਤੇ ਬਣਿਆ
ਛੱਲਾ ਟੰਗਿਆ ਈ ਥਾਣੇ.....ਓ
ਛੱਲਾ ਟੰਗਿਆ ਈ ਥਾਣੇ
ਕੈਸੇ ਰੱਬ ਦੇ ਭਾਣੇ
ਕੀ ਬਣੂ ਅੱਲਾ ਈ ਜਾਣੇ
ਗੱਲ ਸੁਣ ਛੱਲਿਆ, ਲੀਕਾਂ
ਉਏ ਮਾਂ ਕਰਦੀ ਉਡੀਕਾਂ
ਛੱਲਾ ਕੰਨ ਦੀਆਂ ਡੰਡੀਆਂ.....ਓ
ਛੱਲਾ ਕੰਨ ਦੀਆਂ ਡੰਡੀਆਂ
ਸਾਰੇ ਜੱਗ ਵਿਚ ਭੰਡੀਆਂ
ਗੱਲਾਂ ਛੱਜ ਪਾ ਛੰਡੀਆਂ
ਗੱਲ ਸੁਣ ਛੱਲਿਆ, ਮਣਕੇ
ਰਹਿ ਗਏ ਅੱਤਵਾਦੀ ਬਣਕੇ
ਛੱਲਾ ਪਾਇਆ ਈ ਗਹਿਣੇ.....ਓ
ਛੱਲਾ ਪਾਇਆ ਈ ਗਹਿਣੇ
ਸੱਚ ਸਿੰਘਾਂ ਦੇ ਕਹਿਣੇ
ਬਦਲੇ ਗਿਣ-ਗਿਣ ਲੈਣੇ
ਗੱਲ ਸੁਣ ਛੱਲਿਆ, ਢੋਲਾ
ਉਏ ਕਾਨੂੰਨ ਅੰਨ੍ਹਾ ਬੋਲਾ
ਛੱਲਾ ਪਾਉਂਦਾ ਵੋਟਾਂ.....ਓ
ਛੱਲਾ ਪਾਉਂਦਾ ਵੋਟਾਂ
ਲੀਡਰ ਮਾਰਦੇ ਚੋਟਾਂ
ਲਾਉਂਦੇ ਟਾਂਡਾ ਤੇ ਪੋਟਾ
ਉਏ ਗੱਲ ਸੁਣ ਛੱਲਿਆ, ਬੁੱਲ੍ਹਿਆ
ਛੱਲਾ ਜੇਲੀਂ ਰੁਲਿਆ
ਛੱਲਾ ਦੁੱਖ ਨਹੀਓਂ ਦੱਸਦਾ.....ਓ
ਛੱਲਾ ਦੁੱਖ ਨਹੀਓਂ ਦੱਸਦਾ
ਰਹਿੰਦਾ ਉੱਤੋਂ-ਉੱਤੋਂ ਹੱਸਦਾ
ਰਿਹਾ ਰੋਗ ਨਾ ਵੱਸਦਾ
ਗੱਲ ਸੁਣ ਛੱਲਿਆ, ਮਾਇਆ
ਉਏ ਛੱਲਾ ਮੁੜਕੇ ਨਾ ਆਇਆ
( 'ਧਰਮ ਯੁਧ' ਕਿਤਾਬ ਵਿਚੋਂ )