ਅਸ਼ੋਕ ਵਰਮਾ
ਬਠਿੰਡਾ, 23 ਜੂਨ 2020 - ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਉੱਘੇ ਵਿਦਵਾਨ ਸਾਹਿਤਕਾਰ, ਨਫ਼ੀਸ ਇਨਸਾਨ ਅਤੇ ਸਮਰੱਥ ਅਧਿਆਪਕ ਪ੍ਰੋ. ਗੁਰਬਚਨ ਸਿੰਘ ਨਰੂਆਣਾ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਸਮਾਗਮ ਉਨਾਂ ਦੇ ਜੱਦੀ ਪਿੰਡ ਨਰੂਆਣਾ ਵਿਖੇ ਹੋਇਆ। ਮੰਚ ਸੰਚਾਲਨ ਕਰਦਿਆ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰੋ. ਗੁਰਬਚਨ ਸਿੰਘ ਨਰੂਆਣਾ ਦੇ ਸਮੁੱਚੇ ਜੀਵਨ, ਸ਼ਖ਼ਸੀਅਤ ਅਤੇ ਸਾਹਿਤਕ ਯੋਗਦਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਨਿਰਮਲ, ਨਿਰਛਲ ਅਤੇ ਇੱਕ ਨਫ਼ੀਸ ਇਨਸਾਨ ਤੋਂ ਇਲਾਵਾ ਪੰਜਾਬੀ, ਹਿੰਦੀ, ਅੰਗਰੇਜੀ, ਸੰਸਕ੍ਰਿਤ, ਉਰਦੂ ਅਤੇ ਫਾਰਸੀ ਕੁੱਲ ਛੇ ਭਾਸ਼ਾਵਾਂ ਦੇ ਸਾਹਿਤ ਦੇ ਉੱਘੇ ਵਿਦਵਾਨ ਅਤੇ ਆਲੋਚਕ ਸਨ। ਉਹਨਾਂ ਕਿਹਾ ਕਿ ਉਹ ਪ੍ਰਾਚੀਨ ਸਾਹਿਤ ਵੇਦਾਂ, ਉਪਨਿਸ਼ਦਾਂ, ਸਿਮਰਤੀਆਂ, ਮਹਾਂਭਾਰਤ, ਰਾਮਾਇਣ, ਗੀਤਾ, ਭਾਰਤੀ ਪੌਰਾਣ ਸਾਹਿਤ ਤੇ ਇਸਲਾਮਕ ਸਾਹਿਤ ,ਗੁਰਮਤਿ ਆਦਿ ਦੇ ਨਾਲ-ਨਾਲ ਆਧੁਨਿਕ ਸਾਹਿਤ ਅਤੇ ਮਾਰਕਸਵਾਦੀ ਫ਼ਲਸਫ਼ੇ ਦੇ ਵੀ ਵਿਦਵਾਨ ਸਨ। ਉੱਘੇ ਕਹਾਣੀਕਾਰ ਅਤਰਜੀਤ ਨੇ ਉਨ੍ਹਾਂ ਨੂੰ ਗਿਆਨ ਦਾ ਸਾਗਰ ਅਤੇ ਸਾਹਿਤ ਦਾ ਚਲਦਾ ਫਿਰਦਾ ਇਨਸਾਈਕਲੋਪੀਡੀਆ ਕਹਿ ਕੇ ਉਨਾਂ ਦੀ ਵਡਿਆਈ ਕੀਤੀ।
ਉਨ੍ਹਾਂ ਦੇ ਸਹਿਕਰਮੀ ਰਹੇ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇੱਕ ਸਮਰੱਥ ਅਨੁਵਾਦਕ ਕਿਹਾ। ਐਡਵੋਕੇਟ ਭੁਪਿੰਦਰ ਸਿੰਘ ਸੂਰੀਆ ਅਤੇ ਮਹਿੰਦਰ ਸਿੰਘ ਨੇ ਕਿਹਾ ਕਿ ਪ੍ਰੋ. ਨਰੂਆਣਾ ਉੱਚ ਕੋਟੀ ਦੇ ਵਿਦਵਾਨ ਹੋਣ ਦੇ ਬਾਵਜੂਦ ਵੀ ਹੰਕਾਰ, ਈਰਖਾ, ਸਾੜਾ ਆਦਿ ਔਗੁਣਾਂ ਤੋਂ ਰਹਿਤ ਇੱਕ ਸੱਚੇ ਸਾਹਿਤ ਸਾਧਕ ਸਨ ।ਉਨਾਂ ਦੀ ਸਪੁੱਤਰੀ ਪ੍ਰੋ. ਮਨੋਰਮਾ ਸਮਾਘ ਨੇ ਆਪਣੇ ਪਿਤਾ ਨੂੰ ਬੜੇ ਹੀ ਭਾਵੁਕ ਸਬਦਾਂ ਵਿੱਚ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਇੱਕ ਗਿਆਨ ਦੇ ਸੂਰਜ ਅਤੇ ਇੱਕ ਜਿੰਮੇਵਾਰ ਪਿਤਾ ਪ੍ਰੋ. ਗੁਰਬਚਨ ਸਿੰਘ ਨਰੂਆਣਾ ਦੀ ਸਪੁੱਤਰੀ ਹੈ।
ਇਸ ਮੌਕੇ ਉਨ੍ਹਾਂ ਹਾਜਰ ਸਮੁੱਚੀ ਸੰਗਤ ਦਾ ਪਰਿਵਾਰ ਵੱਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਬੁਲਾਰਿਆਂ ਨੇ ਪ੍ਰੋ.ਗੁਰਬਚਨ ਸਿੰਘ ਨਰੂਆਣਾ ਦੇ ਨਾਮ ਤੇ ਪੰਜਾਬ ਦੀ ਕਿਸੇ ਵੀ ਸਰਕਾਰੀ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਨਾਮ ਤੇ ਚੇਅਰ ਸਥਾਪਤ ਕਰਨ ਅਤੇ ਪਿੰਡ ਵਿੱਚ ਉਨਾਂ ਬਾਰੇ ਕੋਈ ਢੁਕਵੀਂ ਤੇ ਖੂਬਸੂਰਤ ਯਾਦਗਾਰ ਬਣਾਉਣ ਦੀ ਪੁਰਜੋਰ ਮੰਗ ਕੀਤੀ ।ਇਸ ਮੌਕੇ ਉਨ੍ਹਾਂ ਦੇ ਸਪੁੱਤਰ ਪ੍ਰੋ.ਸੁਖਚੈਨ ਸਿੰਘ ਨਰੂਆਣਾ ਨੇ ਕਿਹਾ ਕਿ ਕੋਈ ਵੀ ਖੋਜਾਰਥੀ ,ਸਾਹਿਤ ਪ੍ਰੇਮੀ ਜਾਂ ਲੇਖਕ ਉਨ੍ਹਾਂ ਦੇ ਪਿਤਾ ਜੀ ਦੀ ਨਿੱਜੀ ਲਾਇਬ੍ਰੇਰੀ ਵਿੱਚ ਪਏ ਦੁਰਲੱਭ ਗ੍ਰੰਥਾਂ , ਪੁਸਤਕਾਂ ਤੋਂ ਉਨਾਂ ਦੇ ਘਰ ਆ ਕੇ ਲਾਭ ਪ੍ਰਾਪਤ ਕਰ ਸਕਦੇ ਹਨ।
ਸਰਕਾਰੀ ਪਾਬੰਦੀਆਂ ਕਾਰਨ ਪ੍ਰੋ. ਸਾਹਿਬ ਦੇ ਜੋ ਨਜ਼ਦੀਕੀ ਦੋਸਤ ਅਤੇ ਸ਼ੁਭਚਿੰਤਕ ਹਾਜ਼ਰ ਨਹੀਂ ਹੋ ਸਕੇ, ਉਨਾਂ ਵਿੱਚੋਂ ਸ਼ੋਕ ਸੰਦੇਸ਼ ਭੇਜਣ ਵਾਲਿਆਂ ਵਿੱਚ ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ, ਪੰਜਾਬ ਸਰਕਾਰ, ਉੱਘੀ ਰੰਗਕਰਮੀ ਮਨਜੀਤ ਕੌਰ ਔਲਖ, ਡਾ. ਸੁਰਜੀਤ ਸਿੰਘ ਭੱਟੀ, ਡਾ. ਈਸ਼ਵਰ ਚੰਦਰ ਗੌੜ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ , ਜਨਰਲ ਸਕੱਤਰ ਡਾ ਸੁਖਦੇਵ ਸਿਰਸਾ, ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੇ ਮੁੱਖ ਸਰਪ੍ਰਸਤ ਡਾ ਅਜੀਤਪਾਲ ਸਿੰਘ , ਮੁੱਖ ਸਲਾਹਕਾਰ ਡਾ ਸਤਨਾਮ ਸਿੰਘ ਜੱਸਲ, ਸਲਾਹਕਾਰ ਅਮਰਜੀਤ ਪੇਂਟਰ, ਪਿ੍ਰੰ. ਹਰਕਵਲਜੀਤ ਕੌਰ, ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਸਾਬੋ, ਡਾ ਸਤੀਸ਼ ਕੁਮਾਰ ਵਰਮਾ, ਪਿ੍ਰੰ. ਬੱਗਾ ਸਿੰਘ, ਪ੍ਰਧਾਨ, ਜਮਹੂਰੀ ਅਧਿਕਾਰ ਸਭਾ ਬਠਿੰਡਾ ਆਦਿ ਦੇ ਨਾਮ ਸ਼ਾਮਲ ਹਨ। ਇਸ ਮੌਕੇ ਸੁਖਚੈਨ ਸਿੰਘ ਨਰੂਆਣਾ, ਮੀਤ ਪ੍ਰਧਾਨ ਬਲਾਕ ਕਾਂਗਰਸ, ਚੇਅਰਮੈਨ ਕੁਲਵੀਰ ਸਿੰਘ, ਐਡਵੋਕੇਟ ਚਰਨ ਸਿੰਘ ਵਿਰਕ, ਸੁਖਦੇਵ ਸਿੰਘ ਵਿਰਕ ਐਸ. ਪੀ., ਸੁਖਜੀਤ ਸਿੰਘ ਜਲੰਧਰ, ਹਰਪਾਲ ਸਿੰਘ, ਡਾ ਹਰਪਾਲ ਸਿੰਘ ਬਾਜਵਾ, ਜਗਦੇਵ ਸਿੰਘ ਸਿੱਧੂ, ਤਾਰਾ ਸਿੰਘ ਆਕਲੀਆ, ਪਿ੍ਰੰ. ਜਸਪਾਲ ਸਿੰਘ, ਸਰਪੰਚ ਤੇਜਾ ਸਿੰਘ, ਐਡਵੋਕੇਟ ਅਮਨਦੀਪ ਸਿੰਘ ਤੇ ਸੇਵਕ ਸਿੰਘ, ਜਗਮੀਤ ਸਿੰਘ ਬਾਵਾ ਮੰਡੀ ਗੋਬਿੰਦਗੜ, ਲੈਕਚਰਾਰ ਸ਼੍ਰੀਮਤੀ ਜਸਵਿੰਦਰ ਕੌਰ ਘਣੀਆਂ ਅਤੇ ਪ੍ਰੋ. ਖੁਸ਼ਨਸੀਬਬਖਸੀਸ ਕੌਰ ਆਦਿ ਸ਼ਖਸੀਅਤਾਂ ਹਾਜ਼ਰ ਸਨ।