ਕਿਤਾਬਾਂ ਨੌਜਵਾਨਾਂ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ, ਵੱਧ ਤੋਂ ਵੱਧ ਕਿਤਾਬਾਂ ਪੜ੍ਹੀਏ: ਅਵਨੀਤ ਕੌਰ
-- ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ : ਐਸ.ਐਸ.ਪੀ
-- ਅਨੁਸ਼ਾਸਨ ਵਿੱਚ ਰਹਿ ਕੇ ਇਨਸਾਨ ਦੁਨੀਆ ਵਿੱਚ ਨਵੀਆਂ ਅਬਾਰਤਾ ਲਿਖ ਸਕਦਾ ਹੈ : ਕੁਲਦੀਪ ਸਿੰਘ
-- ਡੀ.ਐਸ.ਪੀ ਕੁਲਦੀਪ ਸਿੰਘ , ਪ੍ਰਿੰਸੀਪਲ ਡਾ ਬਰਜਿੰਦਰ ਸਿੰਘ ਟੌਹੜਾ, ਪ੍ਰਿੰਸੀਪਲ ਡਾ ਬਲਵਿੰਦਰ ਸਿੰਘ ਵੜੈਚ, ਪ੍ਰੋ: ਪ੍ਰਿਤਪਾਲ ਸਿੰਘ ਕੌਸ਼ਿਕ, ਮੁਹੰਮਦ ਅੱਯਾਜ, ਡਾ. ਰੋਹਤਾਸ਼ , ਰਜਨੀਸ਼ ਉੱਪਲ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਪ੍ਰੇਰਿਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 16 ਨਵੰਬਰ :2022 - ਗੁਰੂ ਪੀਰਾਂ, ਪੈਗੰਬਰਾਂ , ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਹੱਸਦਾ, ਖੇਡਦਾ ਤੇ ਰੰਗਲਾ, ਨਸ਼ਾ ਮੁਕਤ ਪੰਜਾਬ ਸਿਰਜਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ । ਕਿਤਾਬਾਂ ਨੌਜਵਾਨਾਂ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਨੂੰ ਤਰਜੀਹ ਦੇਣੀ ਚਾਹੀਦੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਨੇ ਅੱਜ ਪੰਜਾਬ ਉਰਦੂ ਅਕਾਦਮੀ ਮਾਲੇਰਕੋਟਲਾ ਵਿਖੇ ਜ਼ਿਲ੍ਹਾ ਪੰਜਾਬ ਪੁਲਿਸ ਮਾਲੇਰਕੋਟਲਾ, ਜ਼ਿਲ੍ਹਾ ਕਮਿਊਨਿਟੀ ਪੋਲਸਿੰਗ ਅਤੇ ਡਿਪਾਰਟਮੈਂਟ ਆਫ਼ ਲਾਅ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ " ਨਸ਼ਿਆਂ ਵਿਰੁੱਧ ਜਾਗਰੂਕਤਾ " ਸੈਮੀਨਾਰ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਸਰੀਰਕ,ਦਿਮਾਗ਼ੀ ਤੌਰ ਤੇ ਅਤੇ ਵਿਚਾਰਾਂ ਦੇ ਤੰਦਰੁਸਤ ਨੌਜਵਾਨ ਹੀ ਬੇਹਤਰ ਸਮਾਜ ਦੀ ਰਚਨਾ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ। ਨਸ਼ੇ ਦੀ ਨਾ ਮੁਰਾਦ ਬਿਮਾਰੀ ਨੇ ਸਾਡੇ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਜਕੜ ਲਿਆ ਹੈ। ਨਸ਼ਾ ਮਨੁੱਖੀ ਜ਼ਿੰਦਗੀ ਨੂੰ ਘੁਣ ਵਾਂਗ ਖਾ ਰਿਹਾ ਹੈ, ਜਿਸ ਦੀ ਰੋਕਥਾਮ ਲਈ ਸਾਂਝੇ ਉੱਦਮ ਕਰਨ ਦੀ ਲੋੜ ਹੈ ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਨਸ਼ੇ ਦੀ ਸਪਲਾਈ ਲਾਈਨ ਤੋੜਨ ਲਈ ਨਸ਼ੇ ਦੇ ਤਸਕਰਾਂ 'ਤੇ ਲਗਾਮ ਕੱਸੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਹੁਣ ਨਸ਼ੇ ਦੀ ਮੰਗ ਨੂੰ ਖ਼ਤਮ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ । ਉਨ੍ਹਾਂ ਕਿਹਾ ਕਿ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਇਕ ਲੋਕ ਲਹਿਰ ਬਣਾਉਣ ਦੀ ਲੋੜ ਹੈ। ਨੌਜਵਾਨਾਂ ਅਤੇ ਸਮਾਜ ਦੇ ਮੋਹਤਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨੈਤਿਕ ਫ਼ਰਜ਼ ਸਮਝਦੇ ਹੋਏ ਨਸ਼ੇ ਖ਼ਤਮ ਕਰਨ 'ਚ ਆਪਣਾ ਯੋਗਦਾਨ ਪਾਉਣ ਅਤੇ ਨਸ਼ੇ ਦੇ ਸੁਦਾਗਰ ਖ਼ਿਲਾਫ਼ ਖੁੱਲ ਕੇ ਅੱਗੇ ਆਉਣਾ ।
ਸਾਬਕਾ ਐਸ.ਪੀ. ਸ੍ਰੀ ਕੁਲਦੀਪ ਸਿੰਘ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਤਰੱਕੀ ਲਈ ਅਨੁਸ਼ਾਸਨ,ਧੀਰਜ ਅਤੇ ਇਮਾਨਦਾਰੀ ਦਾ ਹੋਣਾ ਬਹੁਤ ਜਰੂਰੀ ਹੈ । ਅਨੁਸ਼ਾਸਨ ਵਿੱਚ ਰਹਿ ਕੇ ਇਨਸਾਨ ਦੁਨੀਆ ਵਿੱਚ ਨਵੀਆਂ ਅਬਾਰਤਾ ਲਿਖ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸਾਧਨ ਸਮਰੱਥ ਲੋਕ ਹਨ ਅਤੇ ਲੋਕਾਂ ਨੂੰ ਸਕਿਉਰਿਟੀ ਲਈ ਆਪਣੇ ਘਰਾਂ ਵਿੱਚ, ਵਪਾਰਿਕ ਸਥਾਨਾਂ ਤੇ ਸੋਸ਼ਲ ਸਥਾਨਾਂ ਅਤੇ ਧਾਰਮਿਕ ਸਥਾਨਾਂ ਤੇ ਡਿਜੀਟਲ ਕੈਮਰੇ ਲਗਵਾਉਣ ਚਾਹੀਦੇ ਹਨ ਉਨ੍ਹਾਂ ਦੀ ਸਮੇਂ ਸਮੇਂ ਤੇ ਸਰਵਿਸ ਵੀ ਕਰਵਾਉਂਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਣ ਸੁਖਾਵੀਂ ਦੁਰਘਟਨਾ ਵਾਪਰਨ ਉਪਰੰਤ ਸਹੀ ਤੱਥ ਸਾਹਮਣੇ ਆ ਸਕਣ । ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਸਾਈਬਰ ਕਰਾਈਮ ਬਾਰੇ ਵੀ ਜਾਗਰੂਕ ਕੀਤਾ ।ਉਨ੍ਹਾਂ ਸੜਕੀ ਹਾਦਸਿਆਂ ਤੋਂ ਬਚਣ ਲਈ ਟਰੈਫ਼ਿਕ ਰੂਲਾਂ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ।
ਇਸ ਮੌਕੇ ਡੀ.ਐਸ.ਪੀ. ਸ੍ਰੀ ਕੁਲਦੀਪ ਸਿੰਘ , ਪ੍ਰਿੰਸੀਪਲ ਸਰਕਾਰੀ ਕਾਲਜ ਮਾਲੇਰਕੋਟਲਾ ਡਾ ਬਰਜਿੰਦਰ ਸਿੰਘ ਟੌਹੜਾ, ਪ੍ਰਿੰਸੀਪਲ ਸਰਕਾਰੀ ਕੰਨਿਆ ਕਾਲਜ ਡਾ ਬਲਵਿੰਦਰ ਸਿੰਘ ਵੜੈਚ, ਪ੍ਰੋਫੈਸਰ ਸ੍ਰੀ ਪ੍ਰਿਤਪਾਲ ਸਿੰਘ ਕੌਸ਼ਿਕ, ਐਡਵੋਕੇਟ ਮੁਹੰਮਦ ਅੱਯਾਜ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਰੋਹਤਾਸ਼ , ਸ੍ਰੀ ਰਜਨੀਸ਼ ਉੱਪਲ ਨੇ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ,ਸਾਂਝ ਕੇਂਦਰ ਦੇ ਹੌਲਦਾਰ ਸ੍ਰੀ ਅਮਨਦੀਪ ਸਿੰਘ ਨੇ ਪੰਜਾਬ ਪੁਲਿਸ ਵਲੋਂ ਆਮ ਲੋਕਾਂ ਦੀ ਸਹਾਇਤਾ ਲਈ ਤਿਆਰ ਕੀਤੀਆਂ ਐਪਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਝੀ ਕੀਤੀ । ਇਸ ਮੌਕੇ ਡਾ. ਸਲੀਮ ਜੁਬੇਰੀ,ਪ੍ਰੋ.ਹਰਪ੍ਰੀਤ ਕੌਰ,ਪਰਮਦੀਨ ਖ਼ਾਨ, ਸ੍ਰੀ ਜਸਵੀਰ ਸਿੰਘ, ਸ੍ਰੀ ਬਲਵੀਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ ।