ਲੀਕ ਤੋਂ ਹੱਟ ਕੇ ਕੰਮ ਕਰਨ ਕਾਰਨ ਹੀ ਪੰਮੀ ਬਾਈ ਤਿੰਨ ਦਹਾਕਿਆਂ ਤੋਂ ਸਿਖਰ 'ਤੇ ਬਣਿਆ ਹੋਇਆ: ਪ੍ਰੋ. ਰਾਜਪਾਲ
ਚੰਡੀਗੜ੍ਹ, 1 ਅਗਸਤ, 2017 : ਸਾਫ ਸੁਥਰੀ ਅਤੇ ਅਰਥ ਭਰਪੂਰ ਗਾਇਕੀ ਦੇ ਵਾਰਿਸ ਪੰਮੀ ਬਾਈ ਦਾ ਪੰਜਾਬ ਦੀ ਕਿਸਾਨੀ ਦੀ ਅਸਲ ਹਾਲਤ ਪੇਸ਼ ਗੀਤ 'ਕਰਜ਼ੇ 'ਚ ਜਾਂਦੀ ਆ ਕਿਸਾਨੀ ਡੁੱਬਦੀ' ਅੱਜ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਮੋਹਤਬਰ ਹਸਤੀਆਂ ਵੱਲੋਂ ਅੱਜ ਇਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਰਿਲੀਜ਼ ਕੀਤਾ ਗਿਆ। ਇਨ੍ਹਾਂ ਵਿੱਚ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ, ਲਲਿਤ ਕਲਾ ਅਕੈਡਮੀ ਪੰਜਾਬ ਦੇ ਪ੍ਰਧਾਨ ਦੀਵਾਨ ਮੰਨਾ, ਸਾਹਿਤ ਅਕੈਡਮੀ ਦੀ ਪ੍ਰਧਾਨ ਸਰਬਜੀਤ ਕੌਰ ਸੋਹਲ, ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਪ੍ਰਧਾਨ ਪ੍ਰੋ.ਦੀਪਕ ਮਨਮੋਹਨ ਸਿੰਘ, ਪ੍ਰੋ. ਰਾਜਪਾਲ ਸਿੰਘ ਅਤੇ ਸੰਗੀਤ ਅਤੇ ਨਾਟਕ ਅਕੈਡਮੀ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਸ਼ਾਮਲ ਸਨ।
ਇਸ ਮੌਕੇ ਪੰਮੀ ਬਾਈ ਨੇ ਦੱਸਿਆ ਕਿ ਉਹ ਖੁਦ ਪੰਜਾਬ ਦੀ ਕਿਸਾਨੀ ਨਾਲ ਜੁੜੇ ਹੋਏ ਹਨ ਅਤੇ ਇਸੇ ਕਰਕੇ ਪੰਜਾਬ ਦੀ ਕਿਸਾਨੀ ਦੇ ਹਾਲਾਤ ਬਾਰੇ ਚੰਗੀ ਤਰ੍ਹਾਂ ਜਾਣੂੰ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਪੰਜਾਬ ਬਲਕਿ ਸੁਮੱਚੇ ਦੇਸ਼ ਦੀ ਆਰਥਿਕਤਾ ਕਿਸਾਨੀ ਉਪਰ ਆਧਾਰਿਤ ਹੈ ਅਤੇ ਕਿਸਾਨਾਂ ਨੇ ਹੀ ਦੇਸ਼ ਨੂੰ ਅੰਨ ਭੰਡਾਰ ਖੇਤਰ ਵਿੱਚ ਆਤਮ ਨਿਰਭਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕਿਸਾਨੀ ਨਾਲ ਸਬੰਧਤ ਦੋ ਤਰ੍ਹਾਂ ਦੀ ਵਿਚਾਰਧਾਰਾ ਅੱਗੇ ਵਧ ਰਹੀ ਹੈ। ਪਹਿਲੀ ਕਿ ਸਰਕਾਰਾਂ ਤੇ ਕੁਦਰਤ ਨੇ ਕਿਸਾਨੀ ਦਾ ਲੱਕ ਤੋੜ ਛੱਡਿਆ ਹੈ ਅਤੇ ਦੂਜਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਉਸ ਦੇ ਕਰਜ਼ੇ ਮਾਫ ਹੋਣੇ ਚਾਹੀਦੇ ਹਨ। ਉਹ ਇਨ੍ਹਾਂ ਗੱਲਾਂ ਵਿੱਚੋਂ ਕੁਝ ਇਕ ਨਾਲ ਇਤਫਾਕ ਰੱਖਦਾ ਹਾਂ ਪਰ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਕਿਸਾਨੀ ਦੀ ਮਿਹਨਤ ਅਤੇ ਹੌਂਸਲੇ ਦੀ ਬਾਤ ਕੋਈ ਨਹੀਂ ਪਾ ਰਿਹਾ।
ਉਨ੍ਹਾਂ ਕਿਹਾ ਕਿ ਆਪਣੇ ਗੀਤ 'ਫੈਸ਼ਨਾਂ ਨੇ ਮਾਰ ਲਈ ਜਵਾਨੀ ਮਿੱਤਰੋਂ, ਕਰਜ਼ੇ 'ਚ ਜਾਂਦੀ ਆ ਕਿਸਾਨੀ ਡੁੱਬਦੀ' ਗੀਤ ਵਿੱਚ ਇਹ ਸੁਨੇਹਾ ਦਿੱਤਾ ਹੈ ਕਿ ਜੇ ਨਵੀਂ ਪੀੜ੍ਹੀ ਆਪਣੀ ਬਜ਼ੁਰਗਾਂ ਦਾ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਵੇ, ਖਰਚੇ ਘਟਾਵੇ ਤਾਂ ਕਿਸਾਨੀ ਸੰਕਟ ਕੁਝ ਹੱਦ ਤੱਕ ਠੀਕ ਹੋ ਸਕਦਾ ਹੈ। ਨੀਵੀਂ ਪੀੜ੍ਹੀ ਫੈਸ਼ਨਾਂ ਦੀ ਪੱਟੀ ਹੋਈ ਹੈ। ਹੱਥਾਂ ਵਿੱਚ ਮੋਬਾਈਲ, ਥੱਲੇ ਮਹਿੰਗੇ ਮੋਟਰ ਸਾਈਕਲ ਰੱਖਣ ਦੀ ਚਾਹਵਾਨ ਹੈ ਤਾਂ ਇਕੱਲੇ ਬਜ਼ੁਰਗ ਖੇਤਾਂ ਵਿੱਚ ਕੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨੀ ਦੀ ਸਾਰ ਦਿਲੋਂ ਲੈਣੀ ਚਾਹੀਦੀ ਹੈ। ਇਕੱਲੀ ਕਰਜ਼ਾ ਮੁਆਫੀ ਲਈ ਥੋੜ੍ਹੇ ਚਿਰਾਂ ਲਈ ਰਾਹਤ ਤਾਂ ਮਿਲ ਸਕਦੀ ਹੈ ਪਰ ਪੱਕੇ ਤੌਰ 'ਤੇ ਨਹੀਂ। ਕਿਉਂਕਿ ਜੇ ਅੱਜ ਕਿਸੇ ਕਿਸਾਨ ਦਾ 5 ਲੱਖ ਰੁਪਏ ਦਾ ਕਰਜ਼ਾ ਮੁਆਫ ਹੋ ਜਾਂਦਾ ਤਾਂ ਸਿਸਟਮ ਪਹਿਲਾਂ ਵਾਲਾ ਹੋਣ ਕਰਕੇ ਉਹ ਕਰਜ਼ਾ ਮੁੜ ਚੜ੍ਹ ਜਾਵੇਗਾ। ਇਸ ਲਈ ਸਮੁੱਚੇ ਢਾਂਚੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੀਤ ਦੇ ਅੰਤ ਵਿੱਚ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਤਿਆਗਣ ਲਈ ਪ੍ਰੇਰਦਿਆਂ ਅਰਥੀਆਂ ਦੀ ਬਜਾਏ ਜ਼ਿੰਮੇਵਾਰੀ ਚੁੱਕਣ ਦਾ ਹੋਕਾ ਦਿੱਤਾ ਗਿਆ ਹੈ।
ਪੰਮੀ ਬਾਈ ਨੇ ਕਿਹਾ ਕਿ ਕਿਸਾਨੀ ਗੀਤ ਦੁਨੀਆਂ ਭਰ ਦੀ ਕਿਸਾਨੀ ਦੀ ਮਿਹਨਤ ਨੂੰ ਸਮਰਪਿਤ ਹੈ। ਇਸ ਗੀਤ ਦਾ ਸੰਗੀਤ ਸੁਰਜੀਤ ਲਵਲੀ ਅਤੇ ਹਾਕਮ ਨੇ ਤਿਆਰ ਕੀਤਾ ਹੈ। ਗੀਤਕਾਰ ਰਾਜ ਕਾਕੜਾ ਹੈ, ਵੀਡੀਓ ਪਰਵੀਨ ਕੁਮਾਰ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਰਿਲੀਜ਼ ਉਨ੍ਹਾਂ ਦੇ ਆਪਣੇ ਬੈਨਰ ਲਾਈਵ ਫੋਕ ਸਟੂਡੀਓ ਨੇ ਕੀਤਾ ਹੈ।
ਪੰਮੀ ਬਾਈ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਤਿੰਦਰ ਸੱਤੀ ਨੇ ਕਿਹਾ ਕਿ ਇਹ ਗੀਤ ਸ਼ੀਸ਼ਾ ਦਿਖਾਉਣ ਵਾਲਾ ਹੈ। ਹਰ ਰੋਜ਼ ਕਿਸਾਨੀ ਖੁਦਕੁਸ਼ੀਆਂ ਦੀਆਂ ਖਬਰਾਂ ਮਿਲਦੀਆਂ ਹਨ ਤਾਂ ਕਿਸਾਨੀ ਮਸਲਿਆਂ ਦਾ ਹੱਲ ਰਾਜਨੀਤੀ ਤੋਂ ਉਪਰ ਉਠ ਕੇ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਮੀ ਬਾਈ ਵੱਲੋਂ ਅੱਜ ਤੱਕ ਜੋ ਗਾਇਆ ਗਿਆ ਹੈ, ਉਸ ਨੇ ਪੰਜਾਬੀ ਸੱਭਿਆਚਾਰ ਦੀ ਅਮੀਰੀ ਵਿੱਚ ਵਾਧਾ ਕੀਤਾ ਹੈ ਅਤੇ ਇਨ੍ਹਾਂ ਵਰਗੇ ਕਲਾਕਾਰਾਂ 'ਤੇ ਸਭ ਨੂੰ ਮਾਣ ਹੋਣਾ ਚਾਹੀਦਾ ਹੈ।
ਪ੍ਰੋ. ਰਾਜਪਾਲ ਸਿੰਘ ਨੇ ਕਿਹਾ ਕਿ ਪੰਮੀ ਬਾਈ ਨੇ ਹਮੇਸ਼ਾ ਲੀਕ ਤੋਂ ਹੱਟ ਕੇ ਸਮਾਜ ਨੂੰ ਕੁਝ ਸੇਧ ਦੇਣ ਵਾਲੀ ਗੱਲ ਆਪਣੇ ਗੀਤਾਂ ਰਾਹੀਂ ਕੀਤੀ ਹੈ। ਇਹੋ ਕਾਰਨ ਹੈ ਕਿ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਪੰਮੀ ਬਾਈ ਪੰਜਾਬੀ ਗੀਤ-ਸੰਗੀਤ ਵਿੱਚ ਸਿਖਰ 'ਤੇ ਬਣੇ ਹੋਏ ਹਨ। ਇਸ ਮੌਕੇ ਕੇਵਲ ਧਾਲੀਵਾਲ, ਸਰਬਜੀਤ ਕੌਰ ਸੋਹਲ, ਦੀਵਾਨ ਮੰਨਾ ਤੇ ਪ੍ਰੋ. ਦੀਪਕ ਮਨਮੋਹਨ ਸਿੰਘ ਨੇ ਵੀ ਵਿਚਾਰ ਪ੍ਰਗਟ ਕੀਤੇ।