ਗੁਰਭਜਨ ਸਿੰਘ ਗਿੱਲ
ਲੁਧਿਆਣਾ, 10 ਮਾਰਚ 2020 - ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਉੱਘੇ ਅਗਾਂਵਧੂ ਪੰਜਾਬੀ ਕਵੀ ਤੇ ਇਨਕਲਾਬੀ ਸੋਚ ਧਾਰਾ ਨੂੰ ਅਪਣਾਏ ਦਰਸ਼ਨ ਖਟਕੜ ਨੂੰ ਸਾਲ 2020 ਦਾ ਹਰਭਜਨ ਹਲਵਾਰਵੀ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਅਤੇ ਕਾਮਰੇਡ ਰਤਨ ਸਿੰਘ ਟਰੱਸਟ ਹਲਵਾਰਾ ਵੱਲੋਂ ਸਥਾਪਿਤ ਇਸ ਪੁਰਸਕਾਰ ਵਿੱਚ 21 ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਦੋਸ਼ਾਲਾ ਤੇ ਤਾਮਰ ਪੱਤਰ ਵੀ ਸ਼ਾਮਿਲ ਹੈ।
ਸੰਗੀ ਸਾਥੀ ਅਤੇ ਉਲਟੇ ਰੁਖ਼ ਪਰਵਾਜ਼ ਕਾਵਿ ਰਚਨਾਵਾਂ ਦੇ ਸਿਰਜਕ ਦਰਸ਼ਨ ਖਟਕੜ ਦੇ ਜੀਵਨ ਸੰਘਰਸ਼ , ਰਚਨਾ ਤੇ ਸ਼ਖ਼ਸੀਅਤ ਬਾਰੇ ਸੁਖਵਿੰਦਰ ਪੱਪੀ ਸੰਪਾਦਕ ਸਰੋਕਾਰ ਮੈਗਜ਼ੀਨ ਜਾਣਕਾਰੀ ਦੇਣਗੇ।
ਪ੍ਰੋ: ਗਿੱਲ ਨੇ ਦੱਸਿਆ ਤੀਸਰਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਸਮਾਰੋਹ’ 21 ਮਾਰਚ ਸ਼ਨੀਵਾਰ ਨੂੰ ਗੁਰੂ ਰਾਮ ਦਾਸ ਕਾਲਿਜ ਹਲਵਾਰਾ (ਲੁਧਿਆਣਾ) ਵਿਖੇ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਤੇ ਹਰਭਜਨ ਹਲਵਾਰਵੀ ਜੀ ਦੇ ਨਿਕਟਵਰਤੀ ਸੱਜਣ ਡਾ: ਵਰਿਆਮ ਸਿੰਘ ਸੰਧੂ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਤੇ ਪ੍ਰੋ: ਰਵਿੰਦਰ ਸਿੰਘ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸ਼ਾਮਿਲ ਹੋਣਗੇ।
ਇਸ ਸਮਾਗਮ ਵਿੱਚ ਮਰਹੂਮ ਸ਼ਾਇਰ ਹਰਭਜਨ ਹਲਵਾਰਵੀ ਯਾਦਗਾਰੀ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ 15 ਨਵੇਂ ਪੁਰਾਣੇ ਕਵੀ ਸਰਬਸ਼੍ਰੀ ਸਵਰਨਜੀਤ ਸਵੀ, ਸਤੀਸ਼ ਗੁਲਾਟੀ, ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਮਹਿਮਾ ਸਿੰਘ ਹਲਵਾਰਵੀ, ਮਨਜਿੰਦਰ ਧਨੋਆ, ਅਜੀਤਪਾਲ ਜਟਾਣਾ, ਨਰਿੰਦਰਪਾਲ ਕੰਗ, ਗੁਰਪ੍ਰੀਤ ਗੀਤ, ਮੋਹਨ ਮਤਿਆਲਵੀ, ਹਰਦਿਆਲ ਸਾਗਰ, ਨੀਤੂ ਅਰੋੜਾ, ਸਰਬਜੀਤ ਜੱਸ, ਮਨਦੀਪ ਔਲਖ, ਰਮਨ ਸੰਧੂ, ਅਨੂ ਬਾਲਾ ਹਿੱਸਾ ਲੈਣਗੇ।
ਇਸ ਮੌਕੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
ਟਰੱਸਟ ਦੇ ਬੁਲਾਰੇ ਪ੍ਰੋ: ਗੋਪਾਲ ਸਿੰਘ ਬੁੱਟਰ ਤੇ ਡਾ: ਜਗਵਿੰਦਰ ਜੋਧਾ ਨੇ ਦੱਸਿਆ ਕਿ ਹਰਭਜਨ ਹਲਵਾਰਵੀ ਜੀ ਦਾ ਪਰਿਵਾਰ ਅਤੇ ਆਸਟਰੇਲੀਆ ਤੋਂ ਕਾਮਰੇਡ ਰਤਨ ਸਿੰਘ ਹਲਵਾਰਾ ਜੀ ਦੇ ਸਪੁੱਤਰ ਤੇ ਟਰਸਟ ਦੇ ਚੇਅਰਮੈਨ ਸ੍ਰੀ ਦਲਵੀਰ ਸਿੰਘ ਹਲਵਾਰਵੀ ਪ੍ਰਧਾਨ ਇਪਸਾ ਤੇ ਹਰਭਜਨ ਹਲਵਾਰਵੀ ਜੀ ਦੀ ਜੀਵਨ ਸਾਥਣ ਪ੍ਰੋ: ਪ੍ਰਿਤਪਾਲ ਕੌਰ, ਭਰਾ ਅਵਤਾਰ ਸਿੰਘ ਯੂ ਕੇ ਤੇ ਡਾ: ਨਵਤੇਜ ਸਿੰਘ ਹਲਵਾਰਵੀ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਣਗੇ।