- ਬਰਤਾਨੀਆਂ ਵਸਦੇ ਪੰਜਾਬੀ ਸ਼ਾਇਰ ਨਾਲ ਪੰਜਾਬੀ ਸਾਹਿਤ ਅਕਾਡਮੀ ਵਲੋ ਰੂਬਰੂ ਕਰਵਾਇਆ ਗਿਆ
ਲੁਧਿਆਣਾ, 10 ਜਨਵਰੀ 2020 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਇੰਗਲੈਂਡ ਵੱਸਦੇ ਸ਼ਾਇਰ ਸ੍ਰੀ ਰਜਿੰਦਰਜੀਤ ਨਾਲ ਕਰਵਾਏ ਰੂਬਰੂ ਮੌਕੇ ਜਾਣ-ਪਛਾਣ ਕਰਵਾਉਂਦਿਆਂ ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਦਸਿਆ ਕਿ ਕੋਟਕਪੁਰੇ ਪਿਛੋਕੜ ਵਾਲੇ ਸ੍ਰੀ ਰਜਿੰਦਰ ਜੀਤ 2006 ਤੋਂ ਇੰਗਲੈਂਡ ਵਿਚ ਵਾਲਸਾਲ ਵਿਖੇ ਰਹਿ ਰਹੇ ਹਨ। ਉਨ੍ਹਾਂ ਨੇ 21ਵੀਂ ਸਦੀ ਵਿਚ ਲਿਖਣਾ ਸ਼ੁਰੂ ਕੀਤਾ ਤੇ ਇਹ ਗੁੜਤੀ ਉਨ੍ਹਾਂ ਨੂੰ ਘਰੋਂ ਪ੍ਰਾਪਤ ਹੋਈ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਘਰ ਵਿਚ ਪੰਜਾਬੀ ਦੇ ਅਖ਼ਬਾਰ ਅਤੇ ਰਸਾਲੇ ਮੰਗਵਾਉਂਦੇ ਸਨ। ਜਿਥੋਂ ਰਜਿੰਦਰਜੀਤ ਨੂੰ ਪੜ੍ਹਨ ਦਾ ਸ਼ੌਕ ਪਿਆ। ਸਾਹਿਤ ਸਭਾ ਕੋਟਕਪੁਰਾ ਦੇ ਸੰਪਰਕ ਵਿਚ ਆਉਣ ਨਾਲ ਉਨ੍ਹਾਂ ਦਾ ਇਹ ਸ਼ੌਕ ਸਿਰਜਨਾ ਵੱਲ ਤੁਰ ਪੈਂਦਾ ਹੈ। ਰਜਿੰਦਰਜੀਤ ਲਗਪਗ ਪੰਦਰਾਂ ਸਾਲ ਤਰਕਸ਼ੀਲ ਸੋਸਾਇਟੀ ਨਾਲ ਵੀ ਸੰਬੰਧਿਤ ਰਹੇ ਹਨ। ਉਹ ਗ੍ਰੈਜੂਏਟ ਹਨ ਤੇ ਸਿਹਤ ਵਿਭਾਗ ਵਿਚ ਨੌਕਰੀ ਕਰਦੇ ਹੋਏ ਪਰਵਾਸ ਧਾਰਨ ਕਰ ਗਏ। 2008 ਵਿਚ ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਸਾਵੇ ਅਕਸ' ਪਾਠਕਾਂ ਦੇ ਸਨਮੁੱਖ ਆਇਆ ਤੇ ਉਹ ਨਿਰੰਤਰ ਇਹ ਸਾਧਨਾ ਕਰ ਰਹੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਰਜਿੰਦਰਜੀਤ ਨੂੰ ਜੀ ਆਇਆਂ ਨੂੰ ਕਹਿੰਦਿਆਂ ਪਹੁੰਚੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਰਜਿੰਦਰਜੀਤ ਨੇ ਆਪਣੀ ਸਾਹਿਤਕ ਸਫ਼ਰ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਪਰਵਾਸ ਮਨੁੱਖ ਨੂੰ ਬਹੁਤ ਸਾਰੀਆਂ ਸੰਵੇਦਨਸ਼ੀਲ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਆਪਣੀ ਮਾਤ ਭੂਮੀ ਲਈ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਜਿਸ ਵਿਚੋਂ ਜਦੋਂ ਆਤਮਾ ਤਨਾਓ ਵਿਚ ਵਿਚਰਦੀ ਹੈ ਤਾਂ ਉਹ ਸਿਰਜਨਾ ਦਾ ਕੋਈ ਨਾ ਕੋਈ ਰੂਪ ਲੈ ਲੈਂਦੀ ਹੈ। ਇਸ ਦੇ ਨਾਲ ਨਾਲ ਹੀ ਉਨ੍ਹਾਂ ਨੇ ਆਪਣੀਆਂ ਕੁਝ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਰਜਿੰਦਰ ਜੀਤ ਨੇ 'ਤੇਰੇ ਕੋ ਕੁਝ ਪਲ ਉਧਾਰੇ ਮੰਗ ਕੇ, ਵੇਖਣਾ ਹੈ ਤੇਰੇ ਰੰਗ ਵਿਚ ਰੰਗ ਕੇ, ਜ਼ਹਿਰ ਤਾਂ ਤੈਨੂੰ ਵੀ ਚੜਦੀ ਹੋਵੇਗੀ, ਮੇਰੀਆਂ ਸ਼ਾਮਾਂ ਨੂੰ ਏਦਾਂ ਡੰਗ ਕੇ', ਰਾਤ ਸਾਰੀ ਤਾਰਿਆਂ ਵੱਲ ਰਹਿੰਦੇ ਝਾਕਦੇ, ਰੌਸ਼ਨੀ ਦੀ ਭਾਲ ਅੰਦਰ ਹੋ ਗਏ ਝੱਲੇ ਅਸੀਂ, ਤਾਂ ਹੀ ਸ਼ਾਇਦ ਹੈ ਸਲੀਕਾ, ਸੁਰ ਵੀ ਹੈ ਤੇ ਮਿਠਾਸ ਵੀ, ਬੰਸਰੀ ਵਾਂਗਰ ਗਏ ਕਿੰਨੇ ਵਾਰ ਸੱਲੇ ਅਸੀਂ' ਅਤੇ 'ਕਿਹੜੇ ਸੱਚ ਦੀ ਗੱਲ ਕਰਦੇ ਹੋ, ਕਿਹੜਾ ਝੂਠ ਨਿਤਾਰਣ ਆਏ ਹੋ, ਕਿਹੜੇ ਪਾਣੀ ਦੀਆਂ ਬੁੱਕਾਂ ਭਰ ਦੇ ਹੋ, ਕਿਹੜੇ ਚੁੱਲੇ ਤੋਂ ਤਾਰਨ ਆਏ ਹੋ' ਗ਼ਜ਼ਲਾਂ ਨੇ ਵਾਹ ਵਾਹ ਖੱਟੀ।
ਇਸ ਮੌਕੇ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਜਗਵਿੰਦਰ ਜੋਧਾ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਸਤੀਸ਼ ਗੁਲਾਟੀ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਕਮਲਪ੍ਰੀਤ ਕੌਰ, ਸਰਬਜੀਤ ਸਿੰਘ ਵਿਰਦੀ, ਸੁਨੀਲ ਚੰਦਿਆਣਵੀ, ਸੰਗੀਤਾ ਭੰਡਾਰੀ, ਸੁਰਿੰਦਰ ਕੌਰ, ਬਲਕੌਰ ਸਿੰਘ, ਤੇਜਪਾਲ ਜਾਨੀ, ਸੱਤਪਾਲ ਰਿਸ਼ੀ, ਜਸ਼ਨਪਾਲ ਸਿੰਘ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਡਾ. ਜਗਵਿੰਦਰ ਜੋਧਾ ਨੇ ਕਿਹਾ ਰਜਿੰਦਰਜੀਤ ਧਰਤੀ ਨਾਲ ਜੁੜਿਆ ਸ਼ਾਇਰ ਹੈ। ਇਸ ਮੌਕੇ ਮਨਜਿੰਦਰ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ ਅਤੇ ਸੁਨੀਲ ਚੰਦਿਆਣਵੀ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ।