ਲੁਧਿਆਣਾ 12 ਦਸੰਬਰ
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰੋ: ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਭਵਨ ਝੂੰਦਾਂ(ਨੇੜੇ ਅਮਰਗੜ੍ਹ ਜ਼ਿਲ੍ਹਾ ਸੰਗਰੂਰ) ਵਿਖੇ ਸਿਰਜਣਾ ਕੇਂਦਰ ਅਮਰਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ ਸ: ਗੁਰਦੇਵ ਸਿੰਘ ਮਾਨ ਯਾਦਗਾਰੀ ਜਨਮ ਸ਼ਤਾਬਦੀ ਸਮਾਗਮਾਂ ਦਾ ਆਰੰਭ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਦੇਸ਼ ਵੰਡ ਮਗਰੋਂ ਲਾਇਲਪੁਰੋਂ ਉੱਜੜ ਕੇ ਆਏ ਗੁਰਦੇਵ ਸਿੰਘ ਮਾਨ ਨੇ ਜਰਨੈਲ ਸਿੰਘ ਅਰਸ਼ੀ ਨੂੰ ਨਾਲ ਰਲਾ ਕੇ ਸਰਾਭਾ ਪਿੰਡ ਚ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀ ਛੇ ਸ਼ਹੀਦਾਂ ਦਾ ਪਹਿਲਾ ਬਰਸੀ ਸਮਾਗਮ ਕਰਵਾਇਆ। ਇਹ ਇਨਕਲਾਬੀ ਕਦਮ ਸੀ।
ਗੀਤਕਾਰੀ, ਵਾਰ ਸਿਰਜਣਾ ਤੇ ਮਹਾਂਕਾਵਿ ਤੋਂ ਇਲਾਵਾ ਵਿਅੰਗ ਲੇਖਕ ਵਜੋਂ ਉਨ੍ਹਾਂ ਨੇ ਪੰਜਾਬੀ ਸਾਹਿੱਤ ਨੂੰ 34 ਕਿਤਾਬਾਂ ਦਿੱਤੀਆਂ। ਕੈਨੇਡਾ ਜਾ ਕੇ ਉਥੇ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਗੁਰਚਰਨ ਰਾਮਪੁਰੀ, ਤਾਰਾ ਸਿੰਘ ਹੇਅਰ,ਰਵਿੰਦਰ ਰਵੀ ਤੇ ਮੋਹਨ ਗਿੱਲ ਨੂੰ ਨਾਲ ਰਲਾ ਕੇ ਸਥਾਪਨਾ ਕੀਤੀ।
ਮੁਹੰਮਦ ਸਦੀਕ, ਕਰਨੈਲ ਗਿੱਲ ਤੇ ਦੀਦਾਰ ਸੰਧੂ ਨੂੰ ਲੋਕ ਸੰਪਰਕ ਮਹਿਕਮੇ ਚ ਭਰਤੀ ਕਰਕੇ ਪੇਂਡੂ ਵਿਕਾਸ ਤੇ ਦੇਸ਼ਭਗਤੀ ਦੇ ਗੀਤ ਨਾਟਕ ਖਿਡਵਾਏ।
ਉਨ੍ਹਾਂ ਦਾ ਸੰਪੂਰਨ ਕਾਵਿ ਸਾਹਿਤ ਇੱਕ ਜਿਲਦ ਚ ਛਾਪਣ ਲਈ ਕਿਸੇ ਵਿਦਿਅਕ ਅਦਾਰੇ ਨੂੰ ਅੱਗੇ ਲੱਗਣਾ ਚਾਹੀਦਾ ਹੈ।
ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ: ਬਲਕਾਰ ਸਿੰਘ ਨੇ ਕਿਹਾ ਕਿ ਗੁਰਦੇਵ ਸਿੰਘ ਮਾਨ ਸਿੱਖ ਵਿਰਾਸਤ ਦਾ ਪੇਸ਼ਕਾਰ ਕਵੀ ਸੀ ਜਿਸਨੇ ਅਕਾਲੀ ਫੂਲਾ ਸਿੰਘ ਦੀ ਵਾਰ, ਅਕਾਲ ਤਖਤ ਸਾਹਿਬ ਦੀ ਵਾਰ ਤੇ ਮਹਾਂ ਕਾਵਿ ਗੁਰੂ ਤੇਗ ਬਹਾਦਰ ਬੋਲਿਆ ਲਿਖ ਕੇ ਨਿਵੇਕਲੀਆਂ ਪੈੜਾਂ ਕੀਤੀਆਂ। ਉਨ੍ਹਾਂ ਕਿਹਾ ਕਿ ਜੇ ਪਰਿਵਾਰ ਸਹਿਯੋਗ ਦੇਵੇ ਤਾਂ ਸਮੁੱਚੀ ਕਾਵਿ ਰਚਨਾ ਨੂੰ ਵਰਲਡ ਪੰਜਾਬੀ ਸੈਂਟਰ ਵੱਲੋਂ ਇੱਕ ਜਿਲਦ ਚ ਛਾਪਿਆ ਜਾ ਸਕਦਾ ਹੈ।
ਸ: ਗੁਰਦੇਵ ਸਿੰਘ ਮਾਨ ਜਨਮ ਸ਼ਤਾਬਦੀ ਸਾਲ ਦੇ ਆਰੰਭਲੇ ਸਮਾਗਮ ਮੌਕੇ ਬੋਲਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ: ਕੇਹਰ ਸਿੰਘ ਨੇ ਕਿਹਾ ਕਿ ਗੁਰਦੇਵ ਸਿੰਘ ਮਾਨ ਨੇ ਨੰਦ ਲਾਲ ਨੂਰਪੁਰੀ ਤੇ ਹੋਰ ਗੀਤਕਾਰਾਂ ਦੀ ਸੰਗਤ ਵਿੱਚ ਯਾਦਗਾਰੀ ਗੀਤ ਲਿਖੇ।
ਇਸ ਮੌਕੇ ਡਾ: ਗੁਰਬਚਨ ਸਿੰਘ ਸਾਬਕਾ ਚੇਅਰਮੈਨ ਖੇਤੀ ਵਿਗਿਆਨੀ ਭਰਤੀ ਬੋਰਡ ਭਾਰਤ ਸਰਕਾਰ, ਡਾ: ਰਛਪਾਲ ਸਿੰਘ ਗਿੱਲ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ: ਹਰਜਿੰਦਰਪਾਲ ਸਿੰਘ ਵਾਲੀਆ ਸਾਬਕਾ ਪ੍ਰੋਫੈਸਰ ਤੇ ਮੁਖੀ ਪੱਤਰਕਾਰੀ ਵਿਭਾਗ, ਪੰਜਾਬੀ ਯੂਨੀ: ਪਟਿਆਲਾ, ਪ੍ਰੋ: ਰਵਿੰਦਰ ਸਿੰਘ ਭੱਠਲ ਪ੍ਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਜਤਿੰਦਰ ਹਾਂਸ ਤੇ ਡਾ: ਗੁਰਇਕਬਾਲ ਸਿੰਘ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਵੀ ਸੰਬੋਧਨ ਕੀਤਾ।
ਮੰਚ ਸੰਚਾਲਨ ਗਲਪ ਲੇਖਕ ਜਸਬੀਰ ਰਾਣਾ ਨੇ ਕੀਤਾ।
ਇਸ ਮੌਕੇ ਸਿਰਕੱਢ ਲੇਖਕ ਸੁਖਦੀਪ ਬਿਰਧਨੋ,ਡਾ: ਸੰਪੂਰਨ ਸਿੰਘ ਟੱਲੇਵਾਲੀਆ, ਪਰਮਜੀਤ ਸਲਾਰੀਆ, ਸੁਖਵਿੰਦਰ ਅਟਵਾਲ,ਡਾ: ਸ਼ਸ਼ੀ ਕਾਂਤ ਉੱਪਲ,ਜਸਬੀਰ ਭੂਮਸੀ, ਨੂਰ ਮੁਹੰਮਦ ਨੂਰ, ਹਰਬੰਸ ਮਾਲਵਾ, ਰਾਮ ਸਿੰਘ ਅਲਬੇਲਾ, ਇਕਬਾਲ ਸਿੰਘ ਗਿੱਲ ਝੂੰਦਾਂ ਸਾਬਕਾ ਵਿਧਾਇਕ ਨੇ ਕਵੀ ਦਰਬਾਰ ਵਿੱਚ ਹਿੱਸਾ ਲਿਆ।
ਇਸ ਮੌਕੇ ਬਿੰਦਰ ਭੂਮਸੀ, ਡਾ: ਸੁਰਿੰਦਰ ਕੌਰ ਭੱਠਲ, ਪ੍ਰੋ: ਇੰਦਰਪਾਲ ਕੌਰ, ਡਾ: ਹਰੀ ਸਿੰਘ ਬੋਪਾਰਾਏ, ਡਾ: ਕੁਲਵੰਤ ਸਿੰਘ ਸੰਧੂ,ਹਾਜ਼ਰ ਸਨ।
ਪ੍ਰੋ: ਹਰਿੰਦਰ ਮਹਿਬੂਬ ਯਾਦਗਾਰੀ ਸੰਸਥਾ ਦੇ ਪ੍ਰਧਾਨ ਡਾ: ਮਲਕੀਤ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ।