ਹਰਪਾਲ ਚੀਮਾ ਵੱਲੋਂ ਕਰਤਾਰ ਕੰਬਾਇਨਜ਼ ਦੇ ਬਾਨੀ ਅਮਰਜੀਤ ਸਿੰਘ ਲੋਟੇ ਦੀ ਸਵੈ-ਜੀਵਨੀ 'ਲੋਹਾਰ ਦਾ ਪੁੱਤਰ' ਜਾਰੀ
- ਅਮਰਜੀਤ ਸਿੰਘ ਲੋਟੇ ਵੱਲੋਂ ਖੂਹ ਦੀਆਂ ਟਿੰਡਾਂ ਤੋਂ ਦੇਸ਼ ਦੀ ਪਹਿਲੀ ਕੰਬਾਇਨ ਤੇ ਟ੍ਰੈਕਟਰ ਦੇ ਨਿਰਮਾਣ ਤੱਕ ਮਾਰੀਆਂ ਮੱਲਾਂ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ-ਵਿੱਤ ਮੰਤਰੀ ਚੀਮਾ
- ਕਿਹਾ, ਲੋਹਾਰ ਪੁੱਤਰ ਪੁਸਤਕ ਖੇਤੀ ਇੰਡਸਟਰੀ ਦਾ ਇਨਸਾਇਕਲੋਪੀਡੀਆ ਸਾਬਤ ਹੋਵੇਗੀ
ਪਟਿਆਲਾ, 11 ਅਗਸਤ 2023 - ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰਤਾਰ ਕੰਬਾਇਨਜ਼ ਦੇ ਬਾਨੀ ਅਮਰਜੀਤ ਸਿੰਘ ਲੋਟੇ ਦੀ ਸਵੈ-ਜੀਵਨੀ 'ਲੋਹਾਰ ਦਾ ਪੁੱਤਰ' ਲੋਕ ਅਰਪਣ ਕੀਤੀ। ਅੱਜ ਇੱਥੇ ਪੁਸਤਕ ਰੀਲੀਜ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਜੀਤ ਸਿੰਘ ਲੋਟੇ ਨੇ ਪਿੰਡ ਵਿੱਚ ਖੂਹ ਦੀਆਂ ਟਿੰਡਾਂ ਬਣਾਉਣ ਤੋਂ ਲੈਕੇ ਦੇਸ਼ ਦੀ ਪਹਿਲੀ ਕੰਬਾਇਨ ਤੇ ਟ੍ਰੈਕਟਰ ਨਿਰਮਾਣ ਦੇ ਖੇਤਰ ਵਿੱਚ ਜਿਹੜੀਆਂ ਮੱਲਾਂ ਮਾਰੀਆਂ ਉਹ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ।
ਲੋਹਾਰ ਦਾ ਪੁੱਤਰ ਪੁਸਤਕ ਨੂੰ ਖੇਡੀ ਇੰਡਸਟਰੀ ਦਾ ਇਨਸਾਇਕਲੋਪੀਡੀਆ ਕਰਾਰ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਇਸ ਕਿਤਾਬ ਵਿੱਚ ਨਾ ਕੇਵਲ ਇੱਕ ਕਾਮਯਾਬ ਸਨਅਤਕਾਰ ਦੇ ਜੀਵਨ ਦੇ ਖੱਟੇ-ਮਿੱਠੇ ਅਨੁਭਵਾਂ ਨੂੰ ਦਰਸਾਇਆ ਗਿਆ ਹੈ ਸਗੋਂ ਖੇਤੀ ਨਾਲ ਸਬੰਧਤ ਪੁਰਾਣੇ ਪੇਂਡੂ ਜੀਵਨ ਨੂੰ ਵੀ ਬਾਖ਼ੂਬੀ ਰੂਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਵੈ ਜੀਵਨੀ ਨਵੀਂ ਪੀੜ੍ਹੀ ਨੂੰ ਕਿੱਤਕਾਰੀ ਵਿੱਚ ਕਾਮਯਾਬ ਹੋਣ ਲਈ ਨਵੀਆਂ ਸੇਧਾਂ ਪ੍ਰਦਾਨ ਕਰੇਗੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੀ ਸਮੁੱਚੀ ਵਜ਼ਾਰਤ ਤੇ ਸਾਰੇ ਵਿਧਾਇਕ ਆਮ ਸਧਾਰਨ ਪਿਛੋਕੜ ਵਾਲੇ ਹਨ, ਜਿਸ ਕਰਕੇ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੀ ਨਬਜ਼ ਪਛਾਣਦੀ ਹੋਈ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਲੋਟੇ ਵਰਗੇ ਸਫ਼ਲ ਸਨਅਤਕਾਰਾਂ, ਜਿਨ੍ਹਾਂ ਨੇ ਨਾਭਾ ਵਿਖੇ ਸਿੱਖਿਆ ਪ੍ਰਾਪਤ ਕਰਨ ਦੌਰਾਨ ਕਰਤਾਰ ਐਗਰੋ ਇੰਡਸਟਰੀ ਦੇ ਮਾਣਮੱਤੇ ਉਨਤੀ ਦੇ ਸਫ਼ਰ ਨੂੰ ਅੱਗੇ ਤੋਰਿਆ, ਦਾ ਸਹਿਯੋਗ ਵੀ ਸੂਬੇ ਦੀ ਤਰੱਕੀ ਲਈ ਜਿਕਰਯੋਗ ਹੈ।
ਸਮਾਗਮ ਮੌਕੇ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ, ਵਿਧਾਇਕ ਖੰਨਾ ਤਰੁਨਪ੍ਰੀਤ ਸਿੰਘ ਸੌਂਧ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਸ਼੍ਰੋਮਣੀ ਸਾਹਿਤਕਾਰ ਪ੍ਰੋ. ਕ੍ਰਿਪਾਲ ਕਜ਼ਾਕ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ, ਡਾ. ਗੁਰਮੀਤ ਕੱਲਰਮਾਜਰੀ, ਸਾਬਕਾ ਐਮ.ਐਲ.ਏ. ਸੁਰਜੀਤ ਸਿੰਘ ਧੀਮਾਨ ਨੇ ਵੀ ਸ਼ਿਰਕਤ ਕੀਤੀ।
ਅਮਰਜੀਤ ਸਿੰਘ ਲੋਟੇ ਨੇ ਆਪਣੇ ਜੀਵਨ ਅਤੇ ਪੁਸਤਕ ਲੋਹਾਰ ਪੁੱਤਰ ਬਾਰੇ ਭਾਵੁਕ ਗੱਲਾਂ ਸਾਂਝੀਆਂ ਕੀਤੀਆ। ਫਿੱਕੀ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਅਮਰੀਕ ਸਿੰਘ, ਹਰਵਿੰਦਰ ਸਿੰਘ, ਹਰਮੀਤ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਸਕਰਾਲੀ, ਮਹਿੰਦਰਪਾਲ ਬੱਬੀ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।