ਧਰਤੀ ਦੇ ਜਾਏ’ ਨਾਵਲ ਲੋਕ ਅਰਪਣ ਅਤੇ ਵਿਚਾਰ ਚਰਚਾ
ਹਰਜਿੰਦਰ ਸਿੰਘ ਭੱਟੀ
ਐਸ ਏ ਐਸ ਨਗਰ 11 ਜਨਵਰੀ 2023 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ 10 ਜਨਵਰੀ 2023 ਨੂੰ ਵਿਖੇ ਡਾ. ਕੰਵਰ ਜਸਮਿੰਦਰ ਪਾਲ ਸਿੰਘ ਦਾ ਨਾਵਲ ‘ਧਰਤੀ ਦੇ ਜਾਏ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ 'ਤੇ ਪਵਨ ਹਰਚੰਦਪੁਰੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦਰਸ਼ਨ ਬੁੱਟਰ ਅਤੇ ਡਾ. ਭੀਮ ਇੰਦਰ ਸਿੰਘ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ 'ਧਰਤੀ ਦੇ ਜਾਏ' ਨਾਵਲ ਦੇ ਲੇਖਕ ਨੂੰ ਮੁਬਾਰਕਬਾਦ ਦਿੰਦੇ ਹੋਏ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਵੀ ਸਾਂਝੀ ਕੀਤੀ ਗਈ। ਪ੍ਰਧਾਨਗੀ ਮੰਡਲ ਵੱਲੋਂ ਨਾਵਲ ‘ਧਰਤੀ ਦੇ ਜਾਏ’ ਨਾਵਲ ਨੂੰ ਲੋਕ ਅਰਪਣ ਵੀ ਕੀਤਾ ਗਿਆ।
ਡਾ. ਦੀਪਕ ਮਨਮੋਹਨ ਵੱਲੋਂ ਡਾ. ਕੰਵਰ ਜਸਮਿੰਦਰਪਾਲ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਨਾਵਲ ਕਿਸਾਨੀ ਜੀਵਨ ਦੇ ਸਮਕਾਲੀ ਮਸਲਿਆਂ ਨਾਲ ਲਬਰੇਜ਼ ਦਸਤਾਵੇਜ਼ ਹੈ। ਪਵਨ ਹਰਚੰਦਪੁਰੀ ਵੱਲੋਂ ਇਸ ਨਾਵਲ ਨੂੰ ਕਿਸਾਨੀ ਜੀਵਨ ਦੇ ਭਖਦੇ ਮਸਲਿਆਂ 'ਤੇ ਉਂਗਲ ਧਰਨ ਵਾਲੀ ਕਿਰਤ ਆਖਿਆ ਗਿਆ। ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਵੱਲੋਂ ਇਸ ਨਾਵਲ ਨੂੰ ਸਥਾਪਤੀ ਦਾ ਵਿਸਥਾਪਨ ਕਰਦੀ ਕਿਰਤ ਆਖਿਆ ਗਿਆ। ਉਨ੍ਹਾਂ ਨੇ ਅਜਿਹੀ ਵਿਚਾਰ ਚਰਚਾ ਲਈ ਕੀਤੇ ਜਾ ਰਹੇ ਸਾਰਥਕ ਉਪਰਾਲਿਆਂ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਗਈ।
ਡਾ. ਭੀਮ ਇੰਦਰ ਸਿੰਘ ਵੱਲੋਂ ਨਾਵਲ 'ਤੇ ਬੋਲਦਿਆਂ ਕਿਹਾ ਗਿਆ ਕਿ ਇਹ ਨਾਵਲ ਸਮਾਜਿਕ ਸਰੋਕਾਰਾਂ ਅਤੇ ਮਸਲਿਆਂ ਪ੍ਰਤੀ ਗੰਭੀਰ ਪਹੁੰਚ ਰੱਖਦਾ ਹੈ। ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਇਹ ਨਾਵਲ ਸਮਾਜ ਵਿਚਲੇ ਵਰਗਾਂ ਦੀ ਇਤਿਹਾਸਕ ਗਤੀਸ਼ੀਲਤਾ ਦਾ ਨਕਸ਼ਾ ਖਿੱਚਦਾ ਹੈ। ਕਹਾਣੀਕਾਰ ਜਸਵੀਰ ਰਾਣਾ ਵੱਲੋਂ ਨਾਵਲ ਦੇ ਬਹੁਪੱਖੀ ਅਧਿਐਨ ਨਾਲ ਭਰਪੂਰ ਆਪਣਾ ਪਰਚਾ ਪੜ੍ਹਦਿਆਂ ਕਿਹਾ ਗਿਆ ਕਿ ਇਹ ਨਾਵਲ ਸੰਘਣੇ ਬਿਰਤਾਂਤ ਵਾਲਾ ਅਤੇ ਇਸ ਦੀ ਭਾਸ਼ਾ, ਯੁਕਤੀ ਤੇ ਗਲਪਕਾਰੀ ਬਹੁਤ ਹੀ ਸੁਲਾਹੁਣਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਵਲ ਵਿਚ ਪੰਜਾਬੀ ਕਿਸਾਨੀ ਦੀ ਦਸ਼ਾ ਅਤੇ ਦਿਸ਼ਾ ਨੂੰ ਬਿਆਨਿਆ ਗਿਆ ਹੈ ਜਿਸ ਦੇ ਨਾਲ-ਨਾਲ ਪਾਠਕ ਵੀ ਤੁਰਦਾ ਹੈ।
ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਇਨਕਲਾਬੀ ਸਮਾਜਕ ਤਬਦੀਲੀਆਂ ਲਈ ਨਾਵਲਕਾਰ ਨੇ ਕਈ ਥਾਵਾਂ 'ਤੇ ਸੰਕੇਤ ਕੀਤੇ ਹਨ। ਡਾ. ਮੋਹਨ ਤਿਆਗੀ ਵੱਲੋਂ ਕਿਹਾ ਗਿਆ ਕਿ ਇਹ ਨਾਵਲ ਅਜਿਹੀ ਕਿਰਤ ਹੈ ਜੋ ਪੰਜਾਬੀ ਕਿਸਾਨੀ ਦੀ ਉਲਝੀ ਤੰਦ-ਤਾਣੀ ਨੂੰ ਸੁਲਝਾਉਂਦੀ ਸੰਭਾਵੀ ਦਿਸ਼ਾ ਦਿਖਾਉਂਦੀ ਹੈ। ਡਾ. ਸਵੈਰਾਜ ਸੰਧੂ ਵੱਲੋਂ ਨਾਵਲ ਦੇ ਹਵਾਲੇ ਨਾਲ ਪੰਜਾਬੀ ਕਿਸਾਨ ਦੀ ਤੁਲਨਾ 'ਧਰਤੀ ਹੇਠਲੇ ਬਲਦ' ਨਾਲ ਕੀਤੀ ਗਈ। ਉੱਘੇ ਕਵੀ ਬਲਵਿੰਦਰ ਸੰਧੂ ਵੱਲੋਂ ਕਿਹਾ ਗਿਆ ਕਿ ਨਾਵਲਕਾਰ ਨੇ ਪੰਜਾਬੀ ਕਿਸਾਨੀ ਦੀ ਦੁਖਦੀ ਹੋਈ ਰਗ 'ਤੇ ਹੱਥ ਧਰ ਕੇ ਬੜੀ ਕਾਬਲੀਅਤ ਨਾਲ ਇਸ ਦੀ ਪੀੜਾ ਨੂੰ ਵਿਅਕਤ ਕੀਤਾ ਹੈ। ਸੁਸ਼ੀਲ ਦੁਸਾਂਝ ਸਾਹਿਤ ਸਮਾਜ ਦੇ ਕੇਵਲ ਦਰਪਣ ਨਹੀਂ ਹੁੰਦਾ ਸਗੋਂ ਉਸ ਵਿੱਚ ਲੇਖਕ ਦੇ ਆਪਣੇ ਭਾਵ, ਵਿਚਾਰ ਤੇ ਆਪਣੇ ਸੁਝਾਅ ਵੀ ਬਿਆਨ ਹੁੰਦੇ ਹਨ। 'ਧਰਤੀ ਦੇ ਜਾਏ' ਨਾਵਲ ਦੇ ਲੇਖਕ ਡਾ. ਕੰਵਰ ਜਸਮਿੰਦਰ ਪਾਲ ਸਿੰਘ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਦੀ ਗੱਲ ਕਰਦਿਆਂ ਕਿਸਾਨੀ ਅੰਦੋਲਨ ਨੂੰ ਇਸ ਨਾਵਲ ਲਈ ਆਪਣਾ ਪ੍ਰੇਰਨਾ ਸ੍ਰੋਤ ਦੱਸਿਆ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਬਲਵਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਧੜਾਕ, ਪ੍ਰੋ. ਗੁਰਜੋਧ ਕੌਰ, ਅਮਰਜੀਤ ਸਿੰਘ ਅਮਨ, ਗੁਰਚਰਨ ਸਿੰਘ ਪੱਬਾਰਾਲੀ, ਬਲਵਿੰਦਰ ਸਿੰਘ ਭੱਟੀ, ਬਲਵਿੰਦਰ ਸੰਧੂ, ਕਾਮਰੇਡ ਰਮੇਸ਼ ਜੈਨ ਧੂਰੀ, ਮੁਹੰਮਦ ਇਦਰੀਸ ਪਟਿਆਲਾ, ਕਮਲ ਦੁਸਾਂਝ, ਜਗਤਾਰ ਸਿੰਘ ਜੋਗ, ਡਾ. ਨਿਰਮਲ ਸਿੰਘ ਬਸੀ, ਮਨਜੀਤਪਾਲ ਸਿੰਘ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਨਿਆਮੀਆਂ, ਸਰਦਾਰਾ ਸਿੰਘ ਚੀਮਾ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।