ਮਨਮੋਹਨ ਢਿੱਲੋਂ ਦੀ ‘ਬੰਦੇ ਦੀ ਵੁੱਕਤ ਐ ਜਿੱਥੈ’ ਪੁਸਤਕ ਲੋਕ ਅਰਪਿਤ
ਕੁਲਵਿੰਦਰ ਸਿੰਘ
- ਪੁਸਤਕ ’ਚ ਢਿੱਲੋਂ ਨੇ ਆਸਟਰੇਲੀਆ ਸਫ਼ਰ ਦੌਰਾਨ ਤਜ਼ਰਬਿਆਂ ਨੂੰ ਕੀਤਾ ਸਾਂਝਾ : ਰਟੌਲ, ਚੌਹਾਨ
ਅੰਮ੍ਰਿਤਸਰ, 20 ਅਕਤੂਬਰ 2021;ਪੱਤਰਕਾਰ ,ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ ਨੇ ਆਸਟਰੇਲੀਆ ਵਿਖੇ ਆਪਣੇ ਜੀਵਨ ਦੇ ਸੁਨਹਿਰੇ ਸਫ਼ਰ ਨੂੰ ਯਾਦਗਾਰ ਬਣਾਉਂਦੇ ਹੋਏ ਅਹਿਮ ਪਹਿਲੂਆਂ ਨੂੰ ‘ਬੰਦੇ ਦੀ ਵੁੱਕਤ ਐ ਜਿੱਥੈ’ ਸਿਰਲੇਖ ਹੇਠ ਪੁਸਤਕ ’ਚ ਪਰੋਕੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ। ਇਸ ਸਬੰਧੀ ਸ: ਢਿੱਲੋਂ ਦੇ ਗ੍ਰਹਿ ਮਜੀਠਾ ਰੋਡ ਵਿਖੇ ਕਰਵਾਏ ਗਏ ਸੰਖੇਪ ਸਮਾਗਮ ਦੌਰਾਨ ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕੇਟਰੀ ਡੀ. ਐਸ. ਰਟੌਲ, ਮਹਿੰਦਰ ਸਿੰਘ ਢਿੱਲੋਂ, ਡਾ. ਸੁਰੇਸ਼ ਚੌਹਾਨ ਵਲੋਂ ਉਕਤ ਪੁਸਤਕ ਨੂੰ ਲੋਕ ਅਰਪਿਤ ਕੀਤਾ ਗਿਆ।
ਇਸ ਮੌਕੇ ਸ: ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਆਸਟਰੇਲੀਆ ਵਿਖੇ 4 ਵਾਰ ਕੀਤੇ ਗਏ ਸਫ਼ਰ ਦੌਰਾਨ ਉਥੋਂ ਦੀਆਂ ਮਹੱਤਵਪੂਰਨ ਜਾਣਕਾਰੀਆਂ ਨੂੰ ਉਕਤ ਪੁਸਤਕ ਕਲਮਬੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਰਾਹੀਂ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨਾ ਮੁੱਖ ਟੀਚਾ ਰਿਹਾ ਹੈ। ਉਨ੍ਹਾਂ ਪੁਸਤਕ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਉਨ੍ਹਾਂ ਨੇ ਉਕਤ ਤੋਂ ਇਲਾਵਾ ਬੰਦੇ ਦੀ ਵੁੱਕਤ ਸਮੇਂ ਦੀ ਕਦਰ ਅਤੇ ਪੈਸੇ ਦੇ ਮੁੱਲ ਵਾਲਾ ਦੇਸ਼, ਔਰਤਾਂ ਲਈ ਵਿਸ਼ਵ ਭਰ ’ਚ ਸੁਰੱਖਿਅਤ ਦੇਸ਼, ਜਿਥੇ ਹੌਰਨ ਮਾਰਨਾ ਗਾਲ੍ਹ ਸਮਝਿਆ ਜਾਂਦੈ, ਸੇਵਾ ਦਾ ਸੰਕਲਪ, ਸ਼ਰਾਬ ਦੇ ਠੇਕੇ, ਕਸੀਨੋ, ਖਰੀਦੋ ਫ਼ਰੋਖਤ ਆਦਿ ਜੀਵਨ ਦੇ ਤਜ਼ਰਬਿਆਂ ਬਾਰੇ ਜ਼ਿਕਰ ਕੀਤਾ ਹੈ।
ਇਸ ਮੌਕੇ ਦੀਪ ਦੇਵਿੰਦਰ ਸਿੰਘ ਨੇ ਪੁਸਤਕ ਬਾਰੇ ਦੱਸਿਆ ਕਿ ਪੁਸਤਕ ਸ: ਢਿੱਲੋਂ ਆਸਟਰੇਲੀਆ ਵਰਗੇ ਵਿਕਾਸਸ਼ੀਲ ਮੁਲਕ ਦੀ ਭੂਗੋਲਿਕ, ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਜੀਵਨ ਜਾਂਚ ’ਤੇ ਬਹੁਤ ਉਚ ਪਾਏ ਦੀ ਅੰਤਰ ਝਾਤ ਪਵਾਉਂਦਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਉਥੋਂ ਦੇ ਪੁਸਤਕ ਸੱਭਿਆਚਾਰ, ਪਿੰਡਾਂ ਦੀ ਜੀਵਨਸ਼ੈਲੀ, ਮਾਨਵੀਂ ਕਦਰਾਂ ਕੀਮਤਾਂ ਬਾਰੇ ਸ: ਢਿੱਲੋਂ ਬਹੁਤ ਉਚ ਪਾਏ ਦੀ ਜਾਣਕਾਰੀ ਹੀ ਨਹੀਂ ਦਿੰਦਾ, ਸਗੋਂ ਭਾਸ਼ਾਈਂ ਜੁਗਤਾਂ ਰਾਹੀਂ ਪੜ੍ਹਣ ਵਾਲੇ ਉਂਗਲ ਫੜ ਕੇ ਨਾਲ ਨਾਲ ਵੀ ਤੋਰਦਾ ਹੈ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਰਮਿੰਦਰ ਸਿੰਘ ਟੀਨਾ ਅਤੇ ਸ: ਰਟੌਲ ਨੇ ਸਾਂਝੇ ਤੌਰ ’ਤੇ ਸ: ਢਿੱਲੋਂ ਨੂੰ ਪੁਸਤਕ ਲੋਕ ਅਰਪਿਤ ਕਰਨ ਸਮੇਂ ਮੁਬਾਰਕਬਾਦ ਦਿੰਦਿਆਂ ਕਿਹਾ ਬਾਹਰਲੇ ਮੁਲਕਾਂ ਦੀ ਖੂਬਸੂਰਤੀ ਅਤੇ ਪ੍ਰਵਾਸ ਹੰਢਾਉਂਦੀ ਅਜੋਕੀ ਪੀੜੀ ਵਰਗੇ ਵਿਸ਼ਿਆਂ ਤੋਂ ਹੱਟ ਕੇ ਲਿਖੀ ਉਕਤ ਪੁਸਤਕ ਵਿਦਿਆਰਥੀਆਂ ਲਈ ਲਾਹੇਵੰਦ ਜਾਣਕਾਰੀ ਪ੍ਰਦਾਨ ਕਰਦਿਆਂ ਉਨ੍ਹਾਂ ਦੇ ਗਿਆਨ ’ਚ ਵਾਧਾ ਕਰੇਗੀ। ਇਸ ਦੌਰਾਨ ਡਾ. ਮੋਹਨ, ਹਰਪਾਲ ਸਿੰਘ ਨਾਗਰਾ, ਹਰਜੀਤ ਸੰਧੂ, ਜਸਵੰਤ ਸਿੰਘ ਜੱਸ, ਕੁਲਜੀਤ ਵੇਰਕਾ, ਜਗਤਾਰ ਸਿੰਘ ਲਾਂਬਾ ਨੇ ਸ: ਢਿੱਲੋਂ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਅਤੇ ਪੁਸਤਕਾਂ ਮਾਤ ਭਾਸ਼ਾ ਦੀ ਤਰੱਕੀ ਦਾ ਸਬੱਬ ਬਣਦੀਆਂ ਹਨ।