ਹਰਦੀਪ ਸਿੰਘ ਪਾਹੜਾ ਦੀ ਯਾਦ 'ਚ ਨਾਟਕ "ਗਿੱਲੀ ਮਿੱਟੀ" ਦਾ ਮੰਚਨ ਤੇ ਕਵੀ ਦਰਬਾਰ
ਰੋਹਿਤ ਗੁਪਤਾ
ਗੁਰਦਾਸਪੁਰ 20 ਅਗਸਤ 2023 : ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਇਪਟਾ (ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ) ਗੁਰਦਾਸਪੁਰ ਵੱਲੋਂ ਭਾਸ਼ਾ ਵਿਭਾਗ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਹਿਯੋਗ ਨਾਲ ਮਰਹੂਮ ਰੰਗਕਰਮੀ ਇੰਜੀਨੀਅਰ ਹਰਦੀਪ ਸਿੰਘ ਪਾਹੜਾ ਦੇ 39ਵੇਂ ਜਨਮ ਦਿਹਾੜੇ' ਤੇ ਲੋਕ ਕਲਾ ਮੰਚ ਮਜੀਠਾ ਦੇ ਕਲਾਕਾਰਾਂ ਵੱਲੋਂ ਲੇਖ਼ਕ ਤੇ ਨਿਰਦੇਸ਼ਕ ਗੁਰਮੇਲ ਸ਼ਾਮ ਨਗਰ ਦੀ ਨਿਰਦੇਸ਼ਨਾ ਹੇਠ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੀਆਂ ਸਮੱਸਿਆਂਵਾਂ ਨੂੰ ਬਿਆਨ ਕਰਦਾ ਤੇ ਉਨ੍ਹਾਂ ਦਾ ਹੱਲ ਕੱਢਣ ਦਾ ਯਤਨ ਕਰਦਾ ਨਾਟਕ 'ਗਿੱਲੀ ਮਿੱਟੀ " ਦਾ ਸਫ਼ਲ ਮੰਚਨ ਕੀਤਾ ਗਿਆ ਜਿਸ ਨੇ ਦਰਸ਼ਕਾਂ ਦੇ ਮੰਨੋਰੰਜਨ ਦੇ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਤੇ ਨਾਟਕ ਵਿਚ ਹੁੰਦੀ ਅਸਲੀਅਤ ਦੇਖ ਕੇ ਦਰਸ਼ਕ ਭਾਵੁਕ ਹੋ ਗਏ।
ਪ੍ਰਿੰਸੀਪਲ ਪ੍ਰੀਤ ਦਵਿੰਦਰ ਕੌਰ ਨੇ ਕਿਹਾ ਕਿ ਨਾਟਕ ਵਿੱਚ ਸਾਰੇ ਪਾਤਰਾਂ ਆਪਣੇ ਆਪਣੇ ਕਿਰਦਾਰ ਨੂੰ ਖੂਬ ਨਿਭਾਇਆ ਹੈ ਇਹ ਨਾਟਕ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਦਿਖਾਉਣ ਦੀ ਸਖ਼ਤ ਲੋੜ ਹੈ ਤਾਂ ਜੋ ਉਹ ਇਸ ਤੋਂ ਸੇਧ ਲੈ ਸਕਣ ਇਸ ਲਈ ਸਰਦੀਆਂ ਦੇ ਮੌਸਮ ਵਿੱਚ ਸਾਰੇ ਵਿਦਿਆਰਥੀਆਂ ਲਈ ਖੁੱਲੇ ਪੰਡਾਲ ਵਿੱਚ ਵੱਡੀ ਸਟੇਜ ਉਪਰ ਇਨ੍ਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।
ਇਪਟਾ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੇ ਰੰਗਕਰਮੀ ਹਰਦੀਪ ਸਿੰਘ ਬਾਰੇ ਜਾਣਕਾਰੀ ਦਿੱਤੀ, ਵਿਦਿਆਰਥੀਆਂ ਨੂੰ ਮਾਪਿਆਂ ਤੇ ਅਧਿਆਪਕਾਂ ਦੇ ਆਗਿਆਕਾਰ ਹੋ ਕੇ ਉਨ੍ਹਾਂ ਦੇ ਗਿਆਨ ਤੇ ਜ਼ਿੰਦਗੀ ਦੇ ਤਜਰਬਿਆਂ ਨੂੰ ਲਾਗੂ ਕਰਕੇ ਜ਼ਿੰਦਗੀ ਵਿਚ ਕਾਮਯਾਬ ਹੋਣ, ਸਿਲੇਬਸ ਤੋਂ ਬਾਹਰ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ, ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਤੇ ਨਸ਼ਾ ਮੁਕਤ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ।
ਜੇ. ਪੀ. ਸਿੰਘ ਖਰਲਾਂ ਵਾਲਾ ਪ੍ਰਧਾਨ ਸਾਹਿਤ ਸਭਾ ਨੇ ਮਿਆਰੀ ਸਾਹਿਤ ਪੜ੍ਹਨ, ਕਿਤਾਬਾਂ ਨਾਲ ਜੁੜਨ, ਨਾਟਕ ਵਿੱਚ ਦਿਤੀਆਂ ਸਿਖਿਆਵਾਂ ਨੂੰ ਅਮਲ ਵਿੱਚ ਲਾਗੂ ਕਰਨ ਤੇ ਚੰਗਾ ਸਾਹਿਤ ਲਿਖ ਕੇ ਪੰਜਾਬੀ ਬੋਲੀ ਨੂੰ ਹੋਰ ਅਮੀਰ ਕਰਨ ਦਾ ਸੱਦਾ ਦਿੱਤਾ, ਗੁਰਮੀਤ ਸਿੰਘ ਬਾਜਵਾ ਨੇ ਸਟੇਜ ਸਕੱਤਰ ਦੀ ਭੂਮਿਕਾ ਬੜੀ ਸ਼ਾਨਦਾਰ ਨਿਭਾਈ।
ਭਾਸ਼ਾ ਵਿਭਾਗ ਵੱਲੋਂ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਤ ਸਭਾ ਤੇ ਇਪਟਾ ਗੁਰਦਾਸਪੁਰ ਵਲੋਂ ਪ੍ਰਿੰਸੀਪਲ ਮੈਡਮ ਤੇ ਨਾਟਕ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਦੂਜੇ ਭਾਗ ਵਿਚ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਸ਼ਾਇਰਾਂ ਜਿਨ੍ਹਾਂ ਵਿੱਚ ਜੇ. ਪੀ. ਸਿੰਘ ਖਰਲਾਂ ਵਾਲਾ, ਜੀ. ਐਸ. ਪਾਹੜਾ, ਗੁਰਮੀਤ ਸਿੰਘ ਬਾਜਵਾ, ਬੂਟਾ ਰਾਮ ਆਜ਼ਾਦ, ਮੱਖਣ ਕੋਹਾੜ, ਮਲਕੀਤ ਸਿੰਘ ਸੁਹਲ, ਸਰਬਜੀਤ ਸਿੰਘ ਚਾਹਲ, ਅਮਰਜੀਤ ਥਾਪਾ, ਅਵਤਾਰ ਸਿੰਘ ਅਣਜਾਣ, ਕੁਲਦੀਪ ਸਿੰਘ ਘਾਂਗਲਾ, ਗੁਰਮੇਲ ਸ਼ਾਮਨਗਰ, ਹਰਪਾਲ ਸਿੰਘ ਬੈਂਸ, ਹਰਪ੍ਰੀਤ ਕੌਰ ਸਿੰਮੀ, ਗੁਰਸ਼ਰਨਜੀਤ ਸਿੰਘ ਮਠਾੜੂ ਨੇ ਗ਼ਜ਼ਲਾਂ ਤੇ ਕਵਿਤਾਵਾਂ ਅਤੇ ਸੁਭਾਸ਼ ਸੂਫ਼ੀ, ਵਿਜੇ ਭੁਲਾ, ਜਸਪਾਲ ਜੇ ਪੀ, ਤੇ ਕਾਲਜ ਦੀਆਂ ਮਿਊਜ਼ਿਕ ਵਿਭਾਗ ਦੀਆਂ ਵਿਦਿਆਰਥਣਾਂ ਨੇ ਉਸਤਾਦ ਰਕੇਸ਼ ਕੁਮਾਰ ਦੀ ਅਗਵਾਈ ਹੇਠ ਗਾਇਕੀ ਵਿੱਚ ਖ਼ੂਬ ਰੰਗ ਬੰਨ੍ਹਿਆ।
ਇਸ ਮੌਕੇ ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ, ਹਰਦੀਪ ਸਿੰਘ ਪਾਹੜਾ ਦੇ ਪਿਤਾ ਜੀ ਅਜੀਤ ਸਿੰਘ ਪਾਹੜਾ, ਬਾਬਾ ਰਛਪਾਲ ਸਿੰਘ, ਸੁਰਿੰਦਰ ਸਿੰਘ ਪੱਡਾ, ਕਸ਼ਮੀਰ ਸਿੰਘ ਮਾੜੀ, ਹਰਿੰਦਰ ਸਿੰਘ ਮਾੜੀ, ਸੁਖਵਿੰਦਰ ਸਿੰਘ ਰਾਣਾ, ਪ੍ਰੋ. ਬਲਜੀਤ ਸਿੰਘ, ਪ੍ਰੋ. ਹਰਮੀਤ ਕੌਰ, ਪਰਮਜੀਤ ਸਿੰਘ ਔਲਖ, ਸੋਨੂੰ ਸਾਗਰ ਪਠਾਨਕੋਟ, ਯੋਗਰਾਜ ਖੰਨਾ, ਕਮਲਦੀਪ ਸਿੰਘ ਗਾਦੜ੍ਹੀਆਂ ਤੇ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਦਰਸ਼ਕ ਹਾਜ਼ਰ ਸਨ।