8 ਮਾਰਚ ਕੌਮਾਂਤਰੀ ਇਸਤਰੀ ਦਿਹਾੜਾ ਹੈ। ਮੇਰਾ ਇਹ ਗੀਤ ਮੇਰੀ ਪਿਆਰੀ ਪਰਦੇਸ ਚ ਬੈਠੀ ਚਿੜੀ ਦੇ ਨਾਮ ਹੈ। ਮੇਰੀ ਦੋਹਤਰਵਾਨ ਸ਼ੀਰੀਂ ਸਿੱਧੂ
ਜਿਸਦਾ ਅੱਜ ਜਨਮ ਦਿਨ ਵੀ ਹੈ। ਸੱਰੀ ਵੱਸਦੀ ਗੁਣਵਾਨ ਦੋਹਤਰੀ ਸ਼ੀਰੀਂ ਦੇ ਬਹਾਨੇ ਇਹ ਗੀਤ ਧਰਤੀ ਦੀਆਂ ਕੁੱਲ ਧੀਆਂ ਦੇ ਨਾਮ ਹੈ।
ਗੀਤ
ਹਾਏ! ਬਾਬਲਾ ਵੇ ਧੀਆਂ ਆਖੇਂ ਕਿਓ ਵਿਚਾਰੀਆਂ।
ਕਿਤੇ ਨਾਨੀ ਕਿਤੇ ਦਾਦੀ ਬਣ ਜਿੰਨ੍ਹਾਂ ਨੇ
ਵੇ ਤੇਰੀਆਂ ਕੁਲਾਂ ਨੇ ਉਸਾਰੀਆਂ।
ਭੁੱਲ ਜਾਂ ਭੁਲੇਖੇ ਕਿਤੇ ਧੀ ਜੰਮੇ ਡਾਂਟਦਾ।
ਗੁੱਡੀਆਂ ਪਟੋਲਿਆਂ ਚੋਂ ਪੁੱਤ ਪੁੱਤ ਛਾਂਟਦਾ।
ਭੁੱਲੇਂ ਨਿਰਮੋਹੀਆ ਕਾਹਨੂੰ ਘਰ ਦਾ ਸਲੀਕਾ ਜੀਣ ਧੀਆਂ ਭੈਣਾਂ ਸਾਰੀਆਂ।
ਹਾਏ! ਬਾਬਲਾ ਵੇ.....।
ਤੇਰੇ ਪਿੰਡ ਇੱਜ਼ਤਾਂ ਤੇ ਪੱਤ ਦੀ ਜੇ ਥਾਂ ਨਹੀਂ।
ਏਸ ਦੀ ਕਸੂਰਵਾਰ 'ਕੱਲ੍ਹੀ ਮੇਰੀ ਮਾਂ ਨਹੀਂ।
ਬਾਬਲੇ ਦੀ ਪੱਗ ਦੀ ਦੁਹਾਈ ਦੇਵੇਂ ਸਾਨੂੰ,
ਜੋ ਨੇ ਪੁੱਤਰਾਂ ਉਤਾਰੀਆਂ।
ਹਾਏ! ਬਾਬਲਾ ਵੇ.......।
ਮਾਪਿਆਂ ਦੇ ਸਿਰ ਹੁੰਦਾ ਧੀਆਂ ਦਾ ਵੀ ਮਾਣ ਵੇ।
ਸਹਿਮੇ ਜੇ ਮਲੂਕ ਜਿੰਦ , ਘਰ ਵੀ ਮਸਾਣ ਵੇ।
ਕਬਰਾਂ ਤੇ ਕੁੱਖਾਂ ਨੂੰ ਤੂੰ ਇੱਕੋ ਜਿਹਾ ਕੀਤਾ,
ਕਾਹਨੂੰ ਲੱਭ ਲੱਭ ਮਾਰੀਆਂ।
ਹਾਏ! ਬਾਬਲਾ ਵੇ .......।
ਧੀਆਂ ਪੁੱਤ ਰੱਖਦਾ ਜੇ ਪਹਿਲਾਂ ਇੱਕ ਤੋਲ ਵੇ।
ਕਦੇ ਵੀ ਨਾ ਪੁੱਤ ਫੇਰ ਬੋਲਦੇ ਕੁਬੋਲ ਵੇ।
ਧੀਆਂ ਤਾਂ ਚੰਬੇਲੀ ਤੇ ਰਵੇਲ ਵੇਲ ਵਾਂਗ ਸਦਾ ਮਹਿਕਾਂ ਨੇ ਖਿਲਾਰੀਆਂ।
ਹਾਏ! ਬਾਬਲਾ ਵੇ.........।
ਗੁਰਭਜਨ ਗਿੱਲ
Gurbhajansinghgill@gmail.Com
Phone: 98726-31199