ਚੰਡੀਗੜ੍ਹ, 29 ਦਸੰਬਰ 2020 - ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ ਉਘੇ ਲੇਖਕ ਡਾ ਐਸ ਤਰਸੇਮ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਆਖਿਆ ਹੈ ਕਿ ਡਾ ਤਰਸੇਮ ਨੇ ਆਪਣੀ ਕਲਮ ਨਾਲ ਸ਼ਾਹਕਾਰ ਰਚਨਾਵਾਂ ਦੀ ਸਿਰਜਣਾ ਕੀਤੀ ਤੇ ਕਈ ਯਾਦਗਾਰੀ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾਈਆਂ। ਚੰਨੀ ਨੇ ਆਖਿਆ ਕਿ ਕਿੰਨੇ ਮਾਣ ਵਾਲੀ ਗੱਲ ਹੈ ਕਿ ਅੱਜ ਡਾ ਐਸ ਤਰਸੇਮ ਦੀਆਂ ਲਿਖੀਆਂ ਪੁਸਤਕਾਂ ਉਤੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਖੋਜ ਕਾਰਜ ਕਰ ਰਹੇ ਹਨ। ਸ ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਡਾ ਐਸ ਤਰਸੇਮ ਦੇ ਪਰਿਵਾਰ ਨੂੰ ਮੁਬਾਰਕ ਆਖੀ ਹੈ ਤੇ ਉਨਾ ਦੀ ਯਾਦ ਮਨਾਉਂਦੇ ਰਹਿਣ ਦੀ ਅਪੀਲ ਵੀ ਕੀਤੀ ਹੈ।
ਜੇਕਰ ਡਾ ਸਾਹਬ ਦੇ ਕਾਰਜਾਂ ਉਤੇ ਪੰਛੀ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਕਿ ਡਾ ਐਸ ਤਰਸੇਮ ਇਕ ਸਮਰਥ ਗਜ਼ਲਗੋ ਵੀ ਸਨ ਤੇ ਕਹਾਣੀਕਾਰ ਵੀ ਕਮਾਲ ਦੇ ਸਨ। ਆਪ ਨੇ ਵਾਰਤਕ ਵੀ ਲਿਖੀ ਤੇ ਆਪਣੇ ਸਮਕਾਲੀ ਲੇਖਕਾਂ ਦੇ ਰੇਖਾ ਚਿਤਰ ਵੀ ਲਿਖੇ।
ਅਭੁੱਲ ਯਾਦਾਂ ਤੇ ਸਵੈ ਜੀਵਨੀ ਵਰਗੀ ਸਾਹਿਤਕ ਵਿਧਾ ਉਤੇ ਵੀ ਆਪ ਨੇ ਪੂਰਨ ਸਮਰਥਾ ਨਾਲ ਕਲਮ ਚਲਾਈ। "ਕੱਚੀ ਮਿੱਟੀ ਪੱਕੇ ਰੰਗ" ਆਪ ਦੀ ਸਵੈ ਜੀਵਨੀ ਕਾਫੀ ਪੜੀ ਗਈ ਤੇ ਉਸਦਾ ਹਿੰਦੀ ਅਨੁਵਾਦ " ਧ੍ਰਿਤਰਾਸ਼ਟਰ" ਦੇ ਨਾਂ ਹੇਠ ਛਪਿਆ। ਡਾ ਐਸ ਤਰਸੇਮ ਪੰਜਾਬ ਦੀ ਕੇਂਦਰੀ ਲੇਖਕ ਸਭਾ ਦੇ ਪਰਧਾਨ ਵੀ ਰਹੇ ਤੇ ਲੇਖਕਾਂ ਦੀ ਯੋਗ ਅਗਵਾਈ ਵੀ ਕੀਤੀ। ਆਪ ਨੇ ਲੰਬਾ ਅਰਸਾ ਇਕ ਸਮੱਰਥ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਈਆਂ। ਪੰਜਾਬੀ ਮਾਂ ਬੋਲੀ ਦੇ ਮੁੱਦੇ ਉਤੇ ਆਪ ਨੇ ਹੜਤਾਲਾਂ ਤੇ ਰੋਸ ਧਰਨਿਆਂ ਵਿਚ ਵੀ ਭਾਗ ਲਿਆ। ਵਰਨਣਯੋਗ ਹੈ ਕਿ ਆਪ ਅੱਖਾਂ ਦੀ ਜੋਤੀ ਤੋਂ ਵੀ ਰਹਿਤ ਸਨ ਪਰ ਆਪ ਦੇ ਮਨ ਮਸਤਕ ਅੰਦਰ ਸ਼ਬਦਾਂ ਦੇ ਸੰਸਾਰ ਦੀ ਅਬੁੱਝ ਜੋਤੀ ਜਗਦੀ ਰਹੀ ਤੇ ਆਪ ਨਿਰੰਤਰ ਲਿਖਦੇ ਰਹੇ। ਆਪ ਨੇ ਤ੍ਰੈਮਾਸਿਕ 'ਨਜਰੀਆ' ਰਸਾਲੇ ਦੀ ਸੰਪਾਦਨਾ ਕਰਦਿਆਂ ਨਿੱਗਰ ਸਾਹਿਤਕ ਕਿਰਤਾਂ ਪਾਠਕਾਂ ਤੀਕ ਪਹੁੰਚਾਈਆਂ।
ਅੱਜ 30 ਦਸੰਬਰ ਦੇ ਦਿਨ ਪੰਜਾਬ ਕਲਾ ਪਰਿਸ਼ਦ ਵਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਆਪ ਦੇ ਜਨਮ ਦਿਨ ਮੌਕੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਵਿਚ ਪੰਜਾਬੀ ਦੇ ਉਘੇ ਲੇਖਕ ਤੇ ਵਿਦਵਾਨ ਉਨਾ ਨੂੰ ਸ਼ਰਧਾਂਜਲੀਆਂ ਅਰਪਿਤ ਕਰਦਿਆਂ ਉਨਾਂ ਦੀਆਂ ਯਾਦਾਂ ਸਾਂਝੀਆਂ ਕਰਨਗੇ।
- ਨਿੰਦਰ ਘੁਗਿਆਣਵੀ
ਮੀਡੀਆ ਕੋਆ:
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ