ਡਿੰਪੀ ਸੰਧੂ
ਫ਼ਰੀਦਕੋਟ 22 ਸਤੰਬਰ 2018 - ਲਿਟਰੇਰੀ ਫ਼ੋਰਮ ਫ਼ਰੀਦਕੋਟ ਵੱਲੋਂ ਜ਼ਿਲਾ ਸੱਭਿਆਚਾਰਕ ਸੁਸਾਇਟੀ ਫ਼ਰੀਦਕੋਟ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਸੈਨੇਟ ਹਾਲ ‘ਚ ਸ਼ੇਖ ਫ਼ਰੀਦ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ.ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਫ਼ਰੀਦਕੋਟ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਡਾ.ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮੈਂਬਰ ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਤੇ ਪ੍ਰੋ: ਗੁਰਭਜਨ ਗਿੱਲ ਬਾਨੀ ਚੇਅਰਮੈਨ, ਬਾਬਾ ਫ਼ਰੀਦ ਫਾਉਂਡੇਸ਼ਨ ਲੁਧਿਆਣਾ ਨੇ ਸਾਂਝੇ ਰੂਪ ‘ਚ ਕੀਤੀ।
ਇਸ ਮੌਕੇ ਦਲਜੀਤ ਸਿੰਘ ਪੂਨੇ ਵਾਲੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕੁਲਵਿੰਦਰ ਕੰਵਲ ਦੀ ਗਾਈ ਹੀਰ ਵਾਰਿਸ ਸ਼ਾਹ ਦੇ ਗਾਇਨ ਨਾਲ ਸਮਾਗਮ ਦਾ ਆਰੰਭ ਹੋਇਆ।
ਲਿਟਰੇਰੀ ਫ਼ੋਰਮ ਵੱਲੋਂ ਸ਼ਾਇਰ ਮਨਜੀਤ ਪੁਰੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ।
ਇਸ ਉਪਰੰਤ ਸ਼ੇਖ ਫ਼ਰੀਦ ਪੁਰਸਕਾਰ 2018 ਪ੍ਰੋ.ਜਸਪਾਲ ਘਈ ਅਤੇ ਸਵ: ਚੰਦ ਸਿੰਘ ਚਹਿਲ ਯਾਦਗਾਰੀ ਪੁਰਸਕਾਰ ਪੰਜਾਬ ਦੀ ਨਾਮਵਰ ਕਹਾਣੀਕਾਰ ਵਿਸ਼ਵਜੋਤੀ ਧੀਰ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੋਜਵਾਨ ਸ਼ਾਇਰ ਅਮਿਤ ਆਦੋਆਣਾ ਦੀ ਕਵਿ ਪੁਸਤਕ ‘ਕੋਲਿਆਂ ਦੀ ਖਾਣ ‘ਚੋਂ ਨੂੰ ਲੋਕ ਅਰਪਿਤ ਕੀਤਾ ਗਿਆ।
ਲਿਟਰੇਰੀ ਫ਼ੋਰਮ ਦੇ ਪ੍ਰਧਾਨ/ਪੰਜਾਬ ਦੇ ਉੱਚਕੋਟੀ ਦੇ ਸ਼ਾਇਰ ਸੁਨੀਲ ਚੰਦਿਆਣਵੀਂ ਨੇ ਮੰਚ ਸੰਚਾਲਨ ਭਾਵਪੂਰਤ ਢੰਗ ਨਾਲ ਕਰਦਿਆਂ ਪੰਜਾਬੀ ਬੋਲੀ ਦੀ ਅਮੀਰੀ ਨੂੰ ਵਾਰ-ਵਾਰ ਸ਼ੇਅਰਾਂ ਰਾਹੀਂ ਬਿਆਨਿਆ। ਇਸ ਮੌਕੇ ਕਵੀ ਦਰਬਾਰ ਦਾ ਆਗਾਜ਼ ਸ਼ਾਇਰ ਕਰਨਜੀਤ ਨਕੋਦਰ ਨੇ ਤਰੰਨੁਮ ‘ਚ ਗਜ਼ਲਾਂ ਸੁਣਾ ਕੇ ਕੀਤਾ । ਇਸ ਤੋਂ ਬਾਅਦ ਸਚਦੇਵ ਗਿੱਲ, ਸਰਤਾਜ ਢਿੱਲੋਂ ਨੇ ਕਵੀ ਦਰਬਾਰ ਨੂੰ ਹੋਰ ਭਖਣ ਲਾਇਆ। ਰੇਨੂੰ ਨਈਅਰ, ਕੁਲਵਿੰਦਰ ਕੌਰ ਕੰਵਲ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਡਾ.ਸ਼ਮਸ਼ੇਰ ਮੋਹੀ ਦੀਆਂ ਕਵਿਤਾਵਾਂ ਨੂੰ ਇਸ ਕਵੀ ਦਰਬਾਰ ਨੂੰ ਸਿਖ਼ਰਾਂ ਤੇ ਪਹੁੰਚਾਇਆ। ਵਿਜੇ ਵਿਵੇਕ, ਹਰਮੀਤ ਵਿਦਿਆਰਥੀ,ਡਾ.ਜਗਵਿੰਦਰ ਜੋਧਾ, ਰਣਜੀਤ ਸਰਾਂਵਾਲੀ, ਤਰਸੇਮ ਨੂਰ, ਅਨਿਲ ਆਦਮ, ਪ੍ਰੋ: ਜਸਪਾਲ ਘਈ ਵਰਗੇ ਨਾਮਵਰ ਸ਼ਾਇਰਾਂ ਨੇ ਧੰਨ-ਧੰਨ ਕਰਵਾਈ ਕਿ ਸਰੋਤੇ ਅਸ਼-ਅਸ਼ ਕਰ ਉੱਠੇ। ਅੰਤ ‘ਚ ਪ੍ਰੋ.ਗੁਰਭਜਨ ਗਿੱਲ ਨੇ ਕਵੀ ਦਰਬਾਰ ਨੂੰ ਖੂਬਸੂਰਤ ਮੁਕਾਮ ਤੇ ਸੰਪੂਰਨ ਕਰ ਦਿੱਤਾ।
ਇਸ ਮੌਕੇ ਪ੍ਰੋ.ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਮੈਨੂੰ ਇਸ ਗੱਲ ਦੀ ਤੱਸਲੀ ਹੈ ਕਿ ਨਵੀਂ ਪੰਜਾਬੀ ਸ਼ਾਇਰੀ ਪੰਜਾਬੀ ਕਵਿਤਾ ਨੂੰ ਨਵੇਂ ਦਿਸਹੱਦੇ ਬਖਸ਼ ਰਹੀ ਹੈ। ਡਾ.ਰਾਜ ਬਹਾਦਰ ਵਾਈਸ ਚਾਂਸਲਰ ਨੇ ਕਵੀ ਦਰਬਾਰ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਫ਼ੋਰਮ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਕਿਹਾ ਕਿ ਇਹ ਕਵੀ ਦਰਬਾਰ ਲੰਮਾ ਸਮਾਂ ਸਭ ਤੇ ਚੇਤਿਆਂ ‘ਚ ਵਸਿਆ ਰਹੇਗਾ। ਅੰਤ ‘ਚ ਨਿਰੋਮਹੀ ਫ਼ਰੀਦਕੋਟ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਲੁਧਿਆਣਾ ਤੋਂ ਆਏ ਪੰਜਾਬੀ ਕਵੀ ਮਨਜਿੰਦਰ ਧਨੋਆ ਨੇ ਆਪਣਾ ਗ਼ਜ਼ਲ ਸੰਗ੍ਰਹਿ ਸੁਰਮ ਸਲਾਈ ਡਾ: ਜਸਪਾਲ ਸਿੰਘ ਜੀ ਨੂੰ ਭੇਂਟ ਕੀਤੀ।
ਇਸ ਮੌਕੇ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ, ਸੁਭਾਸ਼ ਚੰਦਰ ਸਕੱਤਰ ਰੈੱਡ ਕਰਾਸ ਸ਼ਾਖਾ ਫ਼ਰੀਦਕੋਟ, ਮਹਿੰਦਰਪਾਲ ਨਾਰੰਗ ਪੀ.ਏ.ਟੂ ਡਿਪਟੀ ਕਮਿਸ਼ਨਰ ਫ਼ਰੀਦਕੋਟ, ਕਰਨਲ ਬਲਬੀਰ ਸਿੰਘ ਸਰਾਂ,ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਕੁਲਵਿੰਦਰ ਕੰਵਲ, ਗੁਰਚਰਨ ਸਿੰਘ ਭੰਗੜਾ ਕੋਚ, ਤੇਜੀ ਜੌੜਾ, ਵਰਿੰਦਰ ਸਿੰਘ ਔਲਖ,ਗੁਰਿੰਦਰ ਕੌਰ ਮਾਨ ,ਜਸਬੀਰ ਸਿੰਘ ਜੱਸੀ ਮੰਚ ਸੰਚਾਲਕ, ਰਾਜਪਾਲ ਸਿੰਘ ਸੰਧੂ, ਸੁਰਿੰਦਰ ਕੁਮਾਰ ਗੁਪਤਾ, ਅਮਰ ਸ਼ਰਮਾ ਮੈਨੇਜਰ ਗੁਰੂ ਤੇਗ ਬਹਾਦਰ ਮਿਸ਼ਨ ਸੀ.ਸੈ.ਸਕੂਲ ਫ਼ਰੀਦਕੋਟ, ਪ੍ਰਿੰ.ਗੁਰਦੀਪ ਸਿੰਘ ਢੁੱਡੀ, ਰਤਨ ਸਿੰਘ ਰਾਈਕਾ, ਖੁਸ਼ਵੰਤ ਬਰਗਾੜੀ, ਗੁਰਮੀਤ ਕੜਿਆਲਵੀ,ਗਾਇਕ ਦਿਲਬਾਗ ਚਹਿਲ, ਪ੍ਰੀਤ ਜੱਗੀ, ਜਗਤਾਰ ਸਿੰਘ ਸੋਖੀ, ਕਰਨਜੀਤ ਦਰਦ ਸਮੇਤ ਸਾਹਿਤ ਪ੍ਰੇਮੀ ਵੱਡੀ ਗਿਣਤੀ ‘ਚ ਹਾਜ਼ਰ ਸਨ।