ਪੰਜਾਬ ਕਲਾ ਪਰਿਸ਼ਦ ਨੇ ਕਰਵਾਇਆ ਵਾਰਿਸ ਸ਼ਾਹ ਯਾਦਗਾਰੀ ਸਮਾਗਮ
ਚੰਡੀਗੜ੍ਹ- 19 ਨਵੰਬਰ 2022 - ਮਹਾਨ ਸ਼ਾਇਰ ਵਾਰਿਸ ਸ਼ਾਹ ਦੀ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਇਕ ਵਿਸ਼ੇਸ਼ ਸਾਹਿਤਕ ਸਮਾਗਮ ਪੰਜਾਬ ਕਲਾ ਭਵਨ ਵਿਖੇ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਸਮਾਰੋਹ ਵਿਚ ਆਏ ਸਰੋਤਿਆਂ ਤੇ ਕਲਾਕਾਰਾਂ ਤੇ ਪਾਠਕਾਂ ਨੂੰ ਜੀਓ ਆਇਆ ਆਖਦਿਆਂ ਵਾਰਿਸ ਸ਼ਾਹ ਦੇ ਜੀਵਨ ਤੇ ਉਨਾਂ ਦੁਆਰਾ ਰਚਿਤ ਹੀਰ ਦੀ ਮੌਜੂਦਾ ਸਮੇਂ ਵਿਚ ਮਹੱਤਤਾ ਬਾਰੇ ਚਾਨਣਾ ਵੀ ਪਾਇਆ। ਸਮਾਗਮ ਵਿਚ ਪੁੱਜੇ ਸਵਰਗੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਚੇਲੇ ਗਾਇਕ ਕੁਲਦੀਪ ਸਿੰਘ ਲਾਇਲਪੁਰੀ ਨੇ ਵਾਰਿਸ ਦੀ ਹੀਰ ਦੇ ਬੰਦ ਸੁਣਾ ਕੇ ਯਮਲਾ ਜੱਟ ਦੀ ਗਾਇਨ ਸ਼ੈਲੀ ਦਾ ਰੰਗ ਪੇਸ਼ ਕੀਤਾ।
ਸਮਾਗਮ ਵਿਚ ਵਾਰਿਸ ਸ਼ਾਹ ਬਾਰੇ ਮੁਖ ਭਾਸ਼ਨ ਉਘੇ ਵਿਦਵਾਨ ਆਲੋਚਕ ਡਾ ਤੇਜਵੰਤ ਸਿੰਘ ਗਿੱਲ ਨੇ ਦਿੱਤਾ। ਉਨਾਂ ਵਾਰਿਸ ਸ਼ਾਹ ਦੀ ਹੀਰ ਦੀ ਸਿਰਜਣਾ ਦਾ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਤਰੋ ਤਾਜਾ ਰਹਿਣ ਪਿਛੇ ਸਿਰਜਕ ਵਾਰਿਸ ਸ਼ਾਹ ਦੀ ਕਾਵਿ ਕਲਾ ਦੀ ਦੀ ਵਡਿਆਈ ਕੀਤੀ। ਡਾ ਗਿੱਲ ਨੇ ਹੀਰ ਦੇ ਨਾਲ ਰਾਂਝੇ ਦੇ ਜੀਵਨ ਨਾਲ ਜੁੜੇ ਅਹਿਮ ਤੱਥ ਪੇਸ਼ ਕੀਤੇ। ਗਾਇਕ ਗੁਰਿੰਦਰ ਗੈਰੀ ਨੇ ਵਾਰਿਸ ਦੀ ਹੀਰ ਦੀ ਵੰਨਗੀ ਪੇਸ਼ ਕਰਕੇ ਵਾਹ ਵਾਹ ਖੱਟੀ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਵਾਰਿਸ ਸ਼ਾਹ ਕਦੇ ਪਾਠਕਾਂ ਦੇ ਮਨੋ ਵਿਸਰਿਆ ਨਹੀਂ। ਲੋਕ ਗਾਇਕਾਂ ਨੇ ਹੀਰ ਗਾਕੇ ਹੀਰ ਨੂੰ ਤਾਂ ਅਮਰ ਕੀਤਾ ਹੀ ਹੈ ਪਰ ਵਾਰਿਸ ਸ਼ਾਹ ਵੀ ਅਮਰ ਹੈ। ਬੁਲਾਰਿਆਂ ਤੇ ਕਲਾਕਾਰਾਂ ਨੂੰ ਪਰਿਸ਼ਦ ਵਲੋਂ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਧੰਨਵਾਦ ਕਰਨ ਦੀ ਰਸਮ ਵਿਚ ਆਖਿਆ ਕਿ ਅੱਜ ਵਾਰਿਸ ਸ਼ਾਹ ਦੋਵੇਂ ਪੰਜਾਬਾਂ ਦਾ ਸਾਂਝਾ ਸ਼ਾਇਰ ਸੀ। ਉਸਨੂੰ ਚੇਤੇ ਕਰਨਾ ਪੰਜਾਬੀ ਦੀ ਮਹਾਨ ਕਿੱਸਾਕਾਰੀ ਨੂੰ ਸਿਜਦਾ ਕਰਨਾ ਹੈ। ਮੰਚ ਸੰਚਾਲਨ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਰੌਚਕਤਾ ਨਾਲ ਕੀਤਾ। ਇਸ ਸਮਾਰੋਹ ਵਿਚ ਜਿਲਾ ਭਾਸ਼ਾ ਅਫਸਰ ਡਾ ਦਵਿੰਦਰ ਬੋਹਾ,ਇਸ਼ਟਦੇਵ ਸਿੰਘ, ਹਰਪ੍ਰੀਤ ਚਨੂੰ, ਸਰਦਾਰਾ ਚੀਮਾ, ਸੀਰਾ ਮਾਨ, ਕ੍ਰਿਸ਼ਨ ਸਿੰਗਲਾ ਰੰਜੀਵਨ ਸਿੰਘ ਸਮੇਤ ਉਘੀਆਂ ਹਸਤੀਆਂ ਹਾਜਰ ਰਹੀਆਂ।