'ਨਾ ਪੁੱਤ ਲੜ੍ਹੀਦਾ ਨਹੀਂ
ਲੜਾਈ ਨਾਲ ਘਰ ਖ਼ੁਰਦੇ ਨੇ'
ਮਾਂ ਕਿਹਾ ਕਰਦੀ ਸੀ-
ਲੜਾਈ ਹੋਵੇ ਜਾਂ ਜੰਗ
ਕਿਸੇ ਦੀ ਕਦੇ ਮਦਦ ਨਹੀਂ ਕਰਦੇ
ਨਾ ਹੀ ਕਿਸੇ ਦੀ ਇਸ 'ਚ ਕਦੇ ਜਿੱਤ ਹੁੰਦੀ ਹੈ
ਸਾਰੇ ਹੀ ਆਪਣਾ ਆਪ ਗੁਆ ਬਹਿੰਦੇ ਹਨ-
ਜੰਗ ਕਦੇ ਵੀ ਮਨੁੱਖਤਾ ਦੇ ਦੁੱਖਾਂ ਦਾ ਹੱਲ ਨਹੀਂ ਬਣੀ
ਸਿਆਸੀ ਸਤਰੰਜ ਦੀਆਂ ਭਿਆਨਕ ਚਾਲਾਂ ਨੇ ਇਹ ਜੰਗ
ਜੰਗ ਦੇ ਭਾਂਬੜ ਕਦੇ ਘਰ ਨਹੀਂ ਸਜਾਉਂਦੇ
ਜੰਗ ਚੋਂ ਕਦੇ ਵਾਪਿਸ ਘਰੀਂ ਸੁੱਖ ਨਹੀਂ ਆਉਂਦੇ
ਮੋਦੀ ਵਿਦੇਸ਼ ਚ ਜਾਂ ਕਿਸੇ ਬੰਕਰ ਵਿੱਚ ਜਾ ਬੈਠੇਗਾ
ਪੰਜਾਬ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਵੇਗਾ-
ਸਰਹੱਦ ਨੇੜਲੇ ਪਿੰਡਾਂ ਨੂੰ
ਖ਼ਾਲੀ ਕਰਨ ਦੇ ਹੁਕਮ ਸੁਣਾ ਦਿੱਤੇ ਗਏ ਹਨ
ਕਿਸਾਨਾਂ ਦੇ ਪੱਕਣ ਨੇੜੇ ਆਏ ਝੋਨੇ ਦੀਆਂ ਮਹਿਕਾਂ ਨੂੰ
ਫੌਜ ਦੇ ਟੈਂਕਾਂ ਨੇ ਲਤਾੜ ਸੁੱਟਣਾ ਹੈ
ਲੋਕ ਘਰੋਂ ਬੇਘਰ ਹੋ ਜਾਣਗੇ
ਸਿੱਖ ਪਲਟਣਾਂ ਨੂੰ ਅੱਗੇ ਲਾ ਦਿੱਤਾ ਹੈ -ਭਾਰਤੀ ਫੌਜ ਨੇ
ਕਿੰਨੀਆਂ ਮਾਵਾਂ ਦੇ ਪੁੱਤ, ਸੁਹਾਗਣਾਂ ਦੇ ਸੁਹਾਗ,
ਕਿੰਨੀਆਂ ਭੈਣਾ ਦੇ ਭਰਾ ਤੇ ਕਿੰਨੇ ਬੱਚਿਆਂ ਦੇ ਬਾਪ,
ਇਸ ਜੰਗ ਨੇ ਖੋਹਣੇ ਹਨ, ਕੋਈ ਅੰਦਾਜ਼ਾ ਨਹੀਂ ਲਾ ਸਕੇਗਾ
ਜੰਗ ਨੇ ਪੰਜਾਬ ਦੀ ਹਰ ਖੇਤਰ 'ਚ ਤਬਾਹੀ ਕਰਨੀ ਹੈ
ਆਰਿਥਕ ਤੌਰ ਤੇ ਪਹਿਲਾਂ ਹੀ ਤਬਾਹ ਹੋ ਚੁੱਕਾ ਹੈ ਪੰਜਾਬ
ਰਹਿੰਦੀ-ਖੂੰਹਦੀ ਆਰਥਿਕਤਾ ਜੰਗ ਦੇ ਭੇਟ ਚੜ੍ਹ ਜਾਵੇਗੀ
ਜੰਗ ਚ ਇਨਸਾਨੀਅਤ ਮਰ ਜਾਂਦੀ ਹੈ
ਘਰ ਪਰਿਵਾਰ ਤਬਾਹ ਹੋ ਜਾਂਦੇ ਹਨ
ਲੋਕ ਘਰੋਂ ਬੇਘਰ ਹੋ ਜਾਣ-ਜਵਾਨ ਟੁਰ ਜਾਣ
ਘਰ ਵਿਧਵਾ ਹੋ ਜਾਣ
ਬੱਚੇ ਅਨਾਥ ਹੋ ਜਾਣ -ਪਿਉ ਗੁਆਚ ਜਾਂਦੇ ਹਨ ਜੰਗ ਚ -
ਸੁਰੱਖਿਆ ਗੁਆਚ ਜਾਂਦੀ ਹੈ ਅਰਸ਼ਾਂ ਚੋਂ
ਅਣਕਹੇ ਦੁੱਖ ਲੱਗ ਜਾਂਦੇ ਹਨ ਉਡੀਕਾਂ ਨੂੰ-
ਜਾਓ ਜੰਗ ਨੂੰ ਦਰਾਂ ਤੋਂ ਬਾਹਰ ਛੱਡ ਕੇ ਆਓ
ਘਰਾਂ ਚ ਨਾ ਵੜ੍ਹ ਜਾਵੇ ਕਿੱਧਰੇ ਬੂਹੇ ਖੋਲ੍ਹ ਕੇ
ਤਬਾਹੀ ਹੋਈ ਤਾਂ ਮੇਰੇ ਬੱਚੇ ਬਾਪੂਆਂ ਨੂੰ ਤਰਸਣਗੇ
ਮਨੁੱਖ ਤੇ ਮਨੁੱਖਤਾ ਸਦਾ- ਜੰਗ ਦੀ ਖ਼ੁਰਾਕ
ਸੰਸਦ ਸਦਾ ਜੰਗ ਤੋਂ ਦੂਰ ਬਹਿੰਦੀ ਹੈ
ਤੇ ਜੰਗ ਬਾਰੇ ਸੌ 2 ਗੱਲਾਂ ਕਹਿੰਦੀ ਹੈ-
ਉਹਨਾਂ ਦੇ ਪਰਿਵਾਰ ਬੱਚੇ ਔਰਤਾਂ ਸੁਰੱਖਿਅਤ
ਸਾਡੇ ਘਰਾਂ, ਚੁੱਲ੍ਹਿਆਂ 'ਚ ਘਾਹ-
ਜੇ ਕਿਤੇ ਪਰਮਾਣੂ ਜੰਗ ਲੱਗ ਗਈ
ਕਿਤੇ ਵੀ ਮਨੁੱਖਤਾ ਨਹੀਂ ਦਿਸਣੀ-
ਜੰਗ ਚ ਫਿਰ ਪੰਜਾਬ ਨੇ ਹੀ
ਗੁਆਉਣੇ ਨੇ ਆਪਣੇ ਘਰ ਤੇ ਸ਼ਹਿਰ
ਉਜਾੜੇ ਪੈ ਜਾਣਗੇ ਦਰਾਂ ਬੂਹਿਆਂ ਤੇ
ਜੇ ਇਨਸਾਨੀਅਤ ਮਰ ਗਈ
ਤਾਂ ਦਿਨ ਰਾਤ ਨਹੀਂ ਰਹਿਣੇ-
ਸੂਰਜ ਚੰਨ ਛੁਪ ਜਾਣਗੇ-
ਰਹਿਣ ਦਿਓ ਇਸ ਨੇਕ ਦੇਸ ਭਗਤੀ ਨੂੰ ਦੂਰ
ਤੇ ਹਾਕਮਾਂ ਦੇ ਪਰਿਵਾਰ ਦਿੱਲੀ ਤੇ ਇਸਲਾਮਾਬਾਦ 'ਚ ਬੈਠੇ
ਕਸ਼ਮੀਰ ਤੇ ਪੰਜਾਬ ਦੀ ਖੂਬਸੂਰਤੀ
ਮਜਦੂਰੀ ਤੇ ਕਿਸਾਨੀ ਦੇ ਹੱਥ ਦੀਆਂ ਲਕੀਰਾਂ ਮਿਟ ਜਾਣਗੀਆਂ
ਦੁਨੀਆਂ ਵਾਲਿਓ-ਜੰਗ ਕਦੇ ਵੀ ਜਾਇਜ਼ ਨਹੀਂ ਹੋਈ
ਸਰਹੱਦਾਂ ਤੇ ਸੰਤਾਪ ਵਿਲਕੇਗਾ
ਪੰਜਾਬੀਅਤ ਫਿਰ ਮੂਹਰੇ ਹੋ 2 ਮਰੇਗੀ-
ਬੱਚੇ ਜੰਗ ਨਹੀਂ ਅਮਨ ਮੰਗਦੇ ਨੇ-
ਦੂਰ ਲੈ ਜਾਓ ਜੰਗੀ ਜ਼ਹਾਜ਼ਾਂ ਦੀਆਂ ਡਾਰਾਂ
ਤੇ ਮੀਜ਼ਾਈਲਾਂ ਸਾਥੋਂ
ਜੰਗ ਚ ਆਮ ਲੋਕਾਂ ਦਾ ਹੀ ਘਾਣ ਹੁੰਦਾ ਹੈ
ਤਬਾਹੀ ਪਿੰਡਾਂ ਦੇ ਨਕਸ਼ ਖਾ ਜਾਂਦੀ ਹੈ-
ਕਦੇ ਉੱਜੜ੍ਹੇ ਘਰਾਂ ਦੀ ਤਸਵੀਰ ਦੇਖਿਓ
ਜ਼ਰਾ ਪਸ਼ੂਆਂ ਤੇ ਫਸਲਾਂ ਦੀ ਬਰਬਾਦੀ ਵੱਲ ਤੱਕਿਓ-
ਇਹਨਾਂ ਸਟਾਲਿਨਾਂ ਨੂੰ ਚੁੱਪ ਕਰਾਓ
ਮੋਦੀ ਦੇ ਸੂਟ ਦਾ ਕੁਝ ਨਹੀਂ ਜਾਣਾ
ਸ਼ਰੀਫ਼ ਦੀ ਹਿੱਕ ਤੇ ਆਂਚ ਨਹੀਂ ਆਉਣੀ-
ਮੇਰੀ ਦੁਨੀਆਂ ਬਰਬਾਦ ਹੋ ਜਾਵੇਗੀ-
ਤਬਾਹ ਹੋ ਜਾਣਗੇ ਮੇਰੇ ਚੰਦ ਸਿਤਾਰੇ-
ਖੇਤਾਂ ਚ ਝੋਨਾ ਤੇ ਕਪਾਹਾਂ ਰੋਣਗੀਆ
ਸਭ ਤੋਂ ਵੱਧ ਪੰਜਾਬ ਰੁਲੇਗਾ-
ਜਪਾਨ ਵੱਲ ਦੇਖ ਲਓ ਇੱਕ ਵਾਰ-
ਜੰਗ ਦੇ ਬੱਦਲ ਗੂੜੇ ਹੋਏ ਫਿਰਦੇ ਹਨ
ਜੰਗ ਦਾ ਸੇਕ
ਪੰਜਾਬ ਦੇ ਲੋਕਾਂ ਤੱਕ ਪਹੁੰਚ ਗਿਆ ਹੈ-
ਕਾਰਗਿਲ ਦੀ ਜੰਗ ਨੇ
ਤਬਾਹੀ ਪੰਜਾਬ ਤੇ ਸਿੱਖਾਂ ਦੀ ਹੀ ਕੀਤੀ ਸੀ
ਹੁਣ ਵੀ ਪੰਜਾਬ ਦੀ ਧਰਤੀ ਨੇ ਹੀ
ਇਸ ਜੰਗ ਦਾ ਅਖਾੜਾ ਬਣਨਾ ਹੈ -
ਫਿਰ ਗੜ੍ਹੀ ਚੋਂ ਤੋਰੇ ਜਾਣਗੇ ਸਜਾ 2 ਕੇ ਪੁੱਤ
ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਵਾਲਿਓ
ਕਰੋੜਾਂ ਬੋਲ ਨਹੀਂ ਰਹਿਣੇ-
ਤੇ ਜੋ ਬਚੇ ਬਿਮਾਰੀਆਂ ਤੇ ਭੁੱਖਮਰੀ ਨੇ ਡੀਕ ਲੈਣੇ ਨੇ-
ਦਹਾਕਿਆਂ ਤੱਕ ਫ਼ਸਲ ਨਹੀਂ ਦਿਸੇਗੀ ਧਰਤ ਤੇ-
ਬੱਚੇ ਜੇ ਪੈਦਾ ਹੋਏ ਤਾਂ
ਲੂਲੇ ਲੰਗੜੇ ਸੁਪਨੇ ਹੋਣਗੇ ਉਹਨਾਂ ਦੇ ਗਲੀਂ-
ਹਥਿਆਰਾਂ ਦੇ ਸੌਦਾਗਰ
ਜੰਗ ਨੂੰ ਵਿਸ਼ਵ ਯੁੱਧ 'ਚ ਬਦਲਣ ਦੀ ਕੋਝੀ ਸਾਜ਼ਿਸ਼ ਕਰਨਗੇ
ਜ਼ਾਲਮੋਂ -ਜੰਗ ਨੇ ਕਿਸੇ ਮਸਲੇ ਦਾ ਹੱਲ
ਦਰਾਂ ਤੇ ਲੈ ਕੇ ਨਹੀਂ ਆAੇਣਾ-
ਜੰਗ ਤਬਾਹੀ ਦਾ ਹੀ ਦੂਜਾ ਨਾਂ ਹੁੰਦੀ ਹੈ
ਹਿੰਦ-ਪਾਕਿ ਦੀ ਸ਼ੈਤਾਨੀ ਹੀ ਹੈ ਇਹ ਜੰਗ ਦੀ ਇਬਾਰਤ
ਇਹ ਜੰਗ ਨਹੀਂ-
ਤਬਾਹੀ ਲਿੱਖੀ ਜਾ ਰਹੀ ਹੈ ਪੰਜਾਬ ਦੀ
ਖੇਤਾਂ ਫ਼ਸਲਾਂ ਦੇ ਸ਼ਬਾਬ ਦੀ
ਮੇਰੇ ਬੱਚਿਆਂ ਦੇ ਪਲਕਾਂ ਤੇ ਆਏ ਨਵੇਂ ਖ਼ਾਬ ਦੀ
ਨਾਨਕ ਦੇ ਸ਼ਬਦ ਤੇ ਰਬਾਬ ਦੀ