ਲੁਧਿਆਣਾ, 04 ਅਗਸਤ 2020 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਅਤੇ ਕਵੀ, ਚਿੰਤਕ ਪ੍ਰੋ. ਰਾਕੇਸ਼ ਰਮਨ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋ. ਰਮਨ ਉੱਘੇ ਕਵੀ, ਨਾਟਕਕਾਰ, ਵਾਰਤਕ ਲੇਖਕ ਸਨ। ਉਹ ਅੱਸੀਵਿਆਂ ਵਿਚ ਆਪਣੇ ਪਲੇਠੇ। ਕਾਵਿ ਸੰਗ੍ਰਹਿ 'ਮੋਰਚੇ ਤੋਂ ਬਾਹਰ' ਦੀਆਂ ਨਜ਼ਮਾਂ ਨਾਲ ਚਰਚਾ ਵਿਚ ਆਏ ਸਨ।
ਉਨ੍ਹਾਂ ਦੱਸਿਆ ਪ੍ਰੋ. ਰਮਨ ਨੇ ਸਰਕਾਰੀ ਕਾਲਜ ਢੁੱਡੀਕੇ ਅਤ ਸਰਕਾਰੀ ਸਾਇੰਸ ਕਾਲਜ ਜਗਰਾਉਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ। ਕੁਝ ਦਿਨਾਂ ਤੋਂ ਬਿਮਾਰੀ ਕਾਰਨ ਸਦੀਵੀ ਪ੍ਰੋ. ਰਮਨ ਵਿਛੋੜਾ ਦੇ ਗਏ। ਉਨ੍ਹਾਂ ਕਿਹਾ ਅਸੀਂ ਬਹੁਤ ਸੰਭਾਵਨਾਵਾਂ ਵਾਲੇ ਚੇਤਨ ਲੇਖਕ ਤੋਂ ਵਾਂਝੇ ਹੋ ਗਏ ਹਾਂ।
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਪ੍ਰੋ. ਰਾਕੇਸ਼ ਰਮਨ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋ. ਰਾਕੇਸ਼ ਰਮਨ ਨੇ ਸੱਤ ਕਾਵਿ ਸੰਗ੍ਰਹਿ, ਦੋ ਨਾਟਕ, ਇਕ ਕਹਾਣੀ ਸੰਗ੍ਰਹਿ ਅਤੇ ਇਕ ਮੁਲਾਕਾਤਾਂ ਦੀ ਕਿਤਾਬ 'ਸੰਵਾਦ ਦੇ ਪਲ' ਸੰਪਾਦਿਤ ਕੀਤੀ। ਉਨ੍ਹਾਂ ਦਸਿਆ 'ਮੋਰਚੇ ਤੋਂ ਬਾਹਰ, ਬੂੰਦ ਬੂੰਦ ਬਰਸਾਤ, ਪੁਲਾਂ ਦੇ ਟੁੱਟ ਜਾਣ ਮਗਰੋਂ, ਤਾਲ, ਨਦੀ ਕਿਹਾ, ਪ੍ਰਾਬਲਮਮੈਨ ਅਤੇ ਹੱਦਾਂ ਟੱਪ ਆਏ ਜਰਵਾਣੇ ਉਨ੍ਹਾਂ ਦੇ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਰੰਗ ਮਜੀਠੀ ਉਸ ਦਾ ਕਹਾਣੀ ਸੰਗ੍ਰਹਿ ਹੈ। 'ਗਾਥਾ-ਇ-ਗਦਰ' ਗ਼ਦਰ ਲਹਿਰ ਬਾਰੇ ਲਿਖੇ ਉਸ ਦਾ ਨਾਟਕ ਹੈ । ਪ੍ਰੋ. ਰਮਨ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜੀਤ ਕੌਰ ਅੰਬਾਲਵੀ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਡਾ. ਸ਼ਰਨਜੀਤ ਕੌਰ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।