ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੋਪੜ ਵੱਲੋਂ ਲਾਇਬ੍ਰੇਰੀ ਦੀ ਮਹੱਤਤਾ ਸਬੰਧੀ ਗੋਸ਼ਟੀ ਕਰਵਾਈ ਗਈ
ਰੂਪਨਗਰ, 31 ਅਗਸਤ 2024: ਡਾਇਰੈਕਟਰ ਉਚੇਰੀ-ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਮਹੱਤਤਾ ਸਬੰਧੀ ਜਾਣੂ ਕਰਵਾਉਣ ਹਿੱਤ ਪ੍ਰਿੰਸੀਪਲ ਸ. ਜਤਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁੱਖੀ ਦੀ ਅਗਵਾਈ ਵਿੱਚ ' ਲਾਇਬ੍ਰੇਰੀ ਪੁਸਤਕ ਅਧਿਐਨ ਗੋਸਟੀ' ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਭਾਗ ਦੇ ਮੁੱਖੀ ਡਾ. ਸੁਖਜਿੰਦਰ ਕੌਰ ਨੇ ਸਭ ਦਾ ਸਵਾਗਤ ਕੀਤਾ ਅਤੇ ਇਸ ਪ੍ਰੋਗਰਾਮ ਦੀ ਅਗਵਾਈ ਲਈ ਪ੍ਰਿੰਸੀਪਲ ਜਤਿੰਦਰ ਸਿੰਘ ਦਾ ਧੰਨਵਾਦ ਕੀਤਾ।
ਪ੍ਰਿੰਸੀਪਲ ਜਤਿੰਦਰ ਸਿੰਘ ਨੇ ਸਰਕਾਰ ਦੀ ਲਾਇਬ੍ਰੇਰੀ ਨਾਲ ਵਿਦਿਆਰਥੀਆਂ ਦੀ ਸਾਂਝ ਪੁਆਉਣ ਲਈ ਉਲੀਕੇ ਇਸ ਪ੍ਰੋਗਰਾਮ ਨੂੰ ਇਕ ਸਾਰਥਕ ਕਦਮ ਦੱਸਿਆ ਅਤੇ ਕਿਹਾ ਕਿ ਜਿਹੜਾ ਵਿਦਿਆਰਥੀ ਪੁਸਤਕ ਨਾਲ ਸੰਵਾਦ ਰਚਾਵੇਗਾ ਉਸ ਲਈ ਹੋਰ ਕਿਸੇ ਦੋਸਤ ਦੀ ਜਰੂਰਤ ਨਹੀਂ ਹੋਵੇਗੀ ਅਤੇ ਸਫਲਤਾ ਕਦਮ ਚੁੰਮੇਗੀ। ਕੁਲਵੰਤ ਸਿੰਘ ਵਿਰਕ ਦੀਆਂ ਪੁਸਤਕਾਂ ਅਤੇ ਕਹਾਣੀਆਂ ਬਾਰੇ ਕੀਤੀ ਵਿਸ਼ੇਸ਼ ਚਰਚਾ ਦੌਰਾਨ ਡਾ. ਨਰਿੰਦਰ ਕੌਰ ਨੇ ਵਿਸਥਾਰ ਨਾਲ ਉਹਨਾਂ ਦੀ ਕਹਾਣੀ ਕਲਾ ਬਾਰੇ ਜਾਣਕਾਰੀ ਦਿੱਤੀ।
ਡਾ. ਜਗਜੀਵਨ ਸਿੰਘ ਨੇ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਵਿਸ਼ਾਗਤ ਅਧਿਐਨ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਪ੍ਰੋਫੈਸਰ ਉਪਦੇਸ਼ਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਜਤਿੰਦਰ ਕੁਮਾਰ ਨੇ ਕੀਤਾ।
ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋਫੈਸਰ ਮੀਨਾ ਕੁਮਾਰੀ, ਬਰਸਰ ਡਾ. ਦਲਵਿੰਦਰ ਸਿੰਘ, ਲੋਕ ਪ੍ਰਸ਼ਾਸਨ ਵਿਭਾਗ ਦੇ ਮੁੱਖੀ ਡਾ. ਨਿਰਮਲ ਸਿੰਘ, ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਅਰਵਿੰਦਰ ਕੌਰ ਪੰਜਾਬੀ ਵਿਭਾਗ ਦੇ ਸਮੂਹ ਪ੍ਰੋਫੈਸਰ ਅਤੇ ਬਹੁ ਗਿਣਤੀ ਵਿੱਚ ਸਾਹਿਤ ਦੇ ਵਿਦਿਆਰਥੀ ਹਾਜ਼ਰ ਸਨ।