'ਪੰਜਾਬੀ ਅਦਬ ਕਲਾ ਕੇਂਦਰ' ਮਲੇਰਕੋਟਲਾ ਅਤੇ ੳ ਅ ੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਵੱਲੋਂ ਸਾਹਿਤਕ ਸਮਾਗਮ
- ਦੋ ਸਾਂਝੇ ਕਾਵਿ ਸੰਗ੍ਰਹਿ ਲੋਕ ਅਰਪਨ ਸਮਾਗਮ ਤੇ ਕਵੀ ਦਰਬਾਰ ਅਪਣੀਆਂ ਯਾਦਗਾਰੀ ਤੇ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 7 ਮਈ 2023 - ਅੱਜ 'ਪੰਜਾਬੀ ਅਦਬ ਕਲਾ ਕੇਂਦਰ' ਮਾਲੇਰਕੋਟਲਾ ਅਤੇ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਵੱਲੋਂ ਸਾਂਝੇ ਤੌਰ 'ਤੇ ਸਫ਼ਲਤਾ ਪੂਰਵਕ ਸਾਹਿਤਿਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਨਵੀਆਂ ਕਲਮਾਂ ਨੂੰ ਸਹਿਯੋਗ ਅਤੇ ਹੱਲ੍ਹਾ ਸ਼ੇਰੀ ਦੇਣ ਦੇ ਮਕ਼ਸਦ ਨਾਲ-ਨਾਲ ਪੰਜਾਬੀ ਸ਼ਾਇਰੀ ਦੀਆਂ ਕਾਵਿਕ ਵੰਨਗੀਆਂ ਦੀ ਅਮੀਰੀ ਨੂੰ ਆਵਾਮ ਦੇ ਰੂਬਰੂ ਕਰਨਾ ਵੀ ਉਪਰੋਕਤ ਦੋਨਾਂ ਤਨਜ਼ੀਮਾਂ ਦਾ ਮਿਸ਼ਨ ਹੈ।
ਇਸ ਸਮਾਗਮ ਦਾ ਆਗ਼ਾਜ਼ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਤਲਬਾ ਵੱਲੋਂ ਸ਼ਬਦ ਗਾਇਨ ਨਾਲ ਹੋਇਆ। ਉਸ ਤੋਂ ਬਾਅਦ ਏਨਮ ਔਰ ਏਕਮ ਨੇ ਸ਼ਬਦ ਗਾਇਨ ਕੀਤਾ। ਇਹ ਸਮਾਗਮ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਸੈਮੀਨਾਰ ਹਾਲ 'ਚ ਰੱਖਿਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵੀ ਇਸੇ ਕਾਲਜ ਦੇ ਪ੍ਰਿੰਸੀਪਲ ਡਾ. ਕਮਲਪ੍ਰੀਤ ਕੌਰ ਸਾਹਿਬਾ ਸਨ। ਉਹਨਾਂ ਨੇ ਦੋਹਾਂ ਪੁਸਤਕਾਂ ਦੀ ਰੂ-ਨੁਮਾਈ (ਲੋਕ ਅਰਪਨ) ਦੀ ਰਸਮ ਅਦਾ ਕਰਨ ਉਪਰੰਤ ਅਪਣੇ ਕੁੰਜੀਵਤ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਦਾ ਨਾਂ ਸੁਣਦਿਆਂ ਹੀ ਨਵਾਬ-ਸ਼ੇਰ ਮੁਹੱਮਦ ਖ਼ਾਨ ਦੀ ਤਾਅਜ਼ੀਮ ਵਿਚ ਸਾਡਾ ਸਿਰ ਅਕੀਦਤ ਵਜੋਂ ਝੁਕ ਜਾਂਦਾ ਹੈ। ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਦੇ ਪ੍ਰਬੰਧਕ ਜਮੀਲ ਅਬਦਾਲੀ, ਅਤੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਪਰਮ 'ਪ੍ਰੀਤ' 'ਤੇ ਮਾਣ ਮਹਿਸੂਸ ਕਰਦਿਆਂ ਦੋਹਾਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਜਦੋਂ ਅਸੀਂ ਆਮ ਵਿਚਰ ਰਹੇ ਹੁੰਦੇ ਹਾਂ ਓਦੋਂ ਅਸੀਂ ਅਪਣੇ ਅਹੁਦਿਆਂ ਦੀਆਂ ਫੀਤੀਆਂ ਲਾਹ ਕੇ ਇੱਕ ਸਧਾਰਨ ਮਨੁੱਖ ਵਜੋਂ ਵਿਚਰੀਏ ਤਾਂ ਜੀਵਨ ਮਨੋਰੰਜਕ ਤੇ ਸੁਖਾਲਾ ਲਗਦਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਸਲਾਹੁਣਯੋਗ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਆਰਟ ਜ਼ਰੀਏ ਕਲਾਕਾਰ ਅਤੇ ਸਰੋਤਾ ਜ਼ਮੀਨ ਨਾਲ ਜੁੜਿਆ ਰਹਿੰਦਾ ਹੈ।
ਇਨ੍ਹਾਂ ਤੋਂ ਪਹਿਲਾਂ ਪਰਮ 'ਪ੍ਰੀਤ' ਨੇ ਆਏ ਮਹਿਮਾਨਾਂ ਦਾ ਇਸਤਕਬਾਲ ਕੀਤਾ। ਉਹਨਾਂ ਨੇ ਦੋਹਾਂ ਤਨਜ਼ੀਮਾਂ ਦੇ ਕੰਮ-ਢੰਗ ਬਾਰੇ ਰੌਸ਼ਨੀ ਪਾਈ। ਉਹਨਾਂ ਨੇ ਆਪਣੀ ਕਲਮ ਤੋਂ ਲਿਖੇ ਗੀਤ, ਗ਼ਜ਼ਲ, ਰੁਬਾਈ, ਬੋਲੀਆਂ ਅਤੇ ਮਾਡਰਨ ਟੱਪੇ ਬਾ-ਤਰੰਨੁਮ ਸੁਣਾਏ ਅਤੇ ਸੁਣ ਰਹੇ ਸਰੋਤਿਆਂ ਨੂੰ ਕੀਲ ਲਿਆ, ਖ਼ੂਬਸੂਰਤ ਕਲਮ ਅਤੇ ਸੁਰੀਲੀ ਆਵਾਜ਼ ਨੇ ਸਭ ਦਾ ਦਿਲ ਮੋਹ ਲਿਆ ਤੇ ਹਰ ਸਰੋਤਾ ਅਸ਼-ਅਸ਼ ਕਰ ਉੱਠਿਆ, ਵਿਭਿੰਨ ਕਾਵਿਕ ਵੰਨਗੀ ਪੇਸ਼ ਕਰਨ ਦਾ ਮਕ਼ਸਦ ਸਰੋਤਿਆਂ ਨੂੰ ਤਕਨੀਕ ਦੀ ਅਹਿਮੀਅਤ ਤੋਂ ਜਾਣੂ ਕਰਵਾਉਣਾ ਸੀ, ਜੋ ਸਫ਼ਲ ਰਿਹਾ ਹੈ।
ਇਸ ਮੌਕੇ ਲੋਕ ਅਰਪਨ ਹੋਈਆਂ ਦੋਨੋ ਕਿਤਾਬਾਂ ਬਾਰੇ ਦੱਸਦਿਆਂ ਪਰਮ ਪ੍ਰੀਤ ਨੇ ਦੱਸਿਆ ਕਿ 'ਚਾਨਣ ਰਿਸ਼ਮਾਂ' ਵਿੱਚ ਪੰਜਾਬ ਭਰ 'ਚੋਂ 43 ਕਵੀ ਕਵਿੱਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ' ਹਰਫ਼ਾਂ ਦਾ ਪਰਾਗਾ' ਵਿੱਚ ਪੂਰੇ ਲਹਿੰਦੇ ਪੰਜਾਬ ਸਮੇਤ 75 ਕਵੀ-ਕਵਿੱਤਰੀਆਂ ਨੂੰ ਸ਼ਾਮਿਲ ਕੀਤਾ ਹੈ ।
ਇਸ ਸਮਾਗਮ ਵਿੱਚ ਪ੍ਰਿੰਸੀਪਲ ਰਾਜਿੰਦਰ ਕੌਰ ਸਕੂਲ ਆਫ ਐਮੀਨੈਂਸ ਸ. ਸੀ. ਸੈ. ਸਕੂਲ (ਭੁੱਚੋ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਦਾਰਤੀ ਸਫ਼ 'ਤੇ ਬਿਰਾਜ਼ਮਾਨ ਨਵਨੀਤ ਕੁਮਾਰ ਹੈਡਮਾਸਟਰ ਸ. ਹਾ. ਸਕੂਲ ਮਲਕਾਣਾ, ਰਣਜੋਧ ਸਿੰਘ ਲੈਕਚਰਾਰ ਇਕਨਾਮਿਕਸ ਸ. ਸੀ. ਸੈ. ਸਕੂਲ ਗੋਬਿੰਦ ਪੁਰਾ, ਮਸ਼ਹੂਰ-ਓ-ਚਿੰਤਕ ਡਾ. ਖੁਸ਼ਨਸੀਬ ਗੁਰਬਖਸ਼ ਕੌਰ ਅਸਿਸਟੈਂਟ ਲੈਕਚਰਾਰ ਗੁਰੂ ਨਾਨਕ ਕਾਲਜ਼ ਕਿਲਿਆਂ ਵਾਲੀ, ਪ੍ਰਿੰ. ਬਲਵੀਰ ਸਿੰਘ ਸਨੇਹੀ ਪ੍ਰਧਾਨ ਹਾਉਸ ਆਫ ਹਿਊਮੈਨਿਟੀ ਵੈਲਫੇਅਰ ਚੈਰੀਟੇਬਲ ਟਰੱਸਟ ਬਠਿੰਡਾ, ਰੇਵਤੀ ਪ੍ਰਸ਼ਾਦ ਨੈਸ਼ਨਲ ਅਵਾਰਡੀ, ਦਰਸ਼ਨ ਸਿੰਘ ਚੱਠਾ ਸਨ।
ਉਪਰੋਕਤ ਦੋਨਾਂ ਕਿਤਾਬਾਂ ਅਤੇ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਨੂੰ ਉਚੇਚੇ ਤੌਰ ਤੇ ਉਸਤਾਦ ਸ਼ਾਇਰ ਜਨਾਬ ਜਮੀਲ ਅਬਦਾਲੀ ਜੀ ਦੀ ਸ਼ਫ਼ਕ਼ਤ ਭਰੀ ਮੁਹੱਬਤ ਦੇ ਜ਼ੇਰੇ ਨਜ਼ਰ ਉਹਨਾਂ ਦੀ ਮਾਰਗ ਦਰਸ਼ਨਾ ਦਾ ਸਹਿਯੋਗ ਪ੍ਰਾਪਤ ਰਿਹਾ। 'ਹਰਫ਼ਾਂ ਦਾ ਪਰਾਗਾ' ਪੰਜਾਬ ਦਾ ਅਜਿਹਾ ਪਲੇਠਾ ਸਾਂਝਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਇੰਨੀਂ ਵੱਡੀ ਗਿਣਤੀ ਵਿੱਚ ਕਵੀ ਅਤੇ ਕਵਿੱਤਰੀਆਂ ਨੂੰ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਹੋਇਆ ਹੈ । ਕਾਬਿਲੇ ਜ਼ਿਕਰ ਹੈ ਕਿ ਮਾਦਰੀ ਜ਼ੁਬਾਨ ਪੰਜਾਬੀ ਦੀ ਫਲਾਹੋ-ਬਹਿਬੂਦਗੀ ਅਤੇ ਪ੍ਰਚਾਰ, ਪ੍ਰਸਾਰ ਲਈ ਦੋਨੋਂ ਤਨਜ਼ੀਮਾਂ ਮੁਸ਼ਤਰਕਾ ਤੌਰ ''ਤੇ ਆਪਣੀਆਂ ਖ਼ਿਦਮਾਤ ਅੰਜਾਮ ਦੇ ਰਹੀਆਂ ਹਨ ।
ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਖਸੂਸਨ ਤਕਨੀਕੀ ਪੱਖ ''ਤੇ ਤਵੱਜੋ ਦੇ ਕੇ ਪੰਜਾਬੀ ਸ਼ਾਇਰੀ ਦੀਆਂ ਕਾਵਿਕ ਵੰਨਗੀਆਂ ਨੂੰ ਵਿਸਥਾਰ ਦੇ ਰਿਹਾ ਹੈ। ਇਹਨਾਂ ਸਾਂਝੇ ਕਾਵਿ ਸੰਗ੍ਰਹਿਆਂ ਦੀ ਰੂ-ਨੁਮਾਈ ਉਪਰੰਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਦੇ ਕੋਨੇ ਕੋਨੇ 'ਚੋਂ 75 ਕਵੀ-ਕਵਿੱਤਰੀਆਂ ਨੇ ਵਿਭਿੰਨ ਕਾਵਿਕ ਵੰਨਗੀਆਂ ਨੂੰ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕਰਕੇ ਖ਼ੂਬ ਰੰਗ ਬੰਨਿਆ। ਸਦਾਰਤੀ ਸਫ਼ ਵਿੱਚ ਸ਼ਾਮਲ ਅਦਬੀ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਦੋਨਾਂ ਤਨਜੀਮਾਂ ਦੇ ਪ੍ਰਬੰਧਕਾਂ ਨੂੰ ਇਸ ਸਫ਼ਲ ਸਮਾਗਮ ਲਈ ਵਧਾਈ ਦੇ ਪਾਤਰ ਦੱਸਿਆ।
ਚਿੰਤਕ ਤੇ ਅਲੋਚਕ ਡਾ.ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਨੇ ਦੋਨਾਂ ਪੁਸਤਕਾਂ ਲਈ 'ਤੇ ਚਾਨਣ ਪਾਉਂਦੇ ਅਪਣੇ ਆਲੋਚਨਾਤਮਕ ਵਿਚਾਰ ਪੇਸ਼ ਕੀਤੇ।
ਇਸ ਸਮਾਗਮ ਵਿੱਚ ਪੰਜਾਬ ਭਰ ਦੇ ਤੋਂ ਆਉਣ ਵਾਲੀਆਂ ਨਵੀਆਂ ਕਲਮਾਂ 'ਚ ਸ਼ੁਮਾਰ ਮਨਜੀਤ 'ਮੀਸ਼ਾ', ਅੰਜੂ ਬਾਲਾ 'ਤਬੱਸੁਮ', ਅਮਜੋਤ ਧਾਲੀਵਾਲ, ਸੀਮਾ ਰਾਣੀ, ਮਨਿੰਦਰ ਬੇਦੀ, ਗੁਰਤੇਜ ਖੁਡਾਲ, ਬੀ. ਐਸ. ਬੇਨਾਮ, ਦੀਪ ਗੁਰਦੀਪ, ਅਤੇ ਹੋਰ ਸਨ।
ਜਨਾਬ ਰੇਸ਼ਮ ਸਿੰਘ ਭਰੀ ਨੇ ਨਿਜ਼ਾਮਤ ਦੇ ਫ਼ਰਾਇਜ਼ ਅੰਜਾਮ ਦਿੱਤੇ। ਉਹਨਾਂ ਨੇਂ ਪੰਜਾਬੀ, ਉਰਦੂ ਦੇ ਲਬੋ-ਲਹਿਜ਼ੇ ਵਾਲੇ ਠੁੱਕਦਾਰ ਅਲਫ਼ਾਜ਼ ਅਤੇ ਸ਼ਾਇਰੀ ਦੇ ਖ਼ੂਬਸੂਰਤ ਮਿਸਰਿਆਂ ਨਾਲ ਇਸ ਸਮਾਗਮ ਨੂੰ ਰੌਚਿਕ ਬਣਾਈ ਰੱਖਿਆ। ਅਖ਼ੀਰ ਵਿੱਚ 'ਗੀਤਾਂ ਦਾ ਵਣਜਾਰਾ' ਫ਼ੇਮ ਤੇ ਅਵਾਮੀ ਉਸਤਾਦ ਸ਼ਾਇਰ ਜਮੀਲ 'ਅਬਦਾਲੀ' ਪ੍ਰਬੰਧਕ ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਨੇ ਕੇਂਦਰ ਦੇ ਮਿਸ਼ਨ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਆਪਣੀ ਖ਼ੂਬਸੂਰਤ ਗ਼ਜ਼ਲ, ਅਤੇ ਬਾ-ਤਰੰਨੁਮ ਗੀਤ ਨਾਲ ਉਪਰੰਤ ਇਸ ਸਮਾਗਮ ਦਾ ਇਖ਼ਤਦਾਮ ਕੀਤਾ।
ਪਰਮ 'ਪ੍ਰੀਤ' ਬਠਿੰਡਾ ਦੇ ਸ਼ੌਹਰ ਡਾ.ਗੁਰਸੇਵਕ ਸਿੰਘ ਬਾਘਾ ਨੇ ਅਪਣਾ ਅਣ-ਮੁੱਲਾ ਸਹਿਯੋਗ ਦੇ ਕੇ ਦੋਹਾਂ ਸੰਸਥਾਵਾਂ ਨੂੰ ਅਪਣਾ ਰਿਣੀ ਬਣਾਇਆ। ਇਸ ਸਮਾਗਮ ਵਿਚ ਉਕਤ ਕਾਲਜ਼ ਦੇ ਮਿਹਨਤੀ ਅਤੇ ਹੋਣਹਾਰ ਸਟਾਫ਼ ਮੈਂਬਰ ਡਾ. ਇੰਦਰਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ, ਪ੍ਰੋ. ਲੱਖਾ ਸਿੰਘ ਅਸਿਸਟੈਂਟ ਪ੍ਰੋਫੈਸਰ, ਪਰਮਿੰਦਰ ਸਿੰਘ ਅਤੇ ਸਰਬਜੀਤ ਕੌਰ ਵੀ ਸ਼ਾਮਲ ਸਨ। ਇਸ ਮੌਕੇ ਪਰਮ 'ਪ੍ਰੀਤ' ਦੇ ਪਰਿਵਾਇਕ ਮੈਂਬਰਾਨ ਵਿੱਚ ਮਾਤਾ ਜੀ ਗੁਰਮੇਲ ਕੌਰ ਨੇ ਫੁੱਲਕਾਰੀ ਦੇ ਕੇ ਅਪਣੇ ਅਸ਼ੀਰਵਾਦ ਦੀ ਸਨਦ ਬਖ਼ਸ਼ੀ। ਭੈਣਾਂ, ਜੀਜੇ ਤੇ ਭਾਣਜਿਆਂ ਨੇ ਖ਼ੂਬਸੂਰਤ ਤੋਹਫ਼ੇ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ।
ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਵੱਲੋਂ ਆਪਣੇ ਵਾਅਦੇ ਅਨੁਸਾਰ ਪੁਸਤਕ ਵਿਚ ਸ਼ਾਮਿਲ ਕਵੀਆਂ ਕਵਿੱਤਰੀਆਂ ਨੂੰ 'ਹਰਫ਼ਾਂ ਦਾ ਪਰਾਗਾ' ਦੀਆਂ ਤਿੰਨ -ਤਿੰਨ ਅਤੇ 'ਚਾਨਣ ਰਿਸ਼ਮਾਂ ' ਪੁਸਤਕ ਦੀਆਂ ਛੇ-ਛੇ ਕਾਪੀਆਂ ਦਿੱਤੀਆਂ ਗਈਆਂ । ਅੰਤ ਵਿੱਚ ਸਨਮਾਨ ਚਿੰਨ੍ਹ ਅਤੇ ਖ਼ੂਬਸੂਰਤ ਸਰਟੀਫਿਕੇਟਾਂ ਨਾਲ ਸਾਰੇ ਮਹਿਮਾਨਾਂ ਅਤੇ ਕਵੀਆਂ-ਕਵਿੱਤਰੀਆਂ ਦਾ ਸਨਮਾਨ ਕੀਤਾ ਗਿਆ। ਇਸ ਤਰ੍ਹਾਂ ਇਹ ਦੋ ਸਾਂਝੇ ਕਾਵਿ ਸੰਗ੍ਰਹਿ ਲੋਕ ਅਰਪਨ ਸਮਾਗਮ ਅਤੇ ਕਵੀ ਦਰਬਾਰ ਅਪਣੀਆਂ ਯਾਦਗਾਰੀ ਤੇ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ।