← ਪਿਛੇ ਪਰਤੋ
ਲੰਡਨ, 26 ਅਗਸਤ, 2016 : ਬਰਤਾਨੀਆ 'ਚ ਪੰਜਾਬੀ ਭਾਸ਼ਾ ਚੇਤਨਾ ਬੋਰਡ ਬਰਤਾਨੀਆ ਦੇ ਡਾਈਰੈਕਟਰ ਹਰਮੀਤ ਸਿੰਘ ਭੱਕਨਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਇਹ ਕਿਸੇ ਇਕੱਲੇ ਵਿਅਕਤੀ ਦੀ ਨਹੀਂ ਸਗੋਂ ਬਰਤਾਨੀਆ ਤੇ ਵਿਸ਼ਵ ਦੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ 2001 ਦੀ ਬਰਤਾਨੀਆ ਜਨਗਣਨਾ ਵੇਲੇ ਪੰਜਾਬੀ ਭਾਸ਼ਾ ਬਰਤਾਨੀਆ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦੂਸਰੀ ਭਾਸ਼ਾ ਸੀ ਜੋ ਕਿ 2011 ਦੀ ਬਰਤਾਨੀਆ ਜਨਗਣਨਾ ਵੇਲੇ ਘੱਟ ਕੇ ਤੀਸਰੇ ਸਥਾਨ 'ਤੇ ਚਲੀ ਗਈ | ਉਨ੍ਹਾਂ ਕਿਹਾ ਕਿ 2021 'ਚ ਹੋਣ ਵਾਲੀ ਬਰਤਾਨੀਆ ਜਨਗਣਨਾ ਵੇਲੇ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਦੂਸਰੇ ਸਥਾਨ 'ਤੇ ਲਿਆਉਣ ਲਈ ਹਰ ਹੀਲਾ ਵਰਤਿਆ ਜਾਵੇਗਾ | ਦੱਸਣਯੋਗ ਹੈ ਕਿ ਪਿਛਲੇ 7 ਸਾਲਾ ਤੋਂ ਪੰਜਾਬੀ ਜੀ.ਸੀ.ਐਸ.ਈ. 'ਤੇ ਪੰਜਾਬੀ ਏ ਲੈਵਲ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੀ ਲਗਾਤਾਰ ਘੱਟ ਦੀ ਗਿਣਤੀ ਕਰਕੇ ਬਰਤਾਨੀਆ ਸਰਕਾਰ ਨੇ 2017 ਤੋਂ ਪੰਜਾਬੀ ਏ ਲੈਵਲ ਬੰਦ ਕਰਨ ਦਾ ਫੈਸਲਾ ਮਾਰਚ 2015 ਨੂੰ ਲਿਆ ਸੀ | ਜਿਸ ਕਰਕੇ ਬਰਤਾਨੀਆ ਦੇ ਪੰਜਾਬੀ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਵਿਸ਼ਾਲ ਮੁਹਿੰਮ ਚਲਾਈ ਗਈ | ਜਿਸ ਸਦਕਾ ਪੰਜਾਬੀ ਭਾਸ਼ਾ ਦੀ ਬਰਤਾਨੀਆ 'ਚ ਪੜ੍ਹਾਈ 'ਤੇ ਪਾਬੰਦੀ ਲਾਉਣ ਵਾਲਾ ਮਾਰਚ 2015 ਵਾਲਾ ਫੈਸਲਾ ਬਰਤਾਨੀਆ ਸਰਕਾਰ ਨੂੰ ਵਾਪਸ ਲੈਣਾ ਪਿਆ | ਪਰ ਬਰਤਾਨੀਆ ਦੇ ਪੰਜਾਬੀ ਭਾਈਚਾਰੇ 'ਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ 18 ਤੇ 25 ਅਗਸਤ ਦੇ ਆਏ ਨਤੀਜਿਆਂ 'ਚ ਪੰਜਾਬੀ ਭਾਸ਼ਾ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਹੋ ਗਿਆ ਜੋ ਕਿ 2008 ਤੋਂ ਬਾਅਦ ਲਗਾਤਾਰ ਘਟਦਾ ਜਾ ਰਿਹਾ ਸੀ |
Total Responses : 267