ਉਸ ਦੇ ਜਾਣ ਤੋਂ ਬਾਅਦ
ਇੰਜ਼ ਹੋਇਆ
ਕਿ ਧਰਤ ਨਹੀਂ ਸੀ ਪੈਰਾਂ ਹੇਠ
ਅਸਮਾਨ ਦੀ ਚਾਦਰ ਪਾਟ ਗਈ ਹੋਵੇ
ਜਿਵੇਂ ਕੁਝ ਅੰਦਰੋਂ ਟੁੱਟ ਗਿਆ ਹੋਵੇ
ਸਾਹ ਕੋਈ ਲੈ ਗਿਆ ਹੋਵੇ-ਚੁਰਾ ਕੇ
ਰੁੱਖ ਦੀ ਡਾਲੀ
ਜਿਵੇਂ 'ਕੱਲੀ ਕੰਬਦੀ ਰਹਿ ਜਾਂਦੀ ਹੈ-
ਕਿਸੇ ਪੰਛੀ ਦੇ ਉੱਡ ਜਾਣ ਬਾਅਦ
ਫੁੱਲ ਝੜ੍ਹ ਜਾਣ ਡੋਡੀਆਂ ਕਿਰ ਜਾਣ ਮਹਿਕਦੀਆਂ
ਪੱਤਿਆਂ ਨੂੰ ਨਜ਼ਰ ਲੱਗ ਜਾਵੇ ਕਿਸੇ ਪੱਤਝੜ੍ਹ ਦੀ-
ਰਾਤਾਂ ਹੋ ਜਾਣ ਸੁੰਨ੍ਹੀਆਂ
ਮਹਿਫ਼ਿਲਾਂ ਉੱਜੜ ਜਾਣ ਸਦਾ ਲਈ
ਬੁਝ ਜਾਣ ਸਾਰੇ ਝਨਾਂ੍ਹ ਦੇ ਦੀਵੇ
ਖੁਰ ਜਾਣ ਜਿਵੇਂ ਦਰਿਆਵਾਂ 'ਚ ਘੜੇ
ਡੁੱਬ ਜਾਣ ਜਿਵੇਂ ਤਰਦੀਆਂ ਇਸ਼ਕ ਕਹਾਣੀਆਂ
ਤੇਰੇ ਜਾਣ ਤੋਂ ਬਾਅਦ ਹੋਇਆ ਇਹ ਸੱਭ ਕੁਝ
ਚੰਨ ਨਾ ਆਇਆ
ਚਾਨਣੀ ਨਾਲ ਖੇਡਣ ਓਸ ਰਾਤ
ਤਾਰੇ ਬੁਝ ਗਏ ਅਸਮਾਨ ਤੋਂ ਸਾਰੇ
ਓਸ ਦਿਨ ਤੋਂ ਬਾਅਦ
ਸੂਰਜ ਨਹੀਂ ਸੀ ਵੜ੍ਹਿਆ ਸਾਡੇ ਬੂਹੇ
ਪਿੰਡ ਦੀਆਂ ਜੂਹਾਂ ਵਿਲਕਦੀਆਂ ਰਹੀਆਂ
ਅਜੇ ਤਾਂ ਦਰਾਂ ਨੂੰ
ਚੜੇ ਚਾਅ ਵੀ ਨਹੀਂ ਸਨ ਲੱਥੇ
ਵੰਗਾਂ ਵੀ ਨਹੀਂ ਸਨ ਛਣਕੀਆਂ
ਓਦਣ ਏਦਾਂ ਹੋਇਆ
ਤੇਰੇ ਜਾਣ ਤੋਂ ਬਾਅਦ
ਸਰੀਂਹ ਦੇ ਪੱਤੇ ਕਿਰ ਗਏ ਬੰਨ੍ਹੇ
ਉਦਰੇਵੇਂ 'ਚ ਗਲੀਆਂ ਮੁੜ ਗਈਆਂ ਬੂਹੇ ਤੋਂ
ਮੁਕਲਾਵੇ ਵਰਗੀਆਂ ਰੀਝਾਂ
ਜਿਵੇਂ ਭੁਰ ਗਈਆਂ ਹੋਣ
ਮਹਿੰਦੀ ਵਰਗੇ ਦਿਨ
ਜਿਵੇਂ ਰੁੜ੍ਹ ਗਏ ਹੋਣ-
ਵਟਣੇ ਮਲੀਆਂ ਬਾਹਾਂ ਜਿਵੇਂ ਭੱਜ ਗਈਆਂ ਹੋਣ-
ਤੂੰ ਚਲੀ ਗਈ ਤਾਂ ਇਹ ਹੋਇਆ-
ਖਿੜ੍ਹੇ ਅਨਾਰ ਦੀਆਂ ਟਹਿਣੀਆਂ ਟੁੱਟ ਗਈਆਂ
ਆਲ੍ਹਣਿਆਂ 'ਚੋਂ ਬੋਟ ਡਿਗ ਕੇ ਮਰ ਗਏ
ਖਿੜ੍ਹੀਆਂ ਅਮਲਤਾਸਾਂ ਮੁਰਝਾ ਗਈਆਂ
ਨੀਲੀਆਂ ਗੁਲਮੋਰਾਂ੍ਹ ਤੇ ਫੁੱਲ ਨਹੀਂ ਸਨ ਖਿੜ੍ਹੇ
ਤੇਰੇ ਜਾਣ ਤੋਂ ਬਾਅਦ-
ਗਲੀਆਂ ਚ ਮਾਤਮ ਛਾ ਗਿਆ ਸੀ ਓਦਣ
ਘਰਾਂ ਚ ਦੀਵੇ ਨਹੀਂ ਸਨ ਬਲੇ
ਕਿਸੇ ਨੇ ਟੁੱਕ ਨਹੀਂ ਸੀ ਲਾਇਆ ਮੂੰਹ ਨੂੰ
ਮੇਲਿਆਂ ਚੋਂ ਰੌਣਕਾਂ ਮਰ ਗਈਆਂ ਸਨ
ਰਾਹ ਸੁੰਨ੍ਹੇ ਹੋ ਗਏ ਸਨ ਓਸ ਦਿਨ
ਓਦਣ ਦੇ ਓਦਰੇ ਦਿਨ ਚੜ੍ਹਦੇ ਹਨ
ਧੁੱਪ ਜੇ ਆਵੇ ਤਾਂ ਹੱਸਦੀ ਨਹੀਂ ਆਉਂਦੀ
ਕਲੀਆਂ ਚੋਂ ਖੁਸ਼ਬੂ ਮਰ ਗਈ ਹੈ
ਗੁਲਾਬਾਂ ਦੇ ਰੰਗ ਫਿੱਕੇ ਪੈ ਗਏ ਹਨ
ਕੋਇਲਾਂ ਨੂੰ ਗੀਤ ਭੁੱਲ ਗਏ ਹਨ-
ਮੋਰਾਂ ਨੂੰ ਪੈਲਾਂ ਨਹੀਂ ਆਉਂਦੀਆਂ ਪਾਉਣੀਆਂ
ਉਦਾਸ ਹੋ ਗਏ ਹਨ ਮੇਰੇ ਘੁੱਗੀਆਂ ਕਬੂਤਰ
ਚਿੜ੍ਹੀਆਂ ਚੋਗਾ ਚੁਗਣ ਨਹੀਂ ਗਈਆਂ
ਤਰਿੰਝਣਾਂ ਚ ਓਦਣ ਦਾ ਕੋਈ ਨਹੀਂ ਵੜ੍ਹਿਆ
ਚਰਖਿਆਂ 'ਚ ਘੂਕਰ ਨਹੀਂ ਰਹੀ-
ਤੂੰ ਜੇ ਨਾ ਜਾਂਦੀ ਤਾਂ
ਬੰਸਰੀ ਦੇ ਸੁਰ ਨਹੀਂ ਸਨ ਮਰਨੇ
ਕਿਸੇ ਅੱਖ ਨੇ ਹੰਝੂ ਨਹੀਂ ਸਨ ਚੋਣੇ
ਕਿੱਲੀਆਂ ਤੇ ਵੈਰਾਗ ਨਹੀਂ ਸਨ ਟੰਗੇ ਦਿਸਣੇ
ਫ਼ਰੇਮਾਂ ਚ ਹੱਸਦੀਆਂ ਰਹਿਣਾ ਸੀ ਤਸਵੀਰਾਂ ਨੇ
ਤੇ ਉਹਨਾਂ ਦੀਆਂ ਲੰਬੀਆਂ ਤਕਦੀਰਾਂ ਨੇ-
ਕਿੰਨਾ ਕੁ ਚਿਰ
ਮੈਂ ਸਮੇਂ ਨੂੰ ਦਿੰਦਾ ਰਹਾਂ ਤਸੱਲੀਆਂ
ਕਿੰਨਾ ਕੁ ਚਿਰ ਫ਼ੜ ਕੇ ਰੱਖ ਲਾਂ
ਫ਼ਰ ਫ਼ਰਾਂਦੇ ਬੋਟਾਂ ਨੂੰ
ਡੁੱਬਦੇ ਸੂਰਜਾਂ ਨੂੰ
ਟੁੱਟਦੇ ਤਾਰਿਆਂ ਨੂੰ-
ਓਦਣ ਦੀ ਬੂਹੇ ਬਾਰੀਆਂ ਨੂੰ ਨੀਂਦ ਨਹੀਂ ਆਈ
ਛੱਤਾਂ ਚੋਂਦੀਆਂ ਨੇ ਰੋਂਦੀਆਂ
ਫੁੱਲ ਪੱਤੀਆਂ ਪਲ ਭਰ ਵੀ ਨਾ ਹੱਸ ਕੇ ਮਹਿਕੀਆਂ-
ਇਹ ਸੱਭ ਕੁਝ ਹੋਇਆ ਤੇਰੇ ਜਾਣ ਤੋਂ ਬਾਅਦ
-----------
-ਡਾ. ਅਮਰਜੀਤ ਟਾਂਡਾ ,ਆਸਟਰੇਲੀਆ
Ph = 02 9682 3030 Mob; 0417271147